ਅਮਰੀਕਾ ਦੀ ਧਰਤੀ 'ਤੇ ਡੁੱਲ੍ਹਿਆ ਪੰਜਾਬੀ ਨੌਜਵਾਨ ਦਾ ਖੂਨ, ਘਰ ਆਏ ਵਿਅਕਤੀਆਂ ਨੇ ਗੋਲੀਆਂ ਨਾਲ ਭੁੰਨਿਆ
Tuesday, May 04, 2021 - 09:27 AM (IST)
ਬੰਗਾ (ਚਮਨ ਲਾਲ/ਰਾਕੇਸ਼) : ਬਲਾਕ ਬੰਗਾ ਦੇ ਪਿੰਡ ਹੀਂਉ ਦੇ ਐੱਨ. ਆਰ. ਆਈ. ਜਗਦੀਪ ਸਿੰਘ ਮਾਨ ਦਾ ਅਮਰੀਕਾ ’ਚ ਉਨ੍ਹਾਂ ਦੇ ਘਰ ’ਚ ਲੁੱਟ ਦੀ ਨੀਅਤ ਨਾਲ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਦਿੰਦੇ ਹੋਏ ਜਗਦੀਪ ਸਿੰਘ ਦੇ ਹੀਂਉ ਰਹਿੰਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਗਦੀਪ ਸਿੰਘ ਦੇ ਪਿਤਾ ਗਿਆਨ ਸਿੰਘ ਅਤੇ ਮਾਤਾ ਅਤੇ ਹੋਰ ਪਰਿਵਾਰਕ ਮੈਂਬਰ 45 ਸਾਲ ਪਹਿਲਾਂ ਅਮਰੀਕਾ ਗਏ ਸਨ।
ਜਗਦੀਪ ਸਿੰਘ ਮਾਨ ਪਰਿਵਾਰ ’ਚ ਸਭ ਤੋਂ ਛੋਟਾ ਸੀ ਅਤੇ 32 ਸਾਲ ਦਾ ਸੀ। ਉਹ ਅਜੇ ਤੱਕ ਕੁਆਰਾ ਹੀ ਸੀ ਅਤੇ ਅਮਰੀਕਾ ਦਾ ਜੰਮਪਲ ਸੀ। ਜਲਦ ਹੀ ਉਸਦਾ ਵਿਆਹ ਅਮਰੀਕਾ ਰਹਿੰਦੀ ਕੁੜੀ ਨਾਲ ਹੋਣਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਕਰੀਬੀ ਨੇ ਵੀਡੀਓ ਕਾਲ ਰਾਹੀਂ ਦੱਸਿਆ ਕਿ ਜਗਦੀਪ ਸਿੰਘ ਮਾਨ ਦਾ ਉਨ੍ਹਾਂ ਦੇ ਘਰ ਵਿਚ ਲੁੱਟ ਦੀ ਨੀਅਤ ਨਾਲ ਆਏ ਕੁੱਝ ਵਿਅਕਤੀਆਂ ਨੇ ਗੋਲੀਆਂ ਮਾਰ ਕਰ ਕਤਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ : NRI ਪਤੀ ਦੀ ਅਸਲੀਅਤ ਨੇ ਚਕਨਾਚੂਰ ਕੀਤੇ ਪਤਨੀ ਦੇ ਸੁਫ਼ਨੇ, ਸੱਚਾਈ ਜਾਣ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ
ਉਨ੍ਹਾਂ ਦੱਸਿਆ ਕਿ ਜਗਦੀਪ ਸਿੰਘ ਮਾਨ ਅਮਰੀਕਾ ’ਚ ਆਪਣੇ ਘਰ ’ਚ ਸੀ ਅਤੇ ਉਸ ਦੀ ਮਾਤਾ ਘਰ ’ਚ ਹੀ ਟੈਲੀਫੋਨ ’ਤੇ ਕਿਸੇ ਨਾਲ ਗੱਲਬਾਤ ਕਰ ਰਹੇ ਸਨ। ਘਰ ਦਾ ਮੁੱਖ ਗੇਟ ਖੜਕਣ ਦੀ ਆਵਾਜ਼ ਆਉਣ ’ਤੇ ਜਗਦੀਪ ਜਿਵੇਂ ਹੀ ਗੇਟ ਖੋਲ੍ਹ ਕੇ ਦੇਖਣ ਲੱਗਾ ਤਾਂ ਬਾਹਰ ਖੜ੍ਹੇ ਵਿਅਕਤੀਆਂ ਨੇ ਉਸ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ, ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮੌਕੇ ’ਤੇ ਪੁੱਜੀ ਅਮਰੀਕਾ ਪੁਲਸ ਵੱਲੋਂ ਬੇਸ਼ਕ ਘਰ ਦੇ ਗੁਆਂਢ ’ਚ ਲੁੱਕੇ ਇਕ ਅਫਰੀਕੀ ਕਾਲੇ ਨੂੰ ਕਾਬੂ ਕਰ ਲਿਆ ਹੈ, ਉਸ ਦੇ ਬਾਕੀ ਸਾਥੀ ਫਰਾਰ ਹੋ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ