ਕਾਂਗਰਸ ਨੂੰ ਮੁੜ ਸੁਰਜੀਤ ਕਰਨ ਲਈ ਰਾਹੁਲ ਗਾਂਧੀ ਕਰਨਗੇ ਦੇਸ਼ ਪੱਧਰੀ ਪੈਦਲ ਯਾਤਰਾ

07/02/2019 10:24:32 AM

ਜਲੰਧਰ (ਚੋਪੜਾ)— ਲੋਕ ਸਭਾ ਚੋਣਾਂ 'ਚ ਕਾਂਗਰਸ ਦੇ ਹੋਏ ਹਸ਼ਰ ਤੋਂ ਦੁਖੀ ਰਾਹੁਲ ਨੇ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਰੱਖੀ ਹੈ ਅਤੇ ਉਹ ਹੁਣ ਤੱਕ ਆਪਣੇ ਫੈਸਲੇ 'ਤੇ ਪੂਰੀ ਤਰ੍ਹਾਂ ਨਾਲ ਸਥਿਰ ਦਿਖਾਈ ਵੀ ਦੇ ਰਹੇ ਹਨ ਪਰ ਕਾਂਗਰਸ ਦੀਆਂ ਬੈਠਕਾਂ 'ਚ ਉਹ ਲਗਾਤਾਰ ਸ਼ਾਮਲ ਹੋ ਰਹੇ ਹਨ। ਯੂ. ਪੀ. ਅਤੇ ਹਰਿਆਣਾ ਦੇ ਕਾਂਗਰਸੀ ਨੇਤਾਵਾਂ ਨਾਲ ਬੈਠਕਾਂ ਤੋਂ ਬਾਅਦ ਹੁਣ ਕਾਂਗਰਸ ਦੇ ਸ਼ਾਸਨ ਵਾਲੇ 5 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਸੰਕੇਤ ਦਿੱਤੇ ਹਨ ਕਿ ਉਹ ਪਾਰਟੀ ਪ੍ਰਧਾਨ ਨਾ ਰਹਿਣ ਦੇ ਬਾਵਜੂਦ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਆਪਣਾ ਕੰਮ ਜਾਰੀ ਰੱਖਣਗੇ।
ਇਸ ਲੜੀ 'ਚ ਰਾਹੁਲ ਗਾਂਧੀ ਕਾਂਗਰਸ ਨੂੰ ਮੁੜ ਸੁਰਜੀਤ ਕਰਨ ਲਈ ਇਕ ਦੇਸ਼ ਪੱਧਰੀ ਪੈਦਲ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹਨ। ਕਾਂਗਰਸ ਦੇ ਨੇੜਲੇ ਸੂਤਰਾਂ ਅਨੁਸਾਰ ਪੈਦਲ ਯਾਤਰਾ ਰਾਹੀਂ ਰਾਹੁਲ ਗਾਂਧੀ ਕਾਂਗਰਸ ਦੀ ਵਿਚਾਰਧਾਰਾ, ਉਸ ਦੇ ਰਾਸ਼ਟਰ ਨਿਰਮਾਣ ਦੇ ਏਜੰਡੇ ਅਤੇ ਆਜ਼ਾਦੀ ਦੀ ਲੜਾਈ 'ਚ ਪਾਰਟੀ ਦੀ ਭੂਮਿਕਾ ਦੇ ਪ੍ਰਸਾਰ ਲਈ ਸੜਕਾਂ 'ਤੇ ਉਤਰਣਗੇ। ਹੁਣ ਉਹ ਸਿਰਫ ਗੈਰ ਨਹਿਰੂ-ਗਾਂਧੀ ਪਰਿਵਾਰ ਦੇ ਕਿਸੇ ਸੀਨੀਅਰ ਆਗੂ ਨੂੰ ਪ੍ਰਧਾਨ ਬਣਾਉਣ ਲਈ ਕਾਂਗਰਸ ਵਰਕਿੰਗ ਕਮੇਟੀ ਦੇ ਫੈਸਲੇ ਦੀ ਉਡੀਕ ਕਰ ਰਹੇ ਹਨ।

ਸੂਤਰਾਂ ਅਨੁਸਾਰ ਵਰਕਿੰਗ ਪਾਰਟੀ ਦੇ ਮੁਖੀ ਅਤੇ ਕਾਰਜਕਾਰੀ ਪ੍ਰਧਾਨਾਂ ਦੀ ਨਿਯੁਕਤੀ ਤੋਂ ਬਾਅਦ ਰਾਹੁਲ ਗਾਂਧੀ ਰੋਜ਼ਾਨਾ ਦੀਆਂ ਬੈਠਕਾਂ ਅਤੇ ਪਾਰਟੀ ਦੇ ਕੰਮਾਂ ਤੋਂ ਮੁਕਤ ਹੋ ਜਾਣਗੇ ਜਿਸ ਤੋਂ ਬਾਅਦ ਉਹ ਦੇਸ਼ ਦੀ ਜਨਤਾ ਨਾਲ ਜੁੜਨ 'ਤੇ ਆਪਣਾ ਧਿਆਨ ਕੇਂਦਰਿਤ ਕਰਨਗੇ। ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਉਨ੍ਹਾਂ ਨੂੰ ਅਹਿਸਾਸ ਹੈ ਕਿ ਦੇਸ਼ ਭਰ ਦੇ ਲੋਕ ਕਾਂਗਰਸ ਨਾਲ ਇਕ ਡੂੰਘੇ ਇਤਿਹਾਸਕ ਬੰਧਨ 'ਚ ਬੱਝੇ ਹੋਏ ਹਨ ਅਤੇ ਕਾਂਗਰਸ ਨੂੰ ਮੁੜ ਸੁਰਜੀਤ ਕਰਨ ਲਈ ਸਿਰਫ ਉਨ੍ਹਾਂ ਦੇ ਦਿਲ ਨੂੰ ਝੰਜੋੜਨ ਦੀ ਲੋੜ ਹੈ। ਕਾਂਗਰਸ ਦੇ ਇਕ ਸੀਨੀਅਰ ਆਗੂ ਨੇ ਕਿਹਾ, ''ਅਸੀਂ ਮੰਨਦੇ ਹਾਂ ਕਿ ਰਾਸ਼ਟਰ ਭਰ 'ਚ ਹਰੇਕ ਪਰਿਵਾਰ 'ਚ ਇਕ ਕਾਂਗਰਸੀ (ਜਾਂ ਤਾਂ ਬਜ਼ੁਰਗ ਜਾਂ ਨੌਜਵਾਨ) ਹੈ ਅਤੇ ਅਜਿਹੇ ਲੋਕਾਂ ਨੂੰ ਪਾਰਟੀ 'ਚ ਸਰਗਰਮ ਕਰਨ ਨਾਲ ਦੂਰਦਰਸ਼ੀ ਨਤੀਜੇ ਸਾਹਮਣੇ ਆ ਸਕਦੇ ਹਨ।''

ਸੂਤਰਾਂ ਨੇ ਦੱਸਿਆ ਕਿ ਰਾਹੁਲ ਪੈਦਲ ਯਾਤਰਾ ਲਈ ਆਪਣੇ ਨਾਲ ਨੌਜਵਾਨ ਅਤੇ ਸੀਨੀਅਰ ਨੇਤਾਵਾਂ ਦੀ ਇਕ ਸੰਯੁਕਤ ਟੀਮ ਤਿਆਰ ਕਰਨਗੇ, ਜਿਸ ਦੇ ਬਾਰੇ 'ਚ ਜਲਦੀ ਹੀ ਯੋਜਨਾ ਬਣਾਈ ਜਾਏਗੀ। ਅਜਿਹਾ ਹੀ ਸਾਲ 2004 'ਚ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਐੈੱਨ. ਡੀ. ਏ. ਸਰਕਾਰ ਨੂੰ ਰੋਕਣ ਲਈ ਲੋਕ ਸਭਾ ਦੀਆਂ ਚੋਣਾਂ ਲਈ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕੀਤਾ ਸੀ। ਸੋਨੀਆ ਨੇ 2004 'ਚ ਪਾਰਟੀ ਨੂੰ ਸ਼ਾਨਦਾਰ ਜਿੱਤ ਦਿਵਾਈ ਸੀ, ਕਿਉਂਕਿ ਹੁਣ ਲੋਕ ਸਭਾ ਦੀਆਂ ਚੋਣਾਂ ਹੋ ਚੁੱਕੀਆਂ ਹਨ ਤੇ ਰਾਹੁਲ ਕੋਲ ਹਾਸ਼ੀਏ 'ਤੇ ਆ ਚੁੱਕੀ ਕਾਂਗਰਸ ਨੂੰ ਮੁੜ ਖੜ੍ਹਾ ਕਰਨ ਲਈ ਲੋੜੀਂਦਾ ਸਮਾਂ ਵੀ ਹੈ। ਇਹੀ ਕਾਰਨ ਹੈ ਕਿ ਪਾਰਟੀ ਦੇ ਸੀਨੀਅਰ ਨੇਤਾਵਾਂ ਵੱਲੋਂ ਰਾਹੁਲ ਗਾਂਧੀ ਨੂੰ ਆਪਣੇ ਅਹੁਦੇ 'ਤੇ ਬਣੇ ਰਹਿਣ ਲਈ ਲਗਾਤਾਰ ਕੀਤੀਆਂ ਜਾ ਰਹੀਆਂ ਬੇਨਤੀਆਂ ਦੇ ਬਾਵਜੂਦ ਉਹ ਆਪਣੇ ਫੈਸਲੇ 'ਤੇ ਕਾਇਮ ਹਨ।

PunjabKesari

ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ, ''ਜਨਤਾ ਨਾਲ ਜੁੜਨ ਲਈ ਇਸ ਵੱਡੇ ਪੱਧਰ 'ਤੇ ਕੰਮ ਕਰਨ ਦੀ ਉਨ੍ਹਾਂ ਦੀ ਯੋਜਨਾ ਨੂੰ ਦੇਖਦੇ ਹੋਏ, ਇਹ ਸਪੱਸ਼ਟ ਹੈ ਕਿ ਰਾਹੁਲ ਪਾਰਟੀ ਪ੍ਰਧਾਨ ਦੇ ਰੂਪ 'ਚ ਆਪਣਾ ਅਸਤੀਫਾ ਵਾਪਸ ਨਹੀਂ ਲੈਣਗੇ।'' ਕਾਂਗਰਸ ਦੇ ਨੇਤਾਵਾਂ ਨੂੰ ਇਹ ਵੀ ਲੱਗਦਾ ਹੈ ਕਿ ਲੋਕ ਸਭਾ ਦੀਆਂ ਚੋਣਾਂ 'ਚ ਪਾਰਟੀ ਦੇ ਫਲਾਪ ਸ਼ੋਅ ਦੇ ਬਾਵਜੂਦ, ਰਾਹੁਲ ਨੂੰ ਬਹੁਤ ਹਮਦਰਦੀ ਮਿਲੀ ਹੈ ਅਤੇ ਉਹ ਖੁਦ ਨੂੰ ਜਨਤਾ ਨਾਲ ਜ਼ਮੀਨੀ ਪੱਧਰ 'ਤੇ ਜੁੜੇ ਨੇਤਾ ਦੀ ਸਟੀਕ ਭੂਮਿਕਾ 'ਚ ਲਿਆ ਕੇ ਇਸ ਹਮਦਰਦੀ ਨੂੰ ਕੈਸ਼ ਕਰ ਸਕਦੇ ਹਨ।

ਰਾਹੁਲ ਵੱਲੋਂ ਅਹੁਦਾ ਛੱਡਣ ਦੇ ਆਪਣੇ ਫੈਸਲੇ ਦੇ ਐਲਾਨ ਤੋਂ ਬਾਅਦ ਸੂਬਾ ਇਕਾਈਆਂ ਦੇ 200 ਦੇ ਕਰੀਬ ਅਹੁਦੇਦਾਰਾਂ ਨੇ ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਹੋਏ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤੇ ਹਨ ਅਤੇ ਇਹ ਕ੍ਰਮ ਲਗਾਤਾਰ ਜਾਰੀ ਹੈ। ਇਸ ਵਿਚਾਲੇ ਪਾਰਟੀ ਨੇ ਕਿਹਾ ਕਿ ਪੂਰਾ ਸੰਗਠਨ ਇਕ ਸੁਰ 'ਚ ਲੋਕ ਸਭਾ ਦੀਆਂ ਚੋਣਾਂ 'ਚ ਹਾਰ ਦੀ ਸਾਂਝੀ ਜ਼ਿੰਮੇਵਾਰੀ ਲੈਂਦੇ ਹੋਏ ਰਾਹੁਲ ਨੂੰ ਅਹੁਦੇ 'ਤੇ ਬਣੇ ਰਹਿਣ ਦਾ ਸੱਦਾ ਦੇ ਰਹੇ ਹਨ। ਇਕ ਪ੍ਰੈੱਸ ਕਾਨਫਰੰਸ 'ਚ ਕਾਂਗਰਸ ਬੁਲਾਰੇ ਪਵਨ ਖੇਰਾ ਨੇ ਕਿਹਾ ਕਿ ਪਾਰਟੀ ਦੇ ਕਈ ਨੇਤਾਵਾਂ ਨੇ ਅਸਤੀਫਾ ਦੇ ਦਿੱਤਾ ਹੈ, ਦੇਸ਼ ਭਰ ਦੇ ਕਾਂਗਰਸੀਆਂ ਦੀ ਭਾਵਨਾ ਹੈ ਕਿ ਰਾਹੁਲ ਨੂੰ ਪਾਰਟੀ ਪ੍ਰਧਾਨ ਦੇ ਰੂਪ 'ਚ ਬਣੇ ਰਹਿਣਾ ਚਾਹੀਦਾ। ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨੇ ਆਪਣਾ ਅਹੁਦਾ ਕਿਉਂ ਨਹੀਂ ਛੱਡਿਆ, ਇਸ ਸਵਾਲ 'ਤੇ ਖੇਰਾ ਨੇ ਕਿਹਾ ਕਿ ਹਰੇਕ ਕਾਂਗਰਸੀ ਦੀ ਰਾਹੁਲ ਨੂੰ ਹੀ ਪ੍ਰਧਾਨ ਦੇਖਣ ਦੀ ਇੱਛਾ ਹੈ, ਲੋਕਾਂ ਕੋਲ ਆਪਣੀ ਇੱਛਾ ਨੂੰ ਪ੍ਰਗਟਾਉਣ ਦੇ ਵੱਖ-ਵੱਖ ਤਰੀਕੇ ਹਨ ਅਤੇ ਅਸਤੀਫੇ ਦੇ ਕੇ ਉਨ੍ਹਾਂ ਨੂੰ ਮਨਾਉਣ ਦੀ ਕੁਝ ਨੇਤਾਵਾਂ ਦੀ ਆਪਣੀ ਕੋਸ਼ਿਸ਼ ਹੈ।

ਕੀ ਰਾਹੁਲ ਦਾ ਬਦਲ ਬਣਨਗੇ ਸੁਸ਼ੀਲ ਕੁਮਾਰ ਸ਼ਿੰਦੇ
ਗਾਂਧੀ ਪਰਿਵਾਰ ਦੇ ਨੇੜਲੇ ਸੁਸ਼ੀਲ ਕੁਮਾਰ ਸ਼ਿੰਦੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਦੀ ਦੌੜ 'ਚ ਸਭ ਤੋਂ ਮੋਹਰੀ ਬਣੇ ਹੋਏ ਹਨ। ਸ਼ਿੰਦੇ ਦੇ ਨਾਂ 'ਤੇ ਗਾਂਧੀ ਪਰਿਵਾਰ ਤੋਂ ਵੀ ਸਹਿਮਤੀ ਮਿਲਣ ਦੀਆਂ ਚਰਚਾਵਾਂ ਬਣੀਆਂ ਹੋਈਆਂ ਹਨ। ਕਾਂਗਰਸ ਦੇ ਸੂਤਰਾਂ ਦੀ ਮੰਨੀਏ ਤਾਂ ਇਸ ਤੋਂ ਪਹਿਲਾਂ ਮਲਿੱਕਾਅਰੁਜਨ ਖੜਗੇ, ਅਸ਼ੋਕ ਗਹਿਲੋਤ, ਮੁਕੁਲ ਵਾਸਨਿਕ, ਜਨਾਰਧਨ ਦਿਵੇਦੀ, ਗੁਲਾਮ ਨਬੀ ਆਜ਼ਾਦ, ਏ. ਕੇ. ਂਐਂਟੋਨੀ ਦੇ ਨਾਂ 'ਤੇ ਵੀ ਵਿਚਾਰ ਕੀਤਾ ਗਿਆ ਪਰ ਸ਼ਿੰਦੇ ਦੇ ਸਾਫ ਅਕਸ ਅਤੇ ਉਨ੍ਹਾਂ ਵਲੋਂ ਹਮੇਸ਼ਾ ਪਾਰਟੀ ਦੇ ਅਨੁਸ਼ਾਸਨ 'ਚ ਬਣੇ ਰਹਿਣ ਨੂੰ ਲੈ ਕੇ ਆਮ ਸਹਿਮਤੀ ਉਨ੍ਹਾਂ ਦੇ ਨਾਂ 'ਤੇ ਟਿਕ ਗਈ ਹੈ। ਹਾਲਾਂਕਿ ਅਜੇ ਪ੍ਰਧਾਨ ਦੇ ਨਾਂ ਦਾ ਐਲਾਨ ਕਰਨ 'ਚ ਪਾਰਟੀ ਕੋਈ ਜਲਦਬਾਜ਼ੀ ਕਰਨ ਦੇ ਮੂਡ 'ਚ ਨਹੀਂ ਹੈ ਪਰ ਫਿਰ ਵੀ ਰਾਹੁਲ ਦੇ ਕਿਸੇ ਵੀ ਸੂਰਤ 'ਚ ਨਾ ਮੰਨਣ ਤੋਂ ਬਾਅਦ ਬਦਲ ਨੂੰ ਲੈ ਕੇ ਸ਼ਿੰਦੇ ਦੇ ਨਾਂ 'ਤੇ ਆਖਰੀ ਮੋਹਰ ਲੱਗ ਸਕਦੀ ਹੈ।


shivani attri

Content Editor

Related News