ਜੌੜਾ ਫਾਟਕ ਵਿਖੇ ਵਾਪਰਿਆ ਰੇਲ ਹਾਦਸਾ ਬੇਹੱਦ ਦੁਖਦਾਈ : ਭਾਈ ਲੌਂਗੋਵਾਲ
Tuesday, Oct 23, 2018 - 08:59 AM (IST)
ਅੰਮ੍ਰਿਤਸਰ (ਦੀਪਕ)—ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ 26 ਅਕਤੂਬਰ ਦੀ ਰਾਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚਲਾਈ ਜਾਣ ਵਾਲੀ ਆਤਿਸ਼ਬਾਜ਼ੀ ਇਸ ਵਾਰ ਨਾ ਚਲਾਉਣ ਦਾ ਫੈਸਲਾ ਕੀਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਇਥੇ ਜੌੜਾ ਫਾਟਕ ਵਿਖੇ ਵਾਪਰੇ ਦੁਖਦਾਈ ਰੇਲ ਹਾਦਸੇ ਦੇ ਮੱਦੇਨਜ਼ਰ ਇਸ ਵਾਰ ਪ੍ਰਕਾਸ਼ ਪੁਰਬ ਮੌਕੇ ਆਤਿਸ਼ਬਾਜ਼ੀ ਨਹੀਂ ਚਲਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਭਗਵੰਤ ਸਿੰਘ ਸਿਆਲਾ ਅੰਤ੍ਰਿੰਗ ਮੈਂਬਰ, ਭਾਈ ਰਾਜਿੰਦਰ ਸਿੰਘ ਮਹਿਤਾ ਤੇ ਸੁਰਜੀਤ ਸਿੰਘ ਭਿੱਟੇਵੱਡ ਮੈਂਬਰ ਸ਼੍ਰੋਮਣੀ ਕਮੇਟੀ, ਡਾ. ਰੂਪ ਸਿੰਘ ਮੁੱਖ ਸਕੱਤਰ 'ਤੇ ਆਧਾਰਿਤ ਸਬ-ਕਮੇਟੀ ਬਣਾਈ ਗਈ ਸੀ, ਜਿਸ ਨੇ ਆਤਿਸ਼ਬਾਜ਼ੀ ਨਾ ਚਲਾਉਣ ਲਈ ਵਿਚਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰੇਲ ਹਾਦਸੇ ਵਿਚ ਹੋਏ ਮਨੁੱਖੀ ਨੁਕਸਾਨ ਨੇ ਦੁਨੀਆਂ ਨੂੰ ਡੂੰਘੀ ਮਾਨਸਿਕ ਪੀੜਾ ਦਿੱਤੀ ਹੈ ਅਤੇ ਸਿੱਖ ਕੌਮ ਪੀੜਤਾਂ ਨਾਲ ਹਮਦਰਦੀ ਰੱਖਦੀ ਹੈ। ਉਨ੍ਹਾਂ ਆਖਿਆ ਕਿ ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਸ਼ਹਿਰ ਦੀਆਂ ਪ੍ਰਮੁੱਖ ਇਮਾਰਤਾਂ 'ਤੇ ਕੀਤੀ ਜਾਣ ਵਾਲੀ ਦੀਪਮਾਲਾ ਦਾ ਫੈਸਲਾ ਵੀ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਚੌਥੇ ਪਾਤਿਸ਼ਾਹ ਜੀ ਦੇ ਪ੍ਰਕਾਸ਼ ਪੁਰਬ ਸਮੇਂ ਸ਼ਹਿਰ ਦੇ ਰੇਲਵੇ ਸਟੇਸ਼ਨ, ਬੱਸ ਅੱਡਾ, ਡੀ. ਸੀ. ਦਫ਼ਤਰ ਸਮੇਤ ਸਰਕਾਰੀ ਇਮਾਰਤਾਂ, ਬਾਈਪਾਸ ਸਥਿਤ ਸਵਾਗਤੀ ਗੇਟ ਤੇ ਐਲੀਵੇਟਿਡ ਰੋਡ ਆਦਿ ਥਾਵਾਂ 'ਤੇ ਦੀਪਮਾਲਾ ਕਰਨ ਦਾ ਪ੍ਰੋਗਰਾਮ ਮਿੱਥਿਆ ਸੀ, ਜੋ ਹੁਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਹੁਣ ਰਵਾਇਤ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਇਸ ਦੇ ਆਲੇ-ਦੁਆਲੇ ਅਤੇ ਸਬੰਧਤ ਗੁਰਦੁਆਰਾ ਸਾਹਿਬਾਨ 'ਤੇ ਹੀ ਦੀਪਮਾਲਾ ਹੋਵੇਗੀ, ਜਦਕਿ ਮਿੱਟੀ ਦੇ ਦੀਵੇ ਵੀ ਪ੍ਰੰਪਰਾ ਅਨੁਸਾਰ ਹੀ ਸੰਗਤ ਵੱਲੋਂ ਜਗਾਏ ਜਾਣਗੇ ਅਤੇ ਇਸ ਕਾਰਜ ਲਈ ਕਿਸੇ ਕਿਸਮ ਦੀ ਵਿਸ਼ੇਸ਼ ਉਚੇਚ ਨਹੀਂ ਕੀਤੀ ਜਾਵੇਗੀ।