ਆਪਣੇ ਹਾਲਾਤ ’ਤੇ ਰੋ ਰਹੀ ਵਿਦੇਸ਼ਾਂ ’ਚ ਨਾਮ ਚਮਕਾਉਣ ਵਾਲੀ ਪੰਜਾਬੀ ਯੂਨੀਵਰਸਿਟੀ!
Wednesday, Feb 24, 2021 - 12:56 AM (IST)
ਪਟਿਆਲਾ, (ਮਨਦੀਪ ਜੋਸਨ)- ਵਿਦੇਸ਼ਾਂ ’ਚ ਨਾਮ ਚਮਕਾਉਣ ਵਾਲੀ ਪੰਜਾਬੀ ਯੂਨੀਵਰਸਿਟੀ ’ਚ ਲੱਗੇ ਅੱਜ ਗੰਦਗੀ ਦੇ ਢੇਰ ਵੇਖ ਸ਼ਾਇਦ ਉਹ ਖੁਦ ਹੀ ਆਪਣੀ ਅਜਿਹੀ ਹਾਲਤ ਵੇਖ ਰੋ ਪਈ ਹੋਣੀ ਹੈ। ਲੰਘੇ ਕਲ ਯੂਨੀਵਰਸਿਟੀ ਦੇ ਮੇਨ ਗੇਟ ਅਤੇ ਰਜਿਸਟਰਾਰ ਦਫ਼ਤਰ ਅੱਗੇ ਕੂੜਾ ਸੁੱਟਣ ਤੋਂ ਬਾਅਦ ਅੱਜ ਵਾਈਸ ਚਾਂਸਲਰ ਦਫ਼ਤਰ ਅੱਗੇ ਵੀ ਕੂੜਾ ਸੁੱਟ ਦਿੱਤਾ ਗਿਆ। ਇਨਾਂ ਗੰਦਗੀ ਨਾਲ ਭਰੇ ਦਫ਼ਤਰਾਂ ਤੇ ਬਰਾਂਡਿਆਂ ਨੇ ਹਜ਼ਾਰਾਂ ਵਿਦਿਆਰਥੀਆਂ ਦੇ ਸੁਪਨਿਆਂ ’ਤੇ ਵੀ ਪਾਣੀ ਫੇਰ ਦਿੱਤਾ ਹੈ। ਇਸ ਦੌਰਾਨ ਡੇਲੀਵੇਜ ਸਫਾਈ ਕਰਮਚਾਰੀਆਂ ਨੇ ਸਰਵਿਸ ’ਚ ਬ੍ਰੇਕ ਪਾਉਣ ’ਤੇ ਵਾਈਸ ਚਾਂਸਲਰ ਦੇ ਦਫ਼ਤਰ ਮੂਹਰੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਗੰਦਗੀ ਦੇ ਲੱਗੇ ਢੇਰਾਂ ਕਾਰਣ ਅੱਜ ਵੀ ਯੂਨੀਵਰਸਿਟੀ ’ਚ ਕੰਮ ਕਰਨ ਵਾਲੇ ਮੁਲਾਜ਼ਮ ਆਪਣੇ-ਆਪਣੇ ਦਫ਼ਤਰਾਂ ਨੂੰ ਛੱਡ ਕੇ ਬਾਹਰ ਨਿਕਲ ਗਏ। ਮੁਲਾਜ਼ਮਾਂ ਨੇਤਾਵਾਂ ਨੇ ਰੋਸਮਈ ਧਰਨਾ ਦੇ ਕੇ ਯੂਨੀਵਰਸਿਟੀ ’ਚ ਰੋਸ ਮਾਰਚ ਵੀ ਕੱਢਿਆ। ਗੱਲਬਾਤ ਕਰਦਿਆਂ ਜਤਿੰਦਰ ਸਿੰਘ ਕਾਲਾ ਨੇ ਆਖਿਆ ਕਿ ਯੂਨੀਵਰਸਿਟੀ ਮੈਨੇਜਮੈਂਟ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਵੱਲੋਂ ਧਰਨੇ ਦਿੱਤੇ ਜਾ ਰਹੇ ਹਨ ਪਰ ਉਨ੍ਹਾਂ ਦੀ ਗੱਲ ਸੁਣਨ ਲਈ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ। ਇਸ ਕਾਰਣ ਅੱਜ ਰੋਸ ਵਜੋਂ ਸਾਨੂੰ ਇਸ ਤਰ੍ਹਾਂ ਦਾ ਕਦਮ ਚੁੱਕਣਾ ਪਿਆ ਹੈ, ਜਿਸ ਦੇ ਬਾਰੇ ਪਹਿਲਾਂ ਹੀ ਯੂਨੀਵਰਸਿਟੀ ਮੈਨੇਜਮੈਂਟ ਨੂੰ ਅਗਾਹ ਵੀ ਕੀਤਾ ਗਿਆ ਸੀ। ਉਨ੍ਹਾਂ ਆਖਿਆ ਕਿ ਜੇਕਰ ਅਜੇ ਵੀ ਸਾਡੀਆਂ ਮੰਗਾਂ ਵੱਲ ਮੈਨੇਜਮੈਂਟ ਨੇ ਧਿਆਨ ਨਾ ਦਿੱਤਾ ਤਾਂ ਹੋਰ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਯੂਨੀਵਰਸਿਟੀ ਮੈਨੇਜਮੈਂਟ ਦੀ ਹੋਵੇਗੀ।
ਉੱਧਰ ਵਾਈਸ ਚਾਂਸਲਰ ਨੇ ਵੀ. ਸੀ. ਲੱਗਣ ਤੋਂ ਬਾਅਦ ਪਹਿਲੀ ਵਾਰ 25 ਫਰਵਰੀ ਨੂੰ ਸਿੰਡੀਕੇਟ ਦੀ ਮੀਟਿੰਗ ਸੱਦੀ ਹੋਈ ਹੈ। ਯੂਨੀਵਰਸਿਟੀ ਦਾ ਮਾਹੌਲ ਦੇਖ ਕੇ ਸਿੰਡੀਕੇਟ ਮੀਟਿੰਗ ਨੂੰ ਸਿਰੇ ਚੜਾਉਣ ਲਈ ਜਿੱਥੇ ਪੰਜਾਬੀ ਯੂਨੀਵਰਸਿਟੀ ਦੇ ਮੁੱਖ ਸਕਿਓਰਿਟੀ ਅਫਸਰ ਨੇ ਐੱਸ. ਐੱਸ. ਪੀ. ਪਟਿਆਲਾ ਨੂੰ ਪੱਤਰ ਭੇਜ ਕੇ ਸੁਰੱਖਿਆ ਦੀ ਮੰਗ ਕੀਤੀ ਹੈ ਤਾਂ ਜੋ ਸਿੰਡੀਕੇਟ ਮੀਟਿੰਗ ਨੂੰ ਸੁਖਾਵਾਂ ਸਿਰੇ ਚੜ੍ਹਾਇਆ ਜਾ ਸਕੇ। ਉਧਰੋਂ ਜਾਣਕਾਰੀ ਅਨੁਸਾਰ ਵਾਈਸ ਚਾਂਸਲਰ ਯੂਨੀਵਰਸਿਟੀ ਦਾ ਮਾਹੌਲ ਦੇਖਦੇ ਹੋਏ ਇਸ ਮੀਟਿੰਗ ਨੂੰ ਚੰਡੀਗੜ੍ਹ ਵਿਖੇ ਵੀ ਰੱਖ ਸਕਦੀ ਹੈ।
ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਪੁਲਸ ਕਰਮਚਾਰੀ ਨੇ ਲਾਇਆ ਝਾੜੂ
ਅੱਜ ਜਦੋਂ ਡੇਲੀਵੇਜ ਮੁਲਾਜ਼ਮਾਂ ਵੱਲੋਂ ਰੋਸ ਵਜੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਗੰਦਗੀ ਦੇ ਢੇਰ ਸੁੱਟੇ ਗਏ ਤਾਂ ਦਫ਼ਤਰ ਦੇ ਅੰਦਰ ਜਾਣ ਲਈ ਥਾਂ ਤੱਕ ਨਹੀਂ ਸੀ ਮਿਲ ਰਹੀ। ਇਸ ਦੌਰਾਨ ਇਕ ਪੁਲਸ ਕਰਮਚਾਰੀ ਨੂੰ ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਝਾੜੂ ਲਾਉਂਦੇ ਹੋਏ ਵੀ ਦੇਖਿਆ ਗਿਆ।
ਡੇਢ ਮਹੀਨੇ ਤੋਂ ਵੀ. ਸੀ. ਨਹੀਂ ਪਹੁੰਚੇ ਪੰਜਾਬੀ ਯੂਨੀਵਰਸਿਟੀ
ਪਿਛਲੇ ਡੇਢ ਮਹੀਨੇ ਤੋਂ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲਾਏ ਗਏ ਐਡੀਸ਼ਨਲ ਚੀਫ ਸੈਕਟਰੀ ਮੈਡਮ ਰਮਨੀਤ ਕੌਰ ਯੂਨੀਵਰਸਿਟੀ ’ਚ ਨਹੀਂ ਪਹੁੰਚੇ। ਅਸਲ ’ਚ ਮੈਡਮ ਰਮਨੀਤ ਕੌਰ ਸਰਕਾਰ ਦੇ ਰਵੱਈਏ ਤੋਂ ਜਿੱਥੇ ਦੁਖੀ ਹਨ, ਉੱਥੇ ਯੂਨੀਵਰਸਿਟੀ ਦੇ ਕੁੱਝ ਮੁਲਾਜ਼ਮਾਂ ਤੋਂ ਤੰਗ ਹੋ ਚੁਕੇ ਹਨ। ਇਸ ਸਮੇਂ ਯੂਨੀਵਰਸਿਟੀ ਦਾ ਕੋਈ ਵਾਲੀ ਵਾਰਿਸ ਨਜ਼ਰ ਨਹੀਂ ਆ ਰਿਹਾ। ਪੰਜਾਬੀ ਯੂਨੀਵਰਸਿਟੀ ਡੁੱਬਣ ਕਿਨਾਰੇ ਪਹੁੰਚ ਗਈ ਹੈ, ਜਿੱਥੇ ਹਰ ਪਾਸੇ ਧਰਨੇ ਹੀ ਧਰਨੇ ਹਨ।
ਪੰਜਾਬ ਸਰਕਾਰ ਮੋਹਾਲੀ ਵਿਖੇ ਇਕ ਹੋਰ ਯੂਨੀਵਰਸਿਟੀ ਨੂੰ ਪ੍ਰਵਾਨਗੀ ਦੇਣ ਦੇ ਰੋਅ ’ਚ!
ਪੰਜਾਬੀ ਯੂਨੀਵਰਸਿਟੀ ਦੇ ਲਗਾਤਾਰ ਵਿਗੜਦੇ ਹੋਏ ਮਾਹੌਲ ਨੂੰ ਵੇਖਦਿਆਂ ਪੰਜਾਬ ਸਰਕਾਰ ਮੋਹਾਲੀ ਵਿਖੇ ਇਕ ਬਹੁਤ ਵੱਡੀ ਯੂਨੀਵਰਸਿਟੀ ਨੂੰ ਪ੍ਰਵਾਨਗੀ ਦੇਣ ਦੇ ਰੋਅ ’ਚ ਦਿਖਾਈ ਦੇ ਰਹੀ ਹੈ। ਜਾਣਕਾਰੀ ਅਨੁਸਾਰ ਇਹ ਯੂਨੀਵਰਸਿਟੀ ਵੀ 150 ਕਿਲਿਆਂ ’ਚ ਉਸਾਰੀ ਜਾਵੇਗੀ ਅਤੇ ਜਿਸ ’ਚ ਬਹੁਤ ਘੱਟ ਫੀਸਾਂ ’ਤੇ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ। ਜੇਕਰ ਅਜਿਹੀ ਯੂਨੀਵਰਸਿਟੀ ਖੁੱਲ ਗਈ ਤਾਂ ਉਸ ਦਾ ਸਿੱਧਾ ਪ੍ਰਭਾਵ ਪੰਜਾਬੀ ਯੂਨੀਵਰਸਿਟੀ ’ਤੇ ਪਵੇਗਾ ਅਤੇ ਇਸ ਨੂੰ ਬੰਦ ਹੋਣ ਤੋਂ ਕੋਈ ਨਹੀਂ ਬਚਾ ਸਕੇਗਾ।