ਕਾਲੇ ਬਿੱਲੇ ਲਾ ਕੇ ਕੰਮ ਕਰ ਰਹੇ ਰੇਲਵੇ ਗਾਰਡ

Saturday, Jan 20, 2018 - 07:56 AM (IST)

ਜਲੰਧਰ, (ਗੁਲਸ਼ਨ)— ਰੇਲਵੇ ਗਾਰਡ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਵਜੋਂ 20 ਜਨਵਰੀ ਤੱਕ ਕਾਲੇ ਬਿੱਲੇ ਲਾ ਕੇ ਡਿਊਟੀ ਕਰਨਗੇ। ਉਨ੍ਹਾਂ ਕਿਹਾ ਕਿ ਗਾਰਡ ਸੰਕੇਤਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਕਿਉਂਕਿ ਰੇਲਵੇ ਵਿਭਾਗ ਵਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਆਲ ਇੰਡੀਆ ਗਾਰਡ ਕੌਂਸਲ ਨੇ ਗਾਰਡ ਤੇ ਡਰਾਈਵਰ ਲਾਬੀ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਗਾਰਡ ਕੌਂਸਲ ਦੇ ਕੇਂਦਰ ਅਗਵਾਈ ਦੇ ਮੈਂਬਰ ਬ੍ਰਿਜੇਸ਼ ਕੁਮਾਰ ਨੇ ਕਿਹਾ ਕਿ ਈ. ਓ. ਟੀ. ਟੀ. (ਐਂਡ ਆਫ ਟ੍ਰੇਂਡ ਟ੍ਰੇਨਿੰਗ) ਮਸ਼ੀਨ ਲਾ ਕੇ ਗਾਰਡ ਨੂੰ ਮਾਲ ਗੱਡੀ ਤੋਂ ਹਟਾਉਣ ਦੀ ਯੋਜਨਾ ਬਣਾਈ ਜਾ ਰਹੀ 
ਹੈ, ਜਦਕਿ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਟਰੇਨ ਨਾਲ ਗਾਰਡ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਇਕੱਲੇ ਡਰਾਈਵਰ ਦੇ ਸਹਾਰੇ ਟਰੇਨ ਚਲਾਉਣਾ ਕਾਫੀ ਮੁਸ਼ਕਲ ਹੈ। 
ਉਨ੍ਹਾਂ ਕਿਹਾ ਕਿ ਮਸ਼ੀਨ ਦਾ ਕੰਮ ਹੈ ਕਿ ਡਰਾਈਵਰ ਨੂੰ ਦੱਸਣਾ ਕਿ ਸਾਰੇ ਡੱਬੇ ਇਕਸਾਰ ਚੱਲ ਰਹੇ ਹਨ ਪਰ ਸਫਰ ਦੌਰਾਨ ਟਰੇਨ ਦਾ ਪਹੀਆ ਜਾਮ ਹੋਣ, ਕੋਈ ਹਾਦਸਾ ਹੋਣ ਜਾਂ ਹੋਰ ਕੋਈ ਕਮੀ ਪੇਸ਼ੀ ਨਜ਼ਰ ਆਉਣ 'ਤੇ ਗਾਰਡ ਵਲੋਂ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਿੱਜੀਕਰਨ ਨੂੰ ਹੱਲਾਸ਼ੇਰੀ  ਲਈ ਸਰਕਾਰ ਰੇਲਵੇ ਕਰਮਚਾਰੀਆਂ ਨਾਲ ਧੱਕੇਸ਼ਾਹੀ ਕਰ ਰਹੀ ਹੈ।
ਗਾਰਡ ਕੌਂਸਲ ਜਲੰਧਰ ਬ੍ਰਾਂਚ ਦੇ ਪ੍ਰਧਾਨ ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਸੱਤਵੇਂ ਕਮਿਸ਼ਨ ਵਿਚ ਰਨਿੰਗ ਸਟਾਫ ਦੇ ਕਿਲੋਮੀਟਰ ਭੱਤੇ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਨਵੀਂ ਪੈਨਸ਼ਨ ਯੋਜਨਾ ਖਤਮ ਕਰਕੇ ਪੁਰਾਣੀ ਪੈਨਸ਼ਨ ਯੋਜਨਾ ਲਾਗੂ ਕੀਤੀ ਜਾਵੇ। ਇਸ ਸਬੰਧ ਵਿਚ ਪਿਛਲੇ ਦਿਨੀਂ ਫੈੱਡਰੇਸ਼ਨ ਦੇ ਅਧਿਕਾਰੀਆਂ ਅਤੇ ਰੇਲਵੇ ਬੋਰਡ ਵਿਚ ਇਕ ਬੈਠਕ ਵੀ ਹੋਈ ਸੀ ਜੋ ਕਿ ਸਿਰੇ ਨਹੀਂ ਚੜ੍ਹੀ। ਇਸ ਲਈ ਆਲ ਇੰਡੀਆ ਕੌਂਸਲ ਵਲੋਂ 18 ਤੋਂ 20 ਜਨਵਰੀ ਤੱਕ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ 20 ਫਰਵਰੀ ਨੂੰ ਰੇਲਵੇ ਦੇ ਸਾਰੇ ਡਵੀਜ਼ਨਾਂ ਦੇ ਪ੍ਰਬੰਧਕਾਂ ਦੇ ਦਫਤਰਾਂ  ਸਾਹਮਣੇ ਧਰਨਾ ਦਿੱਤਾ ਜਾਵੇਗਾ।


Related News