ਮੀਂਹ ਤੋਂ ਬਿਨਾਂ ਗੁਬਾਰ ਤੋਂ ਛੁਟਕਾਰਾ ਨਹੀਂ, ਸਾਹ ਲੈਣਾ ਹੋਇਆ ਮੁਸ਼ਕਲ

Saturday, Jun 16, 2018 - 07:11 AM (IST)

ਮੀਂਹ ਤੋਂ ਬਿਨਾਂ ਗੁਬਾਰ ਤੋਂ ਛੁਟਕਾਰਾ ਨਹੀਂ, ਸਾਹ ਲੈਣਾ ਹੋਇਆ ਮੁਸ਼ਕਲ

ਰਨਾਲਾ(ਵਿਵੇਕ ਸਿੰਧਵਾਨੀ, ਰਵੀ)–ਸ਼ਹਿਰ ਤੇ ਆਲੇ-ਦੁਆਲੇ ਦੇ ਲੋਕਾਂ ਲਈ  ਚੈਨ ਦਾ  ਸਾਹ ਲੈਣਾ ਮੁਸ਼ਕਲ ਹੋ ਗਿਆ ਹੈ। ਦਿਨ-ਬ-ਦਿਨ ਵਧਦੀ ਜਾ ਰਹੀ ਗਰਮੀ ਕਾਰਨ  ਜਿਥੇ ਲੋਕ ਜਾਗ ਕੇ ਰਾਤਾਂ  ਕੱਟਣ  ਲਈ ਮਜਬੂਰ ਹੋ ਗਏ ਹਨ ਉਥੇ ਦਿਨ  ਵੇਲੇ  ਵੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਤਾਪਮਾਨ ’ਚ ਵਾਧਾ ਹੋਇਆ ਹੈ। ਲੂ  ਚੱਲਣ ਨਾਲ ਘੱਟੋ ਘੱਟ ਤਾਪਮਾਨ ਵੀ 30 ਡਿਗਰੀ ਤੱਕ ਪੁੱਜ ਗਿਆ ਹੈ। ਜ਼ਿਲੇ ਦੀ ਹਵਾ ਜ਼ਹਿਰੀਲੀ ਹੋ ਚੁੱਕੀ ਹੈ ਤੇ ਪ੍ਰਦੂਸ਼ਣ ਦਾ ਪੱਧਰ ਕਈ ਗੁਣਾ ਤੱਕ ਵਧ ਗਿਆ ਹੈ। ਸ਼ੁੱਕਰਵਾਰ  ਨੂੰ ਬਰਨਾਲੇ ਦਾ ਏਅਰ ਕੁਆਲਿਟੀ ਇੰਡੈਕਸ 300 ਰਿਹਾ। ਏਅਰ ਕੁਆਲਿਟੀ ਇੰਡੈਕਸ ਤੋਂ ਪਤਾ ਲੱਗਦਾ ਹੈ ਕਿ ਅੱਜ ਹਵਾ ਵਿਚ ਕਿੰਨਾ ਪ੍ਰਦੂਸ਼ਣ ਸੀ। ਜੇਕਰ ਏਅਰ ਕੁਆਲਿਟੀ ਇੰਡੈਕਸ 0 ਤੋਂ 50 ਦੇ ਵਿਚਕਾਰ ਹੋਵੇ ਤਾਂ ਬਹੁਤ ਚੰਗਾ ਮੰਨਿਆ ਜਾਂਦਾ ਹੈ। ਇਸ ਦੇ 50 ਤੋਂ 100 ਦੇ ਵਿਚਕਾਰ ਹੋਣ ’ਤੇ ਇਸ ਨੂੰ ਚੰਗਾ ਮੰਨਿਆ ਜਾਂਦਾ ਹੈ ਜਦੋਂਕਿ 201 ਤੋਂ 300 ਤੱਕ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) ਨੂੰ ਬਹੁਤ ਜ਼ਿਆਦਾ ਪ੍ਰਦੂਸ਼ਿਤ ਮੰਨਿਆ ਜਾਂਦਾ ਹੈ ਤੇ ਅਜਿਹੇ ਵਿਚ ਬੱਚਿਆਂ, ਬਜ਼ੁਰਗਾਂ ਤੇ ਬੀਮਾਰ  ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਹਵਾ ਵਿਚ ਧੂਡ਼ ਦੇ ਕਣ ਉਡ ਰਹੇ ਹਨ, ਜਿਸ ਕਾਰਨ ਆਸਮਾਨ ’ਚ ਗੁਬਾਰ ਦਿਖਾਈ ਦੇ ਰਿਹਾ ਹੈ। ਇਸ ਧੂਡ਼-ਮਿੱਟੀ ਤੋਂ ਲੋਕਾਂ ਨੂੰ ਸੋਮਵਾਰ ਤੱਕ ਨਿਜਾਤ ਮਿਲਣ ਦੀ ਆਸ ਹੈ। ਆਉਣ ਵਾਲੇ ਦਿਨਾਂ ਵਿਚ ਚਾਹੇ ਤਾਪਮਾਨ ਵਿਚ ਥੋਡ਼੍ਹੀ ਕਮੀ ਜ਼ਰੂਰ ਆਵੇਗੀ ਪਰ ਇਸ ਧੂਡ਼ ਤੋਂ ਛੁਟਕਾਰਾ ਮੀਂਹ ਮਗਰੋਂ ਹੀ ਸੰਭਵ ਹੋਵੇਗਾ। ਮੌਸਮ ਦੇ ਵਿਗਡ਼ੇ ਤੇਵਰਾਂ ਤੋਂ ਅੱਜ ਵੀ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ ਤੇ ਆਸਮਾਨ  ਧੂਡ਼ ਦੀ ਚਾਦਰ  ’ਚ  ਲਿਪਟਿਆ  ਰਿਹਾ ਅਤੇ ਤੇਜ਼ ਹਵਾ  ਨਾਲ ਉਡਦੀ ਧੂਡ਼ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਰਹੀ। ਇਸ ਧੂਡ਼ ਦਾ ਅਸਰ ਜਨ ਜੀਵਨ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।  ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਬਜ਼ੁਰਗਾਂ, ਬੀਮਾਰਾਂ ਤੇ ਬੱਚਿਆਂ  ਨੂੰ ਆ ਰਹੀ ਹੈ। ਧੂਡ਼ ਕਾਰਨ ਦਮਾ ਤੇ ਟੀ ਬੀ ਦੇ ਮਰੀਜ਼ਾਂ ਨੂੰ ਸਾਹ ਲੈਣ ’ਚ ਜ਼ਿਆਦਾ ਦਿੱਕਤ ਹੋ ਰਹੀ ਹੈ। 
 


Related News