ਰੇਲਵੇ ਟਿਕਟ ਦਿਵਾਉਣ ਦੀ ਆੜ ''ਚ ਪ੍ਰਵਾਸੀ ਮਜ਼ਦੂਰਾਂ ਨਾਲ ਠੱਗੀ
Sunday, Jun 07, 2020 - 04:33 PM (IST)
ਲੁਧਿਆਣਾ (ਸਲੂਜਾ): ਆਪਣੇ ਸੂਬੇ ਬਿਹਾਰ ਜਾਣ ਲਈ ਕੁਝ ਪ੍ਰਵਾਸੀ ਮਜ਼ਦੂਰਾਂ ਨਾਲ ਰੇਲਵੇ ਟਿਕਟ ਦਿਵਾਉਣ ਦੀ ਆੜ 'ਚ ਸਮਾਜ ਵਿਰੋਧੀ ਅਨਸਰਾਂ ਵਲੋਂ ਠੱਗੀ ਮਾਰ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਇਸ ਸਮਾਚਾਰ ਨੂੰ ਇਕ ਟੀਵੀ ਚੈਨਲ ਤੇ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਦੇਖਿਆ ਤਾਂ ਉਹ ਉਸੇ ਸਮੇਂ ਆਪਣੇ ਸਾਥੀਆਂ ਨਾਲ ਸਥਾਨਕ ਜਗਰਾਓ ਪੁਲ ਤੇ ਪੁੱਜੇ। ਜਿੱੱਥੇ ਇਹ ਠੱਗੀ ਦਾ ਸ਼ਿਕਾਰ ਹੋਏ ਪ੍ਰਵਾਸੀ ਮਜ਼ਦੂਰ ਮਾਯੂਸ ਹੋ ਕੇ ਬੈਠੇ ਹੋਏ ਸਨ ਅਤੇ ਇਨ੍ਹਾਂ ਦੀਆਂ ਅੱਖਾਂ ਚੋਂ ਹੰਝੂ ਛਲਕ ਰਹੇ ਸਨ।
ਬਾਵਾ ਨੇ ਦੱਸਿਆ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਹੌਸਲਾ ਦਿੱਤਾ ਅਤੇ ਟਿਕਟਾਂ ਦੇ ਪੈਸੇ ਅਤੇ ਖਾਣ ਪੀਣ ਦਾ ਸਾਮਾਨ ਉਪਲੱਬਧ ਕਰਵਾਇਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਪੁਲਸ ਦੇ ਮੁਲਾਜ਼ਮ ਅਤੇ ਆਮ ਲੋਕ ਵੀ ਅੱਗੇ ਆਏ। ਇਨ੍ਹਾਂ ਨੂੰ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਰੇਲ ਗੱਡੀ 'ਚ ਬਿਠਾ ਕੇ ਰਵਾਨਾ ਕਰ ਦਿੱਤਾ ਗਿਆ।