ਰੇਲਵਨ ਐਪ ਦੇ ਪ੍ਰਚਾਰ-ਪ੍ਰਸਾਰ ਲਈ ਰੇਲਵੇ ਸਟੇਸ਼ਨ ’ਤੇ ਬਣਾਇਆ ਸੈਲਫੀ ਪੁਆਇੰਟ
Wednesday, Apr 15, 2026 - 09:03 PM (IST)
ਲੁਧਿਆਣਾ, ਜੈਤੋ (ਗੌਤਮ, ਪਰਾਸ਼ਰ) - ਰੇਲਵੇ ਯਾਤਰੀਆਂ ਲਈ ਡਿਜੀਟਲ ਸੇਵਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਯਾਤਰੀਆਂ ਨੂੰ ਆਧੁਨਿਕ ਸਹੂਲਤਾਂ ਨਾਲ ਜੋੜਨ ਲਈ ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-1 ’ਚ ‘ਰੇਲਵਨ ਐਪ’ ਦੇ ਪ੍ਰਚਾਰ-ਪ੍ਰਸਾਰ ਲਈ ਵਿਸ਼ੇਸ਼ ਸੈਲਫੀ ਪੁਆਇੰਟ ਸਥਾਪਿਤ ਕੀਤਾ ਗਿਆ ਹੈ।
ਇਸ ਪਹਿਲਕਦਮੀ ਰਾਹੀਂ ਯਾਤਰੀਆਂ ਨੂੰ ਰੇਲਵਨ ਐਪ ਦੀਆਂ ਵੱਖ-ਵੱਖ ਸਹੂਲਤਾਂ-ਜਿਵੇਂ ਕਿ ਟਿਕਟ ਬੁਕਿੰਗ, ਟ੍ਰੇਨ ਸਬੰਧੀ ਜਾਣਕਾਰੀ, ਸ਼ਿਕਾਇਤਾਂ ਦਾ ਨਿਵਾਰਨ ਅਤੇ ਹੋਰ ਡਿਜੀਟਲ ਸੇਵਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਹ ਸੈਲਫੀ ਪੁਆਇੰਟ ਯਾਤਰੀਆਂ ਲਈ ਖਿੱਚ ਦਾ ਕੇਂਦਰ ਬਣ ਰਿਹਾ ਹੈ, ਜਿੱਥੇ ਯਾਤਰੀ ਫ਼ੋਟੋਆਂ ਖਿਚਵਾ ਕੇ ਐਪ ਪ੍ਰਤੀ ਆਪਣੀ ਦਿਲਚਸਪੀ ਦਿਖਾ ਰਹੇ ਹਨ।
ਇਹ ਜਾਣਕਾਰੀ ਦਿੰਦੇ ਹੋਏ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਫਿਰੋਜ਼ਪੁਰ ਡਿਵੀਜ਼ਨ ਦਾ ਉਦੇਸ਼ ਡਿਜੀਟਲ ਇੰਡੀਆ ਅੰਦੋਲਨ ਨੂੰ ਹੋਰ ਯਾਤਰੀਆਂ ਨੂੰ ਰੇਲਵਨ ਐਪ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਕੇ ਅਤੇ ਉਨ੍ਹਾਂ ਦੀ ਯਾਤਰਾ ਨੂੰ ਹੋਰ ਸਰਲ, ਸੁਰੱਖਿਅਤ ਅਤੇ ਸੁਵਿਧਾਜਨਕ ਬਣਾ ਕੇ ਸਸ਼ਕਤ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਯਾਤਰੀਆਂ ਦੇ ਸਮੇਂ ਦੀ ਬੱਚਤ ਹੋਵੇਗੀ ਅਤੇ ਕੰਮ ਪ੍ਰਣਾਲੀ ’ਚ ਪਾਰਦਰਸ਼ਤਾ ਆਵੇਗੀ। ਵਿਭਾਗ ਵੱਲੋਂ ਇਸ ਐਪ ਪ੍ਰਤੀ ਰੇਲ ਯਾਤਰੀਆਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
