ਦੀਵਾਲੀ ਮੌਕੇ ਮਠਿਆਈ ਨਾਲੋਂ ਲੋਕਾਂ ਦਾ ਰੁਝਾਨ ਡਰਾਈ ਫਰੂਟ ''ਤੇ ਮੁਰੱਬਿਆਂ ਵੱਲ ਜ਼ਿਆਦਾ
Thursday, Nov 05, 2026 - 04:43 PM (IST)
ਤਲਵੰਡੀ ਭਾਈ (ਪਾਲ) : ਦੀਵਾਲੀ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਹਮੇਸ਼ਾ ਰੰਗ-ਬਿਰੰਗੀਆਂ ਮਠਿਆਈਆਂ ਵੇਚਣ ਵਾਲੇ ਦੁਕਾਨਦਾਰਾਂ ਦੇ ਚਿਹਰੇ ਖਿੜੇ ਰਹਿੰਦੇ ਹਨ, ਪਰ ਇਸ ਵਾਰ ਅਜਿਹਾ ਨਹੀਂ ਹੈ ਕਿਉਂਕਿ ਮਠਿਆਈ 'ਚ ਮਿਲਾਵਟ ਦੇ ਮਾਮਲਿਆਂ ਅਤੇ ਕੀਮਤਾਂ 'ਚ ਆਈ ਤੇਜ਼ੀ ਕਾਰਨ ਗਾਹਕਾਂ ਦਾ ਰੁਝਾਨ ਹੁਣ ਮਠਿਆਈ ਨਾਲੋਂ ਫਲ ਫਰੂਟ, ਡਰਾਈ-ਫਰੂਟ ਅਤੇ ਬੰਦ ਪੈਕਿੰਗ ਮੁਰੱਬਿਆਂ ਵੱਲ ਹੋ ਗਿਆ ਹੈ। ਇਸ ਸਬੰਧ 'ਚ ਵੱਖ-ਵੱਖ ਦੁਕਾਨਦਾਰਾਂ ਤੋਂ ਸਮਾਨ ਖਰੀਦ ਰਹੇ ਗਾਹਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮਠਿਆਈ ਬਨਾਉਣ 'ਚ ਡਿਟਰਜੈਂਟ ਪਾਊਡਰ, ਯੂਰੀਆ, ਤੇਜ਼ਾਬ, ਤੇਜ਼ ਕੈਮੀਕਲਾਂ ਵਾਲੇ ਰੰਗ, ਮਿਲਾਵਟੀ ਖੋਆ ਅਤੇ ਮਹੀਨਾ ਪਹਿਲਾਂ ਹੀ ਤਿਆਰ ਕਰਕੇ ਰੱਖੀਆਂ ਬਾਸੀਆਂ ਹੋ ਚੁੱਕੀਆਂ ਮਠਿਆਈਆਂ ਦੇ ਰੂਪ ਵਿਚ ਮਿੱਠੇ ਜ਼ਹਿਰ ਦੀਆਂ ਖ਼ਬਰਾਂ ਆਮ ਹੀ ਪ੍ਰਕਾਸ਼ਿਤ ਹੋਣ ਨਾਲ ਹੁਣ ਲੋਕ ਮਠਿਆਈਆਂ ਖਰੀਦਣ ਤੋਂ ਕੰਨੀ ਕਤਰਾਉਣ ਲੱਗੇ ਹਨ।
ਜ਼ਿਕਰਯੋਗ ਹੈ ਕਿ ਜ਼ਿਆਦਾਤਰ ਲੋਕ ਆਪਣੇ ਸਾਕ-ਸਬੰਧੀਆਂ ਅਤੇ ਹੋਰ ਥਾਈਂ ਗਿਫਟ ਵਗੈਰਾ ਵੰਡਣ ਲਈ ਮਠਿਆਈ ਦੀ ਬਜਾਏ ਡਰਾਈ ਫਰੂਟ ਅਤੇ ਮੁਰੱਬਿਆਂ ਦੇ ਡੱਬੇ ਖਰੀਦ ਰਹੇ ਹਲ। ਇਸ ਤੋਂ ਇਲਾਵਾ ਸਰਦੇ ਪੁੱਜਦੇ ਬਹੁਤੇ ਲੋਕ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਹੋਣ ਕਾਰਨ ਵੀ ਮਿੱਠੇ ਤੋਂ ਦੂਰ ਹੀ ਰਹਿਣਾ ਪਸੰਦ ਕਰਦੇ ਹਨ। ਰਹੀ ਗਰੀਬ ਲੋਕਾਂ ਦੀ ਗੱਲ ਅੰਤਾਂ ਦੀ ਵੱਧਦੀ ਜਾ ਰਹੀ ਮਹਿੰਗਾਈ ਕਾਰਨ ਦੁੱਧ, ਘਿਉ, ਖੰਡ, ਰਿਫਾਇੰਡ ਆਦਿ ਦੀਆਂ ਕੀਮਤਾਂ ਅਸਮਾਨੀ ਛੂਹਣ ਕਾਰਨ ਮਠਿਆਈ ਮਹਿੰਗੇ ਭਾਅ ਖਰੀਦਣੀ ਗਰੀਬ ਅਤੇ ਆਮ ਵਿਅਕਤੀ ਦੇ ਵੱਸੋਂ ਵੈਸੇ ਹੀ ਬਾਹਰ ਹੁੰਦੀ ਜਾ ਰਹੀ ਹੈ। ਇਸ ਲਈ ਜਿਹੜੇ ਲੋਕ ਮਠਿਆਈ ਖਾ ਕੇ ਹਜ਼ਮ ਕਰ ਸਕਦੇ ਹਨ। ਉਨ੍ਹਾਂ ਨੂੰ ਤਾਂ ਮਹਿੰਗਾਈ ਮਾਰ ਰਹੀ ਹੈ ਅਤੇ ਜਿਹੜੇ ਵਿਅਕਤੀ ਮਹਿੰਗਾਈ ਦੀ ਪਰਵਾਹ ਕੀਤੇ ਬਗੈਰ ਸਭ ਕੁੱਝ ਮਠਿਆਈਆਂ ਖਰੀਦ ਸਕਦੇ ਹਨ, ਉਨ੍ਹਾਂ ਨੂੰ ਚਿੰਬੜੀਆਂ ਸ਼ੂਗਰ, ਬੀ.ਪੀ. ਤੇ ਹਾਰਟ ਵਗੈਰਾ ਦੀਆਂ ਬੀਮਾਰੀਆਂ ਪੇਸ਼ ਨਹੀਂ ਹੋਣ ਦੇ ਰਹੀਆਂ। ਇਸ ਲਈ ਕਿਸੇ ਨੂੰ ਮਹਿੰਗਾਈ ’ਤੇ ਕਿਸੇ ਨੂੰ ਮਨਾਹੀ ਮਠਿਆਈਆਂ ਤੋਂ ਦੂਰ ਲੈ ਜਾਂਦੀ ਨਜ਼ਰੀ ਪੈ ਰਹੀ ਹੈ।
