'ਭਾਰਤ ਜੋੜੋ ਯਾਤਰਾ' ਦੌਰਾਨ ਰਾਹੁਲ ਗਾਂਧੀ ਨੇ ਕੀਤਾ ਸੰਬੋਧਨ, ਕਹੀਆਂ ਅਹਿਮ ਗੱਲਾਂ

Thursday, Jan 12, 2023 - 02:27 PM (IST)

'ਭਾਰਤ ਜੋੜੋ ਯਾਤਰਾ' ਦੌਰਾਨ ਰਾਹੁਲ ਗਾਂਧੀ ਨੇ ਕੀਤਾ ਸੰਬੋਧਨ, ਕਹੀਆਂ ਅਹਿਮ ਗੱਲਾਂ

ਲੁਧਿਆਣਾ (ਵੈੱਬ ਡੈਸਕ) : ਪੰਜਾਬ 'ਚ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ ਦੂਜਾ ਦਿਨ ਹੈ। ਅੱਜ ਸਵੇਰੇ ਉਨ੍ਹਾਂ ਨੇ ਇਹ ਯਾਤਰਾ ਖੰਨਾ ਤੋਂ ਸ਼ੁਰੂ ਕੀਤੀ ਸੀ ਤੇ ਦੁਪਹਿਰ ਸਮਰਾਲਾ ਚੌਂਕ ਪੁੱਜੀ। ਇਸ ਮੌਕੇ ਸਮਰਾਲਾ ਚੌਂਕ ਤੋਂ ਰਾਹੁਲ ਗਾਂਧੀ ਨੇ ਯਾਤਰਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਮਹੀਨਿਆਂ ਪਹਿਲਾਂ ਅਸੀਂ 'ਭਾਰਤ ਜੋੜੋ ਯਾਤਰਾ' ਸ਼ੁਰੂ ਕੀਤੀ ਸੀ। ਯਾਤਰਾ ਦਾ ਟੀਚਾ ਹਿੰਦੁਸਤਾਨ 'ਚ ਜੋ ਨਫ਼ਰਤ , ਹਿੰਸਾ ਤੇ ਡਰ ਫੈਲਾਇਆ ਜਾ ਰਿਹਾ ਹੈ, ਦੇ ਖ਼ਿਲਾਫ਼ ਖੜ੍ਹੇ ਹੋਣਾ ਤੇ ਦੇਸ਼ ਨੂੰ ਪਿਆਰ ਦਾ ਰਾਹ ਦਿਖਾਉਣਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਨਫ਼ਰਤ ਦੇ ਬਾਜ਼ਾਰ 'ਚ ਪਿਆਰ ਦੀ ਦੁਕਾਨ ਖੋਲ੍ਹ ਰਹੇ ਹਾਂ ਤੇ ਯਾਤਰਾ 'ਚ ਸ਼ਾਮਲ ਹੋਏ ਲੱਖਾਂ-ਕਰੋੜਾਂ ਲੋਕਾਂ ਨੇ ਨਫ਼ਰਤ ਦੇ ਬਾਜ਼ਾਰ 'ਚ ਪਿਆਰ ਦੀ ਦੁਕਾਨ ਖੋਲ੍ਹੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਇਸ ਯਾਤਰਾ ਨੂੰ ਦੇਖੀਏ ਤਾਂ ਕਿਤੇ ਵੀ ਤੁਹਾਨੂੰ ਨਫ਼ਰਤ ਨਜ਼ਰ ਨਹੀਂ ਆਵੇਗੀ, ਇਸ ਯਾਤਰਾ 'ਚ ਸਾਰੇ ਇਕ-ਦੂਜੇ ਦੀ ਸਹਾਇਤਾ ਕਰਦੇ ਹਨ ਤੇ ਕੋਈ ਵੀ ਇਹ ਨਹੀਂ ਪੁੱਛਦਾ ਕਿ ਤੁਹਾਡਾ ਧਰਮ ਕੀ ਹੈ? ਤੁਹਾਡੀ ਜਾਤ ਦੀ ਹੈ? ਤੇ ਤੁਸੀਂ ਕਰਦੇ ਕੀ ਹੋ?। 

ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ ਨੇ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਨੂੰ ਲੈ ਕੇ ਖੜ੍ਹੇ ਕੀਤੇ 5 ਵੱਡੇ ਸਵਾਲ

ਰਾਹੁਲ ਨੇ ਕਿਹਾ ਕਿ ਇਹੀ ਹਿੰਦੁਸਤਾਨ ਦਾ ਇਤਿਹਾਸ ਹੈ ਤੇ ਪੰਜਾਬ ਦਾ ਸੱਭਿਆਚਾਰ ਵੀ। ਰਾਹੁਲ ਗਾਂਧੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਸਾਰੀ ਦੁਨੀਆ ਨੂੰ ਇਹੋ ਸੁਨੇਹਾ ਦਿੱਤਾ ਸੀ। ਇਸ ਦੇਸ਼ 'ਚ ਹਿੰਸਾ ਤੇ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਭਾਈਚਾਰੇ, ਮੁਹੱਬਤ ਤੇ ਇੱਜ਼ਤ ਦਾ ਦੇਸ਼ ਹੈ। ਰਾਹੁਲ ਗਾਂਧੀ ਨੇ ਦਿੱਲੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਦਿੱਲੀ ਦੀ ਸਰਕਾਰ ਡਰ ਫੈਲਾਉਂਦੀ ਹੈ। ਉਨ੍ਹਾਂ ਦੱਸਿਆ ਕਿ ਕਿਸੇ ਨੇ ਯਾਤਰਾ ਦੌਰਾਨ ਮੈਨੂੰ ਕਿਸੇ ਵਿਅਕਤੀ ਨੇ ਕਿਹਾ ਕਿ ਲੁਧਿਆਣਾ 'ਮਾਨਚੈਸਟਰ' ਵਾਂਗ ਹੈ ਪਰ ਫਿਰ ਮੈਂ ਸੋਚਿਆ ਕਿ ਇਹ ਗੱਲ ਗ਼ਲਤ ਹੈ ਕਿਉਂਕਿ ਲੁਧਿਆਣਾ 'ਮਾਨਚੈਸਟਰ ਵਰਗਾ ਨਹੀਂ ਸਗੋਂ ਮਾਨਚੈਸਟਰ ਲੁਧਿਆਣਾ ਵਰਗਾ ਹੈ। ਰਾਹੁਲ ਨੇ ਆਖਿਆ ਕਿ ਮਾਨਚੈਸਟਰ ਦਾ ਭਵਿੱਖ ਨਹੀਂ ਹੈ ਪਰ ਲੁਧਿਆਣਾ ਦਾ ਭਵਿੱਖ ਹੈ। 

ਇਹ ਵੀ ਪੜ੍ਹੋ - ਮਲੋਟ ਦੀ ਪੁੁਰਅਦਬ ਕੌਰ ਨੇ ਛੋਟੀ ਉਮਰ 'ਚ ਮਾਰੀਆਂ ਵੱਡੀਆਂ ਮੱਲ੍ਹਾਂ, ਜਾਣ ਤੁਸੀਂ ਵੀ ਕਹੋਗੇ 'ਵਾਹ'

ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਕੀਤੀ, ਗ਼ਲਤ GST ਲਾਗੂ ਕੀਤਾ ਤੇ ਉੱਥੇ ਹੀ ਦਿੱਲੀ ਦੀ ਸਰਕਾਰ ਸਾਰਾ ਕੰਮ 2-3 ਵੱਡੇ ਉਦਯੋਗਪਤੀਆਂ ਲਈ ਕਰਦੀ ਹੈ। ਜੋ ਮਦਦ ਛੋਟੇ ਵਪਾਰੀਆਂ , ਲੋਕਾਂ ਨੂੰ ਮਿਲਣਾ ਚਾਹੀਦੀ ਹੈ ਤੇ ਬੈਂਕਾਂ ਦਾ ਸਹਾਰਾ ਮਿਲਣਾ ਚਾਹੀਦਾ ਹੈ, ਉਹ ਜਨਤਾ ਨੂੰ ਨਹੀਂ ਮਿਲ ਰਿਹਾ ਸਗੋਂ ਤੁਹਾਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ। ਨੋਟਬੰਦੀ ਤੇ GST ਕੋਈ ਪਾਲਿਸੀ ਨਹੀਂ ਸਗੋਂ ਇਹ ਛੋਟੇ ਵਪਾਰੀਆਂ ਦੇ ਕੰਮ ਨੂੰ ਤਬਾਅ ਕਰਦੀ ਹੈ। ਇਸ ਤੋਂ ਇਲਾਵਾ ਦੇਸ਼ ਦੇ ਅਰਬਪਤੀ ਦੇਸ਼ ਨੂੰ ਰੋਜ਼ਗਾਰ ਨਹੀਂ ਦੇ ਸਕਦੇ ਜਦਕਿ ਲੁਧਿਆਣਾ ਦੇ ਛੋਟੇ ਉਦਯੋਗਪਤੀ ਦੇਸ਼ ਨੂੰ ਰੋਜ਼ਗਾਰ ਦੇ ਸਕਦੇ ਹਨ ਜੇਕਰ ਇਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇ ਤੇ ਜੇਕਰ ਇਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਲੁਧਿਆਣਾ ਚੀਨ ਨੂੰ ਮੁਕਾਬਲਾ ਦੇ ਸਕਦਾ ਹੈ। ਲੁਧਿਆਣਾ ਦੀ ਮਦਦ ਨਾ ਤਾਂ ਪੰਜਾਬ ਸਰਕਾਰ ਕਰ ਰਹੀ ਹੈ ਤੇ ਨਾ ਹੀ ਕੇਂਦਰ ਸਰਕਾਰ। ਇਸ ਯਾਤਰਾ ਨੇ ਦੇਸ਼ ਨੂੰ ਜੋੜਣ ਦਾ ਕੰਮ ਕੀਤਾ ਹੈ ਤੇ ਸਭ ਨੇ ਸਾਡਾ ਸਮਰਥਨ ਕੀਤਾ ਹੈ। ਇਸ ਯਾਤਰਾ 'ਚ ਸਾਨੂੰ ਕੋਈ ਥਕਾਵਟ ਨਹੀਂ ਹੁੰਦੀ ਕਿਉਂਕਿ ਲੋਕ ਸਾਨੂੰ ਇੰਨਾ ਪਿਆਰ ਦੇ ਰਹੇ ਹਨ ਤੇ ਸਾਡੀ ਮਦਦ ਕਰਦੇ ਹਨ। ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਸਮਰਥਨ ਦੇਣ ਲਈ ਸਭ ਦਾ ਧੰਨਵਾਦ ਕੀਤਾ ਤੇ ਲੋਹੜੀ ਦੀਆਂ ਵਧਾਈਆਂ ਦਿੱਤੀਆਂ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।  


author

Simran Bhutto

Content Editor

Related News