ਘਰ ਬਾਹਰ ਖੜ੍ਹੀ ਔਰਤ ਦਾ ਦਿਨ-ਦਿਹਾੜੇ ਪਰਸ ਖੋਹਿਆ
Wednesday, Mar 14, 2018 - 05:41 PM (IST)

ਜਲੰਧਰ (ਮਹੇਸ਼)— ਨੈਸ਼ਨਲ ਐਵੇਨਿਊ (ਰਾਮਾ ਮੰਡੀ) ਵਿਚ ਮੰਗਲਵਾਰ ਨੂੰ ਦਿਨ-ਦਿਹਾੜੇ ਘਰ ਦੇ ਬਾਹਰ ਖੜ੍ਹੀ ਔਰਤ ਦਾ ਬਾਈਕ ਸਵਾਰ ਪਰਸ ਖੋਹ ਕੇ ਫਰਾਰ ਹੋ ਗਿਆ। ਪਰਸ ਵਿਚ 3 ਹਜ਼ਾਰ ਰੁਪਏ ਦੀ ਨਕਦੀ, ਆਈ ਫੋਨ, ਏ. ਟੀ. ਐੱਮ. ਕਾਰਡ ਤੋਂ ਇਲਾਵਾ ਹੋਰ ਜ਼ਰੂਰੀ ਦਸਤਾਵੇਜ਼ ਸਨ। ਲੁੱਟ ਦਾ ਸ਼ਿਕਾਰ ਹੋਈ ਗੁਰੂ ਕਿਰਪਾ ਜਨਰਲ ਸਟੋਰ ਰਾਮਾ ਮੰਡੀ ਦੇ ਮਾਲਕ ਗੁਰਬਚਨ ਸਿੰਘ ਅਰੋੜਾ ਦੀ ਪਤਨੀ ਬਲਵਿੰਦਰ ਕੌਰ ਨੇ ਮੌਕੇ 'ਤੇ ਪਹੁੰਚੀ ਨੰਗਲ ਸ਼ਾਮਾਂ ਚੌਕੀ ਦੀ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਪਤੀ ਦੇ ਨਾਲ ਰਾਮਾ ਮੰਡੀ ਬਾਜ਼ਾਰ ਤੋਂ ਘਰ ਜਾ ਰਹੀ ਸੀ। ਉਸ ਦੇ ਪਤੀ ਸਕੂਟਰ ਲਗਾ ਰਹੇ ਸਨ ਅਤੇ ਉਹ ਘਰ ਦੇ ਬਾਹਰ ਹੀ ਖੜ੍ਹੀ ਸੀ।
ਇਸ ਦੌਰਾਨ ਤੇਜ਼ ਰਫਤਾਰ ਬਾਈਕ ਸਵਾਰ ਨੌਜਵਾਨ ਆਇਆ ਅਤੇ ਉਸ ਦੇ ਹੱਥੋਂ ਪਰਸ ਖੋਹ ਕੇ ਫਰਾਰ ਹੋ ਗਿਆ। ਉਸ ਨੇ ਰੌਲਾ ਵੀ ਪਾਇਆ ਪਰ ਉਹ ਕਾਫੀ ਦੂਰ ਨਿਕਲ ਚੁੱਕਾ ਸੀ। ਇਸ ਵਾਰਦਾਤ 'ਚ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਵਾਰਦਾਤ ਕਰਨ ਤੋਂ ਬਾਅਦ ਨੌਜਵਾਨ ਗਲਤੀ ਨਾਲ ਦੁਬਾਰਾ ਪੀੜਤ ਔਰਤ ਦੇ ਘਰ ਵੱਲ ਪਹੁੰਚ ਗਿਆ ਪਰ ਫਿਰ ਵੀ ਲੋਕ ਉਸਨੂੰ ਫੜ ਨਹੀਂ ਸਕੇ। ਪੁਲਸ ਦਾ ਕਹਿਣਾ ਹੈ ਕਿ ਔਰਤ ਦੀ ਸ਼ਿਕਾਇਤ 'ਤੇ ਫਰਾਰ ਲੁਟੇਰੇ ਦੀ ਭਾਲ ਕੀਤੀ ਜਾ ਰਹੀ ਹੈ। ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਹੋ ਸਕਦਾ ਹੈ ਕਿ ਫਰਾਰ ਲੁਟੇਰਾ ਉਸ ਵਿਚ ਕੈਦ ਹੋਵੇ।