ਨਵੇਂ ਰੇਲ ਲਿੰਕ ਦੀ ਉਸਾਰੀ, ਬ੍ਰਿਜ ਤੇ ਲਾਈਨਾਂ ਦੇ ਬਿਜਲੀਕਰਨ ਦੇ ਕੰਮ ਤੈਅ ਸਮੇਂ ''ਚ ਮੁਕੰਮਲ ਕੀਤੇ ਜਾਣ : ਜੰਜੂਆ

08/17/2022 7:03:18 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਸੂਬੇ 'ਚ ਨਵੇਂ ਰੇਲ ਲਿੰਕ ਦੀ ਉਸਾਰੀ, ਰੇਲਵੇ ਓਵਰ ਬ੍ਰਿਜ ਤੇ ਅੰਡਰ ਬ੍ਰਿਜ, ਲਾਈਨਾਂ ਦੇ ਬਿਜਲੀਕਰਨ ਅਤੇ ਸੁਰੱਖਿਆ ਦੇ ਪੱਖ ਤੋਂ ਰੇਲ ਲਾਈਨਾਂ ਨਾਲ ਲੱਗਦੇ ਦਰੱਖਤਾਂ ਦੀ ਛੰਗਾਈ ਤੇ ਕਟਾਈ ਸਬੰਧੀ ਮਾਮਲਿਆਂ ਦੇ ਫੌਰੀ ਹੱਲ ਲਈ ਸਬੰਧਿਤ ਵਿਭਾਗਾਂ ਨੂੰ ਇਸ ਕੰਮ ਵਿੱਚ ਤੇਜ਼ੀ ਲਿਆਉਣ ਅਤੇ ਤੈਅ ਸਮੇਂ 'ਚ ਕੰਮ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਨਿਰਦੇਸ਼ ਸੂਬਾ ਵਾਸੀਆਂ ਨੂੰ ਬਿਹਤਰ ਰੇਲ ਨੈੱਟਵਰਕ ਨਾਲ ਜੋੜਨ ਤੇ ਪੰਜਾਬ 'ਚ ਰੇਲਵੇ ਮੰਤਰਾਲੇ ਨਾਲ ਸਬੰਧਿਤ ਲੰਬਿਤ ਮਾਮਲਿਆਂ ਨੂੰ ਤੇਜ਼ੀ ਨਾਲ ਨਿਪਟਾਉਣ ਲਈ ਮੁੱਖ ਸਕੱਤਰ ਵੱਲੋਂ ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਆਸ਼ੂਤੋਸ਼ ਗੰਗਾਲ ਸਣੇ ਰੇਲਵੇ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਨਾਲ ਸਬੰਧਿਤ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਨਾਲ ਕੀਤੀ ਉੱਚ ਪੱਧਰੀ ਮੀਟਿੰਗ ਦੌਰਾਨ ਦਿੱਤੇ ਗਏ।

ਇਹ ਵੀ ਪੜ੍ਹੋ : ਟਰੱਕ 'ਚ ਲਿਜਾ ਰਹੇ ਸਨ ਗਊਆਂ, ਡਰਾਈਵਰ ਕਾਬੂ, ਸਾਥੀ ਫਰਾਰ, ਦੇਖੋ ਵੀਡੀਓ

ਜੰਜੂਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਬਿਹਤਰ ਰੇਲ ਨੈੱਟਵਰਕ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਨਾਲ ਸਬੰਧਿਤ ਲੰਬਿਤ ਪਏ ਮਾਮਲਿਆਂ ਦੇ ਫੌਰੀ ਹੱਲ ਦੀ ਵਚਨਬੱਧਤਾ ਤਹਿਤ ਅੱਜ ਦੀ ਮੀਟਿੰਗ 'ਚ ਅਜਿਹੇ ਸਾਰੇ ਮਾਮਲੇ ਵਿਚਾਰੇ ਗਏ। ਨੰਗਲ ਡੈਮ-ਤਲਵਾੜਾ-ਮੁਕੇਰੀਆਂ, ਫਿਰੋਜ਼ਪੁਰ-ਪੱਟੀ ਅਤੇ ਰਾਮਾ ਮੰਡੀ ਤੋਂ ਸੱਦਾ ਸਿੰਘ ਵਾਲਾ ਵਾਇਆ ਤਲਵੰਡੀ ਸਾਬੋ ਨਵੀਂ ਰੇਲ ਲਾਈਨ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਗਿਆ। ਜ਼ਮੀਨ ਐਕਵਾਇਰ ਤੇ ਮੁਆਵਜ਼ੇ ਸਬੰਧੀ ਮੁੱਦਿਆਂ ਨੂੰ ਵਿਚਾਰਿਆ ਗਿਆ ਅਤੇ ਸਬੰਧਿਤ ਵਿਭਾਗਾਂ ਨੂੰ ਇਸ ਵਿੱਚ ਫੌਰੀ ਕਾਰਵਾਈ ਲਿਆਉਣ ਲਈ ਕਿਹਾ ਗਿਆ।

ਇਹ ਵੀ ਪੜ੍ਹੋ : ਟ੍ਰੀਟਮੈਂਟ ਪਲਾਂਟ 'ਚੋਂ ਮਿਲੀ ਨੌਜਵਾਨ ਦੀ ਲਾਸ਼, ਮੌਤ ਦਾ ਸੱਚ ਜਾਣ ਹੋ ਜਾਵੋਗੇ ਹੈਰਾਨ

ਰੇਲਵੇ ਕਰਾਸਿੰਗ ਅਤੇ ਓਵਰ ਬ੍ਰਿਜ ਸਬੰਧੀ ਵਿਚਾਰੇ ਮਾਮਲਿਆਂ ਵਿੱਚ ਫਗਵਾੜਾ-ਜਲੰਧਰ ਕੈਂਟ ਵਿਚਾਲੇ ਧੰਨੋਵਾਲੀ ਅਤੇ ਬਠਿੰਡਾ ਵਿਖੇ ਰੇਲਵੇ ਓਵਰ ਬ੍ਰਿਜ ਬਾਰੇ ਰੇਲਵੇ ਅਧਿਕਾਰੀਆਂ ਨਾਲ ਗੱਲਬਾਤ ਹੋਈ। ਰੇਲ ਲਾਈਨਾਂ ਦੇ ਬਿਜਲੀਕਰਨ ਸਬੰਧੀ ਬਿਜਲੀ ਵਿਭਾਗ ਨਾਲ ਜੁੜੀਆਂ ਪ੍ਰਵਾਨਗੀਆਂ ਤੁਰੰਤ ਦੇਣ ਲਈ ਆਖਿਆ ਗਿਆ। ਇਸ ਮੌਕੇ ਰੇਲਵੇ ਅਧਿਕਾਰੀਆਂ ਕੋਲ ਸੂਬਾ ਸਰਕਾਰ ਵੱਲੋਂ ਕੰਢੀ ਨਹਿਰ ਅਤੇ ਰਾਜਪੁਰ-ਬਨੂੜ ਨਹਿਰ ਦੇ ਨਿਰਮਾਣ ਦੌਰਾਨ ਰੇਲਵੇ ਦੀਆਂ ਲੰਬਿਤ ਪਈ ਪ੍ਰਵਾਨਗੀਆਂ ਦੇ ਮਾਮਲੇ ਨੂੰ ਉਠਾਇਆ ਗਿਆ। ਬਠਿੰਡਾ, ਹੁਸ਼ਿਆਰਪੁਰ ਤੇ ਪਠਾਨਕੋਟ ਜ਼ਿਲ੍ਹਿਆਂ ਨਾਲ ਸਬੰਧਿਤ ਮਾਮਲਿਆਂ ਮੁੱਖ ਸਕੱਤਰ ਵੱਲੋਂ ਵੀਡੀਓ ਕਾਨਫਰੰਸਿਗ ਰਾਹੀਂ ਉਥੋਂ ਦੇ ਡਿਪਟੀ ਕਮਿਸ਼ਨਰਾਂ ਨਾਲ ਮੌਕੇ 'ਤੇ ਗੱਲ ਕਰਕੇ ਇਸ ਦੇ ਹੱਲ ਲਈ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਇਹ ਵੀ ਆਖਿਆ ਕਿ ਜਿਹੜੇ ਕਿਸੇ ਇਕ ਵਿਭਾਗ ਨਾਲ ਸਬੰਧਿਤ ਮਾਮਲੇ ਹਨ, ਉਸ ਸਬੰਧੀ ਰੇਲਵੇ ਤੇ ਸਬੰਧਿਤ ਵਿਭਾਗ ਨਿਰੰਤਰ ਮੀਟਿੰਗ ਕਰਕੇ ਇਨ੍ਹਾਂ ਦਾ ਹੱਲ ਕਰਨ ਅਤੇ ਉਹ ਖੁਦ ਹਰ 3 ਮਹੀਨਿਆਂ ਅੰਦਰ ਰੇਲਵੇ ਦੇ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕਰਿਆ ਕਰਨਗੇ।

ਇਹ ਵੀ ਪੜ੍ਹੋ : 15 ਨੂੰ ਨਹੀਂ, 17 ਅਗਸਤ ਨੂੰ ਆਜ਼ਾਦ ਹੋਇਆ ਸੀ ਪੰਜਾਬ ਦਾ ਇਹ ਜ਼ਿਲ੍ਹਾ, ਇਤਿਹਾਸਕਾਰ ਨੇ ਕੀਤੇ ਵੱਡੇ ਖੁਲਾਸੇ

ਮੀਟਿੰਗ ਦੌਰਾਨ ਸੂਬਾ ਸਰਕਾਰ ਵੱਲੋਂ ਵਧੀਕ ਮੁੱਖ ਸਕੱਤਰ ਜੰਗਲਾਤ ਰਾਜੀ ਪੀ. ਸ਼੍ਰੀਵਾਸਤਵ, ਪ੍ਰਮੁੱਖ ਸਕੱਤਰ ਗ੍ਰਹਿ ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ ਬਿਜਲੀ ਤੇਜਵੀਰ ਸਿੰਘ ਤੇ ਪ੍ਰਮੁੱਖ ਸਕੱਤਰ ਜਲ ਸਰੋਤ ਤੇ ਖਨਨ ਕ੍ਰਿਸ਼ਨ ਕੁਮਾਰ ਅਤੇ ਰੇਲਵੇ ਵੱਲੋਂ ਉੱਤਰੀ ਰੇਲਵੇ ਦੇ ਪ੍ਰਿੰਸੀਪਲ ਚੀਫ਼ ਇੰਜੀਨੀਅਰ ਸਤੀਸ਼ ਕੁਮਾਰ ਪਾਂਡੇ, ਮੁੱਖ ਪ੍ਰਸ਼ਾਸਕੀ ਅਫ਼ਸਰ ਏ.ਕੇ.ਸਿੰਘਲ, ਡੀ.ਆਰ.ਐੱਮ. ਅੰਬਾਲਾ ਜੀ.ਐੱਮ.ਸਿੰਘ, ਡੀ.ਆਰ.ਐੱਮ. ਫਿਰੋਜ਼ਪੁਰ ਸੀਮਾ ਸ਼ਰਮਾ, ਪ੍ਰਿੰਸੀਪਲ ਚੀਫ਼ ਇਲੈਕਟ੍ਰੀਕਲ ਇੰਜੀਨੀਅਰ ਪ੍ਰਮੋਦ ਸ਼ਰਮਾ ਤੇ ਪ੍ਰਿੰਸੀਪਲ ਚੀਫ਼ ਸਿਗਨਲ ਤੇ ਟੈਲੀਕਾਮ ਇੰਜੀਨੀਅਰ ਸ਼ਮਿੰਦਰ ਸਿੰਘ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News