ਰਾਹੁਲ ਗਾਂਧੀ ਦੇ ਬਿਆਨ ਨੇ ਫਿਰੋਜ਼ਪੁਰ ਹਲਕੇ ਦੇ ਬਦਲੇ ਸਿਆਸੀ ਸਮੀਕਰਨ
Monday, Feb 11, 2019 - 01:04 PM (IST)

ਸ੍ਰੀ ਮੁਕਤਸਰ ਸਾਹਿਬ - 2019 'ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਸਬੰਧ 'ਚ ਵੱਖ-ਵੱਖ ਹਲਕਿਆਂ ਦੇ ਕਈ ਆਗੂਆਂ ਵਲੋਂ ਦਾਅਵੇਦਾਰੀਆਂ ਪੇਸ਼ ਕੀਤੀਆਂ ਜਾ ਚੁੱਕੀਆਂ ਹਨ ਪਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਦਿੱਤੇ ਬਿਆਨਾਂ 'ਚ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਟਿਕਟਾਂ ਦੀ ਸੂਚਨਾ ਦੇ ਚਰਚਿਤ ਉਮੀਦਵਾਰਾਂ ਦੀ ਸਥਿਤੀ ਬਦਲ ਕੇ ਰੱਖ ਦਿੱਤੀ ਹੈ। ਇਹ ਸਥਿਤੀ ਉਨ੍ਹਾਂ ਨੇ ਮੌਜੂਦਾ ਰਾਜ ਸਭਾ ਦੇ ਮੈਂਬਰਾਂ, ਵਿਧਾਇਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਾਂਗਰਸ ਪਾਰਟੀ ਵਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਟਿਕਟਾਂ ਨਾ ਦੇਣ ਕਾਰਨ ਬਦਲੀ ਹੈ।
ਦੱਸ ਦੇਈਏ ਕਿ ਇਸ ਹਲਕੇ ਤੋਂ ਟਿਕਟ ਦੀ ਦਾਅਵੇਦਾਰੀ ਲਈ ਫਿਰੋਜ਼ਪੁਰ ਦੇ ਮੌਜੂਦਾ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਪੁੱਤਰ ਅਤੇ ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਗੁਰੂਹਰਸਹਾਏ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਰਾਣਾ ਸੋਢੀ ਦੇ ਪੁੱਤਰ ਹੀਰਾ ਸੋਢੀ, ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਤੋਂ ਇਲਾਵਾ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਦੇ ਨਾਂ ਚਰਚਾ 'ਚ ਸਨ, ਜਿਨ੍ਹਾਂ 'ਤੇ ਹੁਣ ਵਿਰਾਮ ਲੱਗ ਗਿਆ ਹੈ। ਉਧਰ ਦੂਜੇ ਪਾਸੇ ਫਿਰੋਜ਼ਪੁਰ ਹਲਕੇ ਤੋਂ ਟਿਕਟ ਲੈਣ ਦੇ ਦਾਅਵੇਦਾਰਾਂ 'ਚ ਮੁਕਤਸਰ ਦੇ ਭਾਈ ਰਾਹੁਲ ਸਿੰਘ ਸਿੱਧੂ ਦੀ ਸਥਿਤੀ ਹੁਣ ਨਵੀਂ ਨੀਤੀ ਨਾਲ ਕਾਫੀ ਮਜ਼ਬੂਤ ਹੋ ਗਈ ਹੈ। ਦੱਸ ਦੇਈਏ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਿਕਟਾਂ ਦੇਣ ਸਬੰਧੀ ਨੀਤੀ ਦੇਸ਼ ਭਰ ਦੇ ਕਾਂਗਰਸ ਸੂਬਾ ਪ੍ਰਧਾਨਾਂ ਅਤੇ ਹੋਰ ਸੀਨੀਅਰ ਆਗੂਆਂ ਦੀ ਬੈਠਕ ਕਰਦਿਆਂ ਵਿਸ਼ੇਸ਼ ਤੌਰ 'ਤੇ ਜ਼ਹਿਰ ਕੀਤੀ ਸੀ। ਇਸ ਨੀਤੀ ਦਾ ਅਸਰ ਆਉਣ ਵਾਲੇ ਦਿਨਾਂ 'ਚ ਜਲਦ ਵੇਖਣ ਨੂੰ ਮਿਲ ਸਕਦਾ ਹੈ।