ਫ਼ਿਰੋਜ਼ਪੁਰ ’ਚ ਕਿਸਾਨਾਂ ਨੇ ਮੱਲੀਆਂ ਰੇਲਵੇ ਪਟੜੀਆਂ, ਮਾਲਗੱਡੀ ਦੀਆਂ ਵੀ ਲਵਾਈਆਂ ਬਰੇਕਾਂ
Friday, Mar 26, 2021 - 03:01 PM (IST)
ਫ਼ਿਰੋਜ਼ਪੁਰ (ਕੁਮਾਰ,ਹਰਚਰਨ. ਬਿੱਟੂ): ਕਿਸਾਨ ਮਜ਼ਦੂਰ ਸੰਘਰਸ਼ ਮੋਰਚੇ ਵਲੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਭਾਰਤ ਬੰਦ ਦੀ ਦਿੱਤੀ ਗਈ ਕਾਲ ’ਤੇ ਅੱਜ ਫ਼ਿਰੋਜ਼ਪੁਰ ਮੁਕੰਮਲ ਬੰਦ ਰਿਹਾ। ਸ਼ਹਿਰ ਅਤੇ ਛਾਉਣੀ ਦੇ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਰਹੇ ਅਤੇ ਸ਼ਹਿਰ ਦੇ ਸ਼ਹੀਦ ਉਧਮ ਸਿੰਘ ਚੌਕ, ਛਾਊਣੀ ਦੀ ਚੁੰਗੀ ਨੰਬਰ 7 ਅਤੇ ਵੱਖ-ਵੱਖ ਸ਼ਹਿਰਾਂ ਵਲੋਂ ਜਾਣ ਵਾਲੀਆਂ ਸੜਕਾਂ ਕਿਸਾਨ ਮਜ਼ਦੂਰਾਂ ਵਲੋਂ ਬਲਾਕ ਕਰ ਦਿੱਤੀਆਂ ਗਈਆਂ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਨੂੰ ਮਾਲਵਾ ’ਚ ਵੱਡਾ ਹੁੰਗਾਰਾ, ਤਸਵੀਰਾਂ ’ਚ ਦੇਖੋ ਕਿਵੇਂ ਸੜਕਾਂ ’ਤੇ ਪਸਰਿਆ ਸੰਨਾਟਾ
ਸਵੇਰ ਦੇ ਸਮੇਂ ਸਕੂਲਾਂ, ਕਾਲਜਾਂ ਦੇ ਅਧਿਆਪਕ ਬੈਂਕਾਂ ਦੇ ਕਰਮਚਾਰੀ ਅਤੇ ਹੋਰ ਸਰਕਾਰੀ ਦਫ਼ਤਰਾਂ ’ਚ ਜਾਣ ਵਾਲੇ ਲੋਕ ਪਰੇਸ਼ਾਨ ਹੁੰਦੇ ਨਜ਼ਰ ਆਏ। ਕਿਸਾਨਾਂ ਨੇ ਰੇਲਵੇ ਸਟੇਸ਼ਨ ਬਸਤੀ ਟੈਂਕਾਂ ਵਾਲੀ ਦੇ ਕੋਲ ਕੁਝ ਸਮੇਂ ਲਈ ਰੇਲਵੇ ਟਰੈਕ ਜਾਮ ਕੀਤਾ ਅਤੇ ਮਾਲਗੱਡੀ ਨੂੰ ਕੁੱਝ ਸਮੇਂ ਲਈ ਰੋਕਿਆ। ਸ਼ਹਿਰ ਦੇ ਮਾਲ ਰੋਡ ’ਤੇ ਸਥਿਤ ਖੁੱਲ੍ਹੇ ਹੋਏ ਡੋਮੀਨੋਜ਼ ਨੂੰ ਬੰਦ ਕਰਵਾਉਂਦੇ ਕਿਸਾਨ ਮਜ਼ਦੂਰਾਂ ਨੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ ਖੂਬ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ।
ਇਹ ਵੀ ਪੜ੍ਹੋ: ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਡੇਢ ਸਾਲ ਦੀ ਧੀ ਸਣੇ ਮਾਂ ਦੀ ਵੀ ਮੌਤ
ਇਸ ਹੜਤਾਲ ਦੇ ਕਾਰਨ ਫ਼ਿਰੋਜ਼ਪੁਰ ਦੀਆਂ ਸੜਕਾਂ ਸੁੰਨਸਾਨ ਰਹੀਆਂ ਅਤੇ ਬਾਜ਼ਾਰ ਸੁੰਨਸਾਨ ਰਹੇ। ਭਾਰਤ ਬੰਦ ਦੇ ਚੱਲਦੇ ਤਿਲਕ ਰਾਜ, ਆੜ੍ਹਤੀ ਪ੍ਰਧਾਨ ਅਤੇ ਅਮਰੀਕ ਸਿੰਘ ਬਰਾੜ ਦੀ ਅਗਵਾਈ ’ਚ ਆੜ੍ਹਤੀਆਂ ਨੇ ਮੀਟਿੰਗ ਕਰਦੇ ਹੋਏ ਕਿਸਾਨਾਂ ਦੇ ਸਮਰਥਨ ’ਚ ਮੁਕੰਮਲ ਹੜਤਾਲ ਕੀਤੀ ਅਤੇ ਮੰਡੀਆਂ ਨੂੰ ਬੰਦ ਰੱਖਿਆ ਗਿਆ। ਦੱਸ ਦੇਈਏ ਕਿ ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਪਾਸ ਕੀਤੇ ਬਿੱਲਾਂ ਨੂੰ ਲੈ ਕੇ ਜਿੱਥੇ ਕਿਸਾਨ ਜਥੇਬੰਦੀਆਂ ਅਤੇ ਕਿਸਾਨ 4 ਮਹੀਨੇ ਤੋਂ ਸੰਘਰਸ਼ ਕਰ ਰਹੇ ਹਨ ਉੱਥੇ ਮਜ਼ਦੂਰ ਅਤੇ ਦੁਕਾਨਦਾਰਾਂ ਵੀ ਇਸ ਸੰਘਰਸ਼ ਵਿਚ ਸ਼ਾਮਲ ਹੋ ਕੇ ਅਪਣਾ ਬਣਦਾ ਯੋਗਦਾਨ ਪਾ ਰਹੇ ਹਨ। 4 ਮਹੀਨੇ ਬੀਤਣ ਤੇ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੋਲਿਆ ਕੀਤਾ ਹੋਇਆ ਹੈ, ਉੱਥੇ ਕਿਸਾਨਾਂ ਦਾ ਸੰਘਰਸ਼ ਹੋਰ ਤੇਜ਼ ਹੁੰਦਾ ਦਿਖਾਈ ਦੇ ਰਿਹਾ ਹੈ, ਜਿੱਥੇ ਕਿਸਾਨਾਂ ਵਲੋ ਦਿੱਤੀ ਭਾਰਤ ਬੰਦ ਕਾਲ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ।
ਇਹ ਵੀ ਪੜ੍ਹੋ: ਗੰਗ ਕੈਨਾਲ ’ਚੋਂ ਮਿਲੀਆਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ, 2 ਬੱਚਿਆਂ ਦੀ ਮਾਂ ਸੀ ਪ੍ਰੇਮਿਕਾ