ਰੇਲਵੇ ਯਾਤਰੀ ਹੁਣ ਮੋਬਾਇਲ ਫ਼ੋਨ ਤੋਂ ਕਰ ਸਕਣਗੇ ਆਮ ਟਿਕਟ ਦੀ ਬੁਕਿੰਗ

10/07/2019 3:12:41 PM

ਰਾਜਪੁਰਾ (ਨਿਰਦੋਸ਼, ਚਾਵਲਾ) : ਰੇਲਵੇ ਵਿਭਾਗ ਵਲੋਂ ਹੁਣ ਆਮ ਟਿਕਟ ਮੋਬਾਇਲ ਫੋਨ ਰਾਹੀਂ ਬੁੱਕ ਕਰਨ ਲਈ ਜਾਗਰੂਕਤਾ ਕੈਂਪ ਰੇਲਵੇ ਸਟੇਸ਼ਨ ਰਾਜਪੁਰਾ ਤੇ ਮੁੱਖ ਬੁਕਿੰਗ ਨਿਰੀਖਕ ਵਿਨੋਦ ਕਪਿਲਾ ਦੀ ਅਗਵਾਈ 'ਚ ਲਾਇਆ ਗਿਆ। ਕੈਂਪ 'ਚ ਰੇਲਵੇ ਸਟੇਸ਼ਨ 'ਤੇ ਮੌਜੂਦ ਯਾਤਰੀਆਂ ਨੂੰ ਯੂ. ਟੀ. ਐੱਸ. ਐਪ (ਅਣ-ਰੀਜ਼ਰਵਡ ਟਿਕਟ ਵਿਵਸਥਾ) ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਕਪਿਲਾ ਨੇ ਦੱਸਿਆ ਕਿ ਹੁਣ ਯਾਤਰੀਆਂ ਨੂੰ ਆਮ ਰੇਲਵੇ ਟਿਕਟ ਲੈਣ ਲਈ ਲੰਬੀਆਂ ਲਾਈਨਾਂ ਵਿਚ ਨਹੀਂ ਖੜ੍ਹਨਾ ਪਏਗਾ। ਹੁਣ ਯਾਤਰੀ ਕਿਤੇ ਵੀ ਬੈਠੇ ਆਪਣੀ ਆਮ ਟਿਕਟ ਬੁੱਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਐਪ ਰਾਹੀਂ ਟਿਕਟ ਬੁੱਕ ਕਰਵਾਉਣ 'ਤੇ 5 ਫੀਸਦੀ ਕੈਸ਼ ਬੈਕ ਵੀ ਮਿਲੇਗਾ। ਉਨ੍ਹਾਂ ਦੱਸਿਆ ਕਿ ਰੇਲਵੇ ਵੱਲੋਂ ਇਹ ਸ਼ੁਰੂਆਤ (ਕਾਗਜ਼-ਮੁਕਤ) ਮੁਹਿੰਮ ਤਹਿਤ ਕੀਤੀ ਗਈ ਹੈ। ਇਸ ਐਪ ਦੀ ਵਰਤੋਂ ਨਾਲ ਕਾਗਜ਼ ਦੇ ਗੈਰ-ਜ਼ਰੂਰੀ ਇਸਤੇਮਾਲ 'ਤੇ ਰੋਕ ਲੱਗ ਸਕੇਗੀ ਅਤੇ ਯਾਤਰੀਆਂ ਨੂੰ ਲੰਮੀ ਲਾਈਨ ਵਿਚ ਲੱਗਣ ਵਾਲੀ ਪ੍ਰੇਸ਼ਾਨੀ ਤੋਂ ਵੀ ਮੁਕਤੀ ਮਿਲੇਗੀ। ਇਸ ਮੌਕੇ ਬੁਕਿੰਗ ਸੁਪਰਡੈਂਟ ਚੰਚਲ ਅਤੇ ਦੀਪਕ ਯਾਦਵ ਵੀ ਮੌਜੂਦ ਸਨ।


Anuradha

Content Editor

Related News