ਬਦਬੂ ਤੇ ਗੰਦਗੀ ਤੋਂ ਯਾਤਰੀਆਂ ਨੂੰ ਰਾਹਤ ਦਿਵਾਏਗਾ ਰੇਲਵੇ

07/05/2018 4:30:35 AM

ਲੁਧਿਆਣਾ(ਜ. ਬ.)-ਯਾਤਰੀਆਂ ਵਲੋਂ ਦਿੱਤੀਆਂ ਜਾਣ ਵਾਲੀਆਂ ਸ਼ਿਕਾਇਤਾਂ ਦਾ ਹੱਲ ਕਰਨ ’ਚ ਰੇਲਵੇ ਬੋਰਡ ਇਕ ਦੇ ਬਾਅਦ ਇਕ ਪੁਰਾਣੇ ਨਿਯਮਾਂ ’ਚ ਬਦਲਾਅ ਕਰ ਕੇ ਨਵੀਆਂ ਯੋਜਨਾਵਾਂ ਲਿਆ ਰਿਹਾ ਹੈ। ਰੇਲਵੇ ਬੋਰਡ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਵਲੋਂ ਏ. ਸੀ. ਡੱਬਿਆਂ ਵਿਚ ਯਾਤਰੀਆਂ ਨੂੰ ਦਿੱਤੇ ਜਾਣ ਵਾਲੇ ਸਾਮਾਨ ’ਚ ਕੁੱਝ ਬਦਲਾਅ ਕੀਤੇ ਹਨ ਅਤੇ ਇਸ ਦੇ ਇਲਾਵਾ ਅਗਲੇ ਦਿਨਾਂ ’ਚ ਯਾਤਰੀਆਂ ਨੂੰ ਦੇਸ਼ ਭਰ ਦੇ ਸਟੇਸ਼ਨਾਂ ’ਤੇ ਬਾਥਰੂਮਾਂ ’ਚ ਵੀ ਬਹੁਤ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਰੇਲਵੇ ਬੋਰਡ ਵਲੋਂ ਜਾਰੀ ਕੀਤੇ ਗਏ ਨਵੇਂ ਆਦੇਸ਼ਾਂ ਅਨੁਸਾਰ ਯਾਤਰਾ ਦੇ ਦੌਰਾਨ ਏ. ਸੀ. ਡੱਬਿਆਂ ’ਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਮੂੰਹ ਪੂੰਝਣ ਦੇ ਲਈ ਦਿੱਤੇ ਜਾਣ ਵਾਲੇ ਤੌਲੀਏ (ਫੇਸ ਟਾਵਲ) ਨਹੀਂ ਦਿੱਤੇ ਜਾਣਗੇ, ਸਗੋਂ ਹੁਣ ਉਨ੍ਹਾਂ ਦੇ ਸਥਾਨ ’ਤੇ ਇਕ ਵਾਰ ਪ੍ਰਯੋਗ ਵਿਚ ਲਿਆਂਦੇ ਜਾਣ ਵਾਲੇ ਕਾਟਨ ਦੇ ਬਿਨਾਂ ਬੁਣਾਈ ਵਾਲੇ ਨੈਪਕਿਨ ਦਿੱਤੇ ਜਾਣਗੇ। ਯਾਤਰੀਆਂ ਨੂੰ ਹਾਲ ਦੇ ਸਮੇਂ ਇਸਤੇਮਾਲ ਦੇ ਲਈ ਦਿੱਤੇ ਜਾਣ ਵਾਲੇ ਫੇਸ ਟਾਵਲ ’ਤੇ ਜ਼ਿਆਦਾ ਖਰਚ ਆਉਂਦਾ ਹੈ (ਪ੍ਰਤੀ ਟਾਵਲ 3 ਰੁਪਏ 50 ਪੈਸੇ ਦੇ ਲਗਭਗ), ਜਦਕਿ ਨਵੇਂ ਦਿੱਤੇ ਜਾਣ ਵਾਲੇ ਨੈਪਕਿਨ ’ਤੇ ਘੱਟ ਖਰਚ ਆਵੇਗਾ, ਕਿਉਂਕਿ ਰੇਲਵੇ ਪ੍ਰਸ਼ਾਸਨ ਦੀ ਇਸ ਤਰ੍ਹਾਂ ਨੈਪਕਿਨ ਥੋਕ ਦੇ ਭਾਅ ’ਚ ਖਰੀਦਣ ਜਾਂ ਖੁਦ ਦੇ ਬਣਵਾਉਣ ਦੀ ਯੋਜਨਾ ਦੱਸੀ ਜਾ ਰਹੀ ਹੈ।
ਰੇਲਵੇ ਦੇ ਕੰਬਲਾਂ ’ਚੋਂ ਨਹੀਂ ਆਵੇਗੀ ਬਦਬੂ 
 ਏ. ਸੀ. ਕੋਚਾਂ ’ਚ ਯਾਤਰਾ ਕਰਨ ਵਾਲੇ ਯਾਤਰੀਆਂ ਵਲੋਂ ਉਨ੍ਹਾਂ ਨੂੰ ਪ੍ਰਦਾਨ ਕੀਤੇ ਜਾਣ ਵਾਲੇ ਕੰਬਲਾਂ ’ਚ ਬਦਬੂ ਆਉਣ ਦੀਆਂ ਦਿੱਤੀਆਂ ਜਾਣ ਵਾਲੀਆਂ ਕਥਿਤ ਸ਼ਿਕਾਇਤਾਂ ’ਤੇ ਰੇਲਵੇ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਲਗਾਮ ਕੱਸਣ ਦੀ ਸੋਚ ਲਈ ਹੈ। ਹੁਣ ਟਰੇਨਾਂ ਦੇ ਏ. ਸੀ. ਕੋਚ ’ਚ ਯਾਤਰੀਆਂ ਨੂੰ ਦਿੱਤੇ ਜਾਣ ਵਾਲੇ ਕੰਬਲ ਦੇ ਕੱਪਡ਼ੇ ਲਾਉਣ ਦੀ ਸੋਚ ਲਈ ਹੈ। ਹੁਣ ਟਰੇਨਾਂ ਦੇ ਏ. ਸੀ. ਕੋਚਾਂ ’ਚ ਯਾਤਰੀਆਂ ਨੂੰ ਦਿੱਤੇ ਜਾਣ ਵਾਲੇ ਕੰਬਲ ਦੇ ਕੱਪਡ਼ੇ ਵਿਚ ਬਦਲਾਅ ਕਰ ਕੇ ਨਾਈਲਾਨ ਅਤੇ ਵੂਲਨ ਮਿਕਸ ਕਰ ਕੇ ਬਣਵਾਇਆ ਜਾ ਰਿਹਾ ਹੈ ਤਾਂ ਕਿ ਉਸ ਨੂੰ ਧੋਣ ਦੇ ਅਨੁਕੂਲ ਬਣਾਇਆ ਜਾ ਸਕੇ। ਏ. ਸੀ. ਕੋਚ ਵਿਚ ਮਿਲਣ ਵਾਲੇ ਕੰਬਲ ਦੀ ਧੁਆਈ ਪਹਿਲਾਂ ਜਿਥੇ ਦੋ ਮਹੀਨਿਆਂ ’ਚ ਇਕ ਵਾਰ ਕੀਤੀ ਜਾਂਦੀ ਸੀ, ਹੁਣ ਇਨ੍ਹਾਂ ਕੰਬਲਾਂ ਦੀ ਧੁਆਈ ਵੀ ਇਕ ਮਹੀਨੇ ਵਿਚ ਦੋ ਵਾਰ ਕੀਤੀ ਜਾਵੇਗੀ ਤਾਂ ਕਿ ਯਾਤਰੀਆਂ ਨੂੰ ਇਨ੍ਹਾਂ ਕੰਬਲਾਂ ਤੋਂ ਬਦਬੂ ਨਾ ਆਵੇ।
ਅਕਤੂਬਰ ਤੱਕ ਸਟੇਸ਼ਨਾਂ ’ਤੇ ਬਾਥਰੂਮਾਂ ਦੀ ਕੀਤੀ ਜਾਵੇਗੀ ਕਾਇਆਕਲਪ 
 ਸੂਤਰਾਂ ਨੇ ਦੱਸਿਆ ਕਿ ਰੇਲਵੇ ਦੇ ਸਾਰੇ ਜ਼ੋਨਾਂ ਦੀ ਬੋਰਡ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਵਲੋਂ ਬੀਤੇ ਦਿਨੀਂ ਪੱਤਰ ਲਿਖ ਕੇ ਜਿਨ੍ਹਾਂ ਸਟੇਸ਼ਨਾਂ ’ਤੇ ਬਾਥਰੂਮਾਂ ਦੀ ਸੁਵਿਧਾ ਨਹੀਂ ਹੈ, ਉਥੇ ਸਤੰਬਰ ਮਹੀਨੇ ਤੱਕ ਬਾਥਰੂਮਾਂ ਦਾ ਨਿਰਮਾਣ ਕਰਨ ਅਤੇ ਬਾਕੀ ਸਾਰੇ ਸਟੇਸ਼ਨਾਂ ਦੇ ਬਾਥਰੂਮਾਂ ਦੀ ਕਾਇਆਕਲਪ ਅਕਤੂਬਰ ਤੱਕ ਕਰਨ ਦੀ ਸਮਾਂ ਸੀਮਾ ਤੈਅ ਕੀਤੀ ਹੈ। ਵਰਨਣਯੋਗ ਹੈ ਕਿ ਇਸ ਦਿਨ ਕੇਂਦਰ ਸਰਕਾਰ ਵਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇਸ਼ ਭਰ ’ਚ ਮਨਾਈ ਜਾ ਰਹੀ ਹੈ, ਜਿਸ ਕਾਰਨ ਰੇਲਵੇ ਪ੍ਰਸ਼ਾਸਨ ਆਪਣੇ ਸਟੇਸ਼ਨਾਂ ’ਤੇ ਸਥਿਤ ਬਾਥਰੂਮਾਂ ਦੀ ਸਾਫ-ਸਫਾਈ ਨੂੰ ਬਹੁਤ ਬਿਹਤਰ ਬਣਾਉਣਾ ਚਾਹੁੰਦਾ ਹੈ। ਬੋਰਡ ਵਲੋਂ ਦਿੱਤੇ ਗਏ ਆਦੇਸ਼ਾਂ ਅਨੁਸਾਰ ਸਾਰੇ ਸਟੇਸ਼ਨਾਂ ’ਤੇ ਮਹਿਲਾਵਾਂ, ਬੱਚਿਆਂ ਅਤੇ ਅਪਾਹਿਜ ਯਾਤਰੀਆਂ ਲਈ ਅਤਿ-ਆਧੁਨਿਕ ਬਾਥਰੂਮਾਂ ਦਾ ਨਿਰਮਾਣ ਕਰਵਾਉਣ ਲਈ ਕਿਹਾ ਗਿਆ ਹੈ। 


Related News