ਵਿੱਤੀ ਸੰਕਟ ਕਾਰਨ ਪੀ. ਯੂ. 'ਚ ਵਾਈ-ਫਾਈ ਬੰਦ

Monday, Feb 12, 2018 - 10:02 AM (IST)

ਵਿੱਤੀ ਸੰਕਟ ਕਾਰਨ ਪੀ. ਯੂ. 'ਚ ਵਾਈ-ਫਾਈ ਬੰਦ

ਪਟਿਆਲਾ (ਜੋਸਨ, ਲਖਵਿੰਦਰ)-ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬੀ ਯੂਨੀਵਰਸਿਟੀ ਦੇ 4 ਨੰਬਰ ਹੋਸਟਲ ਹੋਮੀ ਭਾਭਾ ਤੇ ਕਈ ਹੋਰ ਥਾਵਾਂ 'ਤੇ ਯੂਨੀਵਰਸਿਟੀ ਵੱਲੋਂ ਦਿੱਤੀ ਜਾਂਦੀ ਵਾਈ-ਫਾਈ ਦੀ ਸਹੂਲਤ ਬੰਦ ਹੋ ਗਈ ਹੈ, ਜਿਸ ਕਾਰਨ ਵਿਦਿਆਰਥੀ ਪ੍ਰੇਸ਼ਾਨ ਹੋ ਰਹੇ ਹਨ। ਪੀ. ਐੱਚ. ਡੀ. ਕਰ ਰਹੇ ਵਿਦਿਆਰਥੀਆਂ ਨੂੰ 'ਵਾਈ-ਫਾਈ' ਦੀ ਸਹੂਲਤ ਯੂਨੀਵਰਸਿਟੀ ਮੁਹੱਈਆ ਕਰਾਉਂਦੀ ਹੈ। ਕਿਉਂਕਿ ਖੋਜ ਕਰ ਰਹੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਸਬੰਧੀ ਬਹੁਤ ਸਾਰੀ ਸਮੱਗਰੀ ਇੰਟਰਨੈੱਟ ਤੋਂ ਲੱਭਣੀ ਪੈਂਦੀ ਹੈ। 

ਵਿਦਿਆਰਥੀਆਂ ਵੱਲੋਂ ਹਾਲ-ਦੁਹਾਈ ਪਾਉਣ ਦੇ ਬਾਵਜੂਦ ਯੂਨੀਵਰਸਿਟੀ ਮੈਨੇਜਮੈਂਟ ਉਕਤ ਸਮੱਸਿਆ ਦੇ ਹੱਲ ਲਈ ਕੋਈ ਠੋਸ ਕਦਮ ਨਾ ਚੁੱਕ ਕੇ ਫੰਡਾਂ ਦੀ ਘਾਟ ਦਾ ਰੌਲਾ ਪਾ ਕੇ ਸਿਰਫ਼ ਸਮਾਂ ਲੰਘਾ ਰਹੀ ਹੈ, ਜਿਸਦਾ ਖਮਿਆਜ਼ਾ ਪੀ. ਐੱਚ. ਡੀ. ਕਰਨ ਵਾਲੇ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ। 
ਉਕਤ ਸਮੱਸਿਆ ਸਬੰਧੀ ਜਾਣਕਾਰੀ ਦਿੰਦਿਆਂ ਵਿਦਿਆਰਥੀ ਸਤਵੰਤ ਸਿੰਘ, ਜਸਵੰਤ ਸਿੰਘ, ਲਖਵਿੰਦਰ ਸਿੰਘ, ਦਵਿੰਦਰ ਸਿੰਘ, ਕੁਲਬੀਰ ਸਿੰਘ ਆਦਿ ਨੇ ਦੱਸਿਆ ਕਿ ਇਹ ਸਮੱਸਿਆ ਪਿਛਲੇ 2-3 ਮਹੀਨਿਆਂ ਤੋਂ ਉਨ੍ਹਾਂ ਨੂੰ ਪੇਸ਼ ਆ ਰਹੀ ਹੈ ਪਰ ਕਿਸੇ ਵੱਲੋਂ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਉਨ੍ਹਾਂ ਦੀ ਪੜ੍ਹਾਈ 'ਤੇ ਅਸਰ ਪੈ ਰਿਹਾ ਹੈ। 
ਸਾਰਾ ਮਾਮਲਾ ਕੰਪਿਊਟਰ ਵਿਭਾਗ ਦੇ ਧਿਆਨ 'ਚ : ਵਾਰਡਨ
ਉਕਤ ਸਮੱਸਿਆ ਸਬੰਧੀ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ਵਾਰਡਨ ਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਰਾ ਮਸਲਾ ਕੰਪਿਊਟਰ ਵਿਭਾਗ ਦੇ ਧਿਆਨ ਵਿਚ ਹੈ। ਉਨ੍ਹਾਂ ਵੱਲੋਂ ਰਾਊਟਰ ਸਿਸਟਮ ਕੰਪਨੀ ਦੇ ਅਧਿਕਾਰੀਆਂ ਤੋਂ ਚੈੱਕ ਕਰਵਾਇਆ ਗਿਆ ਹੈ। ਇਸ ਸਬੰਧੀ ਕੰਪਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਊਟਰ ਸਿਸਟਮ ਖਰਾਬ ਹੋ ਚੁੱਕਿਆ ਹੈ, ਜਿਸਨੂੰ ਬਦਲਣਾ ਪਵੇਗਾ।  
ਫੰਡਾਂ ਦੀ ਘਾਟ ਕਾਰਨ ਹੋ ਰਹੀ ਦੇਰੀ : ਪ੍ਰਵੋਸਟ
ਇਸ ਸਬੰਧੀ ਜਦੋਂ ਪੀ. ਯੂ. ਦੇ ਪ੍ਰਵੋਸਟ ਨਿਸ਼ਾਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਾਰਾ ਮਸਲਾ ਮੇਰੇ ਧਿਆਨ ਵਿਚ ਹੈ। ਪੁਰਾਣੇ ਰਾਊਟਰ ਸਿਸਟਮ ਦੀ ਮਿਆਦ ਪੂਰੀ ਹੋ ਚੁੱਕੀ ਹੈ, ਜਿਸ ਕਰ ਕੇ ਨਵੇਂ ਰਾਊਟਰ ਸਿਸਟਮ ਲਾਉਣੇ ਪੈਣਗੇ, ਜਿਨ੍ਹਾਂ ਦਾ ਖਰਚਾ 6 ਤੋਂ 7 ਲੱਖ ਰੁਪਏ ਆਵੇਗਾ। ਫਿਲਹਾਲ ਯੂਨੀਵਰਸਿਟੀ ਕੋਲ ਫੰਡਾਂ ਦੀ ਘਾਟ ਕਾਰਨ ਅਸੀਂ ਵੱਖ-ਵੱਖ ਕੰਪਨੀਆਂ ਤੋਂ ਪ੍ਰਪੋਜ਼ਲ ਲੈ ਕੇ ਅੱਗੇ ਭੇਜ ਦਿੱਤੇ ਹਨ।


Related News