ਰਾਘਵ ਚੱਢਾ ਨੇ ‘ਆਪ’ ਉਮੀਦਵਾਰ ਗੁਰਪ੍ਰੀਤ ਸਿੰਘ ਜੀ. ਪੀ. ਦੇ ਹੱਕ ’ਚ ਕੀਤਾ ਵਿਸ਼ਾਲ ਰੋਡ ਸ਼ੋਅ

05/27/2024 11:00:36 PM

ਖੰਨਾ/ਦੋਰਾਹਾ/ਪਾਇਲ, (ਸੁਖਵਿੰਦਰ ਕੌਰ, ਕਮਲ, ਸੁਖਬੀਰ ਸਿੰਘ)- ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਸੋਮਵਾਰ ਨੂੰ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ. ਪੀ. ਦੇ ਹੱਕ ’ਚ ਵੋਟਾਂ ਮੰਗਣ ਲਈ ਖੰਨਾ ਪੁੱਜੇ। ਇਸ ਮੌਕੇ ਰਾਘਵ ਚੱਢਾ ਦੀ ਅਗਵਾਈ ’ਚ ਉਮੀਦਵਾਰ ਗੁਰਪ੍ਰੀਤ ਸਿੰਘ ਜੀ. ਪੀ. ਦੇ ਹੱਕ ਵਿਚ ਵਿਸ਼ਾਲ ਰੋਡ ਸ਼ੋਅ ਵੀ ਕੱਢਿਆ ਗਿਆ। ਭਿਆਨਕ ਗਰਮੀ ਦੇ ਬਾਵਜੂਦ ਸੂਬਾ ਉੱਪ ਪ੍ਰਧਾਨ ਅਤੇ ਹਲਕਾ ਖੰਨਾ ਦੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਕੱਢੇ ਗਏ ਰੋਡ ਸ਼ੋਅ ’ਚ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਪਹੁੰਚੇ ਅਤੇ ਰਾਘਵ ਚੱਢਾ ਦੀ ਇਕ ਝਲਕ ਪਾਉਣ ਲਈ ਉਤਾਵਲੇ ਦਿਖੇ।

PunjabKesari

ਇਹ ਰੋਡ ਸ਼ੋਅ ਸਥਾਨਕ ਕ੍ਰਿਸ਼ਨਾ ਨਗਰ ਤੋਂ ਸ਼ੁਰੂ ਹੋ ਕੇ ਪ੍ਰੀਤ ਨਗਰ, ਗੁਲਮੋਹਰ ਨਗਰ ਤੋਂ ਹੁੰਦਾ ਹੋਇਆ ਖਟੀਕਾਂ ਵਾਲਾ ਮੁਹੱਲਾ, ਰਵਿਦਾਸ ਚੌਕ ਵਿਖੇ ਸਮਾਪਤ ਹੋਇਆ। ਵੱਖ-ਵੱਖ ਥਾਵਾਂ ’ਤੇ ‘ਆਪ’ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰ ਕੇ ਅਤੇ ਹਾਰ ਪਾ ਕੇ ਰਾਘਵ ਚੱਢਾ ਦਾ ਸਵਾਗਤ ਕੀਤਾ ਗਿਆ।

PunjabKesari

ਇਸ ਮੌਕੇ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਈ ਵੋਟ ਦੇਸ਼ ਦੇ ਨਾਲ-ਨਾਲ ਭਾਰਤੀ ਸੰਵਿਧਾਨ ਦਾ ਭਵਿੱਖ ਵੀ ਤੈਅ ਕਰੇਗੀ ਕਿਉਂਕਿ ਜਿਸ ਤਰ੍ਹਾਂ ਕੇਂਦਰ ਦੀ ਮੌਜੂਦਾ ਭਾਜਪਾ ਸਰਕਾਰ ਦੇਸ਼ ’ਤੇ ਤਾਨਾਸ਼ਾਹੀ ਢੰਗ ਨਾਲ ਰਾਜ ਕਰ ਰਹੀ ਹੈ, ਜਾਪਦਾ ਹੈ ਕਿ ਜੇਕਰ ਕੇਂਦਰ ਵਿਚ ਇਕ ਵਾਰ ਫਿਰ ਭਾਜਪਾ ਦੀ ਸਰਕਾਰ ਬਣੀ ਤਾਂ ਦੇਸ਼ ਦੇ ਸੰਵਿਧਾਨ ਨਾਲ ਛੇੜ-ਛਾੜ ਕੀਤੀ ਜਾ ਸਕਦੀ ਹੈ, ਜੋ ਕਿ ਰਾਸ਼ਟਰ ਹਿੱਤ ’ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਲੋਕ ਦੇਸ਼ ਦੇ ਭਵਿੱਖ ਅਤੇ ਸੰਵਿਧਾਨ ਨੂੰ ਬਚਾਉਣ ਲਈ ‘ਆਪ’ ਨੂੰ ਵੋਟ ਪਾਉਣ। ਉਨ੍ਹਾਂ ਇਹ ਵੀ ਕਿਹਾ ਕਿ ਇਸ ਰੋਡ ਸ਼ੋਅ ਦੀ ਸਫਲਤਾ ਦਾ ਸਾਰਾ ਸਿਹਰਾ ਖੰਨਾ ਦੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਨੂੰ ਜਾਂਦਾ ਹੈ।

ਇਸ ਮੌਕੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਭੁਪਿੰਦਰ ਸਿੰਘ ਸੌਂਦ, ਜਤਿੰਦਰ ਪਾਠਕ, ਪਰਮਪ੍ਰੀਤ ਸਿੰਘ ਪੌਂਪੀ, ਸੁਨੀਲ ਕੁਮਾਰ ਨੀਟਾ ਸਮੇਤ ਸੈਂਕੜੇ ਵਰਕਰ ਅਤੇ ਇਲਾਕਾ ਨਿਵਾਸੀ ਮੌਜੂਦ ਸਨ।


Rakesh

Content Editor

Related News