ਹੁਣ ਭਾਰਤੀ ਪਹਿਨਣਗੇ ਆਰਾਮਦਾਇਕ ਬੂਟ, 'Bha' ਦਿਵਾਏਗਾ ਪਰਫੈਕਟ ਸ਼ੂ ਸਾਈਜ਼
Thursday, Apr 25, 2024 - 11:34 AM (IST)
ਨੈਸ਼ਨਲ ਡੈਸਕ- ਆਨਲਾਈਨ ਖਰੀਦਦਾਰੀ ਦੌਰਾਨ ਅਸੀਂ ਅਕਸਰ ਜੁੱਤੀਆਂ ਅਤੇ ਬੂਟਾਂ ਲਈ UKਅਤੇ US ਦੇ ਆਕਾਰਾਂ 'ਤੇ ਨਿਰਭਰ ਕਰਦੇ ਹਾਂ ਪਰ ਭਾਰਤ ਹੁਣ ਸਵੈ-ਨਿਰਭਰਤਾ ਵੱਲ ਕਦਮ ਵਧਾ ਰਿਹਾ ਹੈ। ਹੁਣ ਭਾਰਤ ਦਾ ਆਪਣਾ ਜੁੱਤੀਆਂ ਦਾ ਆਕਾਰ ਯਾਨੀ ਕਿ ਸਾਈਜ਼ ਹੋਵੇਗਾ। ਜਦੋਂ ਵੀ ਅਸੀਂ ਕੋਈ ਬੂਟ ਜਾਂ ਚੱਪਲ ਖਰੀਦਦੇ ਹਾਂ ਤਾਂ ਉਸ ਲਈ ਸਾਨੂੰ ਆਪਣੇ ਪੈਰਾਂ ਦਾ ਸਾਈਜ਼ ਦੱਸਣਾ ਹੁੰਦਾ ਹੈ। ਇਹ ਯੂ. ਕੇ. ਅਤੇ ਅਮਰੀਕਾ ਸਾਈਜ਼ ਹੁੰਦਾ ਹੈ। ਹਾਲਾਂਕਿ ਬੂਟਾਂ ਲਈ ਭਾਰਤੀ ਸਾਈਜ਼ ਸਿਸਟਮ ਵੀ ਹੁਣ ਆ ਗਿਆ ਹੈ। ਜਿਸ ਨੂੰ 'Bha' (ਭਾ) ਨਾਂ ਦਿੱਤਾ ਗਿਆ ਹੈ। ਭਾਰਤੀਆਂ ਨੂੰ ਹੁਣ ਬੂਟਾਂ ਜਾਂ ਚੱਪਲਾਂ ਦੇ ਸਾਈਜ਼ ਲਈ ਅਮਰੀਕਾ ਅਤੇ ਯੂ. ਕੇ. ਦੇ ਤੈਅ ਮਾਪਦੰਡਾਂ 'ਤੇ ਨਿਰਭਰ ਨਹੀਂ ਰਹਿਣਾ ਪਵੇਗਾ।
ਦਰਅਸਲ 'Bha' ਨਾਂ ਦਾ ਪ੍ਰਸਤਾਵ ਭਾਰਤ ਦੀ ਨੁਮਾਇੰਦਗੀ ਕਰਨ ਲਈ ਲਿਆਂਦਾ ਗਿਆ ਹੈ। ਇਸ ਪਹਿਲ ਦਾ ਉਦੇਸ਼ ਭਾਰਤ ਵਿਚ ਬੂਟਾਂ ਦੇ ਨਿਰਮਾਣ ਦੇ ਤਰੀਕੇ ਵਿਚ ਕ੍ਰਾਂਤੀਕਾਰੀ ਬਦਲਾਅ ਲਿਆਉਣਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ 'Bha' ਸਾਈਜ਼ 2025 ਤੱਕ ਮੌਜੂਦ ਯੂ. ਕੇ. ਯੂਰਪੀਅਨ ਅਤੇ ਯੂ. ਐੱਸ ਸਾਈਜਿੰਗ ਸਿਸਟਮ ਨੂੰ ਬਦਲ ਦੇਵੇਗਾ।
ਫੁਟਵੀਅਰ ਲਈ ਮੌਜੂਦਾ ਇੰਡੀਅਨ ਸਟੈਂਡਰਡ ਸਾਈਜ਼ ਯੂਰਪੀਅਨ ਅਤੇ ਫਰਾਂਸੀਸ ਮਾਪਦੰਡਾਂ 'ਤੇ ਆਧਾਰਿਤ ਹੈ ਪਰ 'Bha' ਨੂੰ ਲਿਆਉਣ ਪਿੱਛੇ ਦਾ ਮਕਸਦ ਦੇਸ਼ ਦੇ ਵੱਖ-ਵੱਧ ਉਮਰ ਵਰਗ ਦੇ ਲੋਕਾਂ ਲਈ ਵਧੇਰੇ ਆਰਾਮਦਾਇਕ ਫਿਟ ਸਾਈਜ਼ ਬਣਾਉਣਾ ਹੈ। ਇਹ ਨਾ ਸਿਰਫ ਪੈਰਾਂ ਦੀ ਲੰਬਾਈ ਸਗੋਂ ਚੌੜਾਈ ਦੇ ਸਾਈਜ਼ ਦਾ ਵੀ ਪੂਰਾ ਧਿਆਨ ਰੱਖੇਗਾ। ਇਸ ਲਈ ਬੀਤੇ ਸਾਲ ਇਕ ਯੂਜ਼ਰ ਟਰਾਇਲ ਵੀ ਕੀਤਾ ਗਿਆ ਸੀ, ਜਿਸ ਵਿਚ ਲੱਗਭਗ 5 ਤੋਂ 55 ਸਾਲ ਦੇ 10 ਹਜ਼ਾਰ ਲੋਕਾਂ ਦੇ ਗਰੁੱਪ ਦੇ ਬੂਟਾਂ ਦੇ ਸਾਈਜ਼ ਦੀ ਸਟੱਡੀ ਕੀਤੀ ਗਈ। ਹੁਣ ਟਰਾਇਲ ਦੇ ਨਤੀਜਿਆਂ 'ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ।