ਪੀ. ਯੂ. ''ਚ ਫਾਈਨਾਂਸ ਅਫ਼ਸਰ ਅਤੇ ਡਾਇਰੈਕਟਰ ਸਪੋਰਟਸ ਵਿਵਾਦ ਹੋਇਆ ਹੋਰ ਡੂੰਘਾ

Saturday, Feb 24, 2018 - 12:22 PM (IST)

ਪੀ. ਯੂ. ''ਚ ਫਾਈਨਾਂਸ ਅਫ਼ਸਰ ਅਤੇ ਡਾਇਰੈਕਟਰ ਸਪੋਰਟਸ ਵਿਵਾਦ ਹੋਇਆ ਹੋਰ ਡੂੰਘਾ

ਪਟਿਆਲਾ (ਜੋਸਨ)–ਪੰਜਾਬੀ ਯੂਨੀਵਰਸਿਟੀ ਵਿਚ ਸਪੋਰਟਸ ਵਿਭਾਗ ਦੇ ਡਾਇਰੈਕਟਰ ਅਤੇ ਫਾਈਨਾਂਸ ਅਫਸਰ ਵਿਚਾਲੇ ਹੋਇਆ ਝਗੜਾ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ। ਅੱਜ ਇਕ ਪਾਸੇ ਐਡਹਾਕ ਕਮੇਟੀ ਨੇ ਰਜਿਸਟਰਾਰ ਨੂੰ ਮਿਲ ਕੇ ਡਾਇਰੈਕਟਰ ਸਪੋਰਟਸ ਨੂੰ ਹਟਾਉਣ ਦੀ ਮੰਗ ਕਰ ਦਿੱਤੀ ਹੈ, ਓਥੇ ਦੂਜੇ ਪਾਸੇ ਐੈੱਫ. ਓ. ਨੇ ਲਿਖਤੀ ਸ਼ਿਕਾਇਤ ਵੀ ਵਾਈਸ ਚਾਂਸਲਰ ਨੂੰ ਭੇਜੀ ਹੈ। ਯੂਨੀਵਰਸਿਟੀ ਅੱਜ ਸਾਰਾ ਦਿਨ ਇਸ ਮਸਲੇ ਨੂੰ ਲੈ ਕੇ ਖਿੱਚੋਤਾਣ ਦਾ ਕੇਂਦਰ ਬਣੀ ਰਹੀ। 
ਇਸ ਵਿਵਾਦ ਵਿਚ ਹੁਣ ਐਡਹਾਕ ਕਮੇਟੀ ਵੀ ਕੁੱਦ ਪਈ ਹੈ। ਐਡਹਾਕ ਕਮੇਟੀ ਨੇ ਰਜਿਸਟਰਾਰ ਨਾਲ ਮੁਲਾਕਾਤ ਕਰ ਕੇ ਤੁਰੰਤ ਡਾਇਰੈਕਟਰ ਸਪੋਰਟਸ ਨੂੰ ਹਟਾਉਣ ਦੀ ਮੰਗ ਕਰਦਿਆਂ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਉਸ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਮੁਲਾਜ਼ਮ ਸੋਮਵਾਰ ਤੋਂ ਸੰਘਰਸ਼ ਸ਼ੁਰੂ ਕਰਨਗੇ, ਜਿਸਦੀ ਜ਼ਿੰਮੇਵਾਰੀ ਯੂਨੀਵਰਸਿਟੀ ਅਥਾਰਟੀ ਦੀ ਹੋਵੇਗੀ। 
ਉਧਰ ਯੂਨੀਵਰਸਿਟੀ ਦੇ ਫਾਈਨਾਂਸ ਅਫ਼ਸਰ ਆਰ. ਐੱਸ. ਅਰੋੜਾ ਨੇ ਕਿਹਾ ਕਿ ਸਪੋਰਟਸ ਵਿਭਾਗ ਦੀ ਡਾਇਰੈਕਟਰ ਵੱਲੋਂ ਦਫ਼ਤਰ ਵਿਚ ਕੀਤੇ ਹੰਗਾਮੇ ਦੀ ਸ਼ਿਕਾਇਤ ਵਾਈਸ ਚਾਂਸਲਰ ਨੂੰ ਦੇ ਦਿੱਤੀ ਗਈ ਹੈ। 
ਸ਼ਿਕਾਇਤ ਵਿਚ ਦੱਸਿਆ ਹੈ ਕਿ ਕਿਸ ਤਰ੍ਹਾਂ ਡਾਇਰੈਕਟਰ ਨੇ ਦਫ਼ਤਰ ਕਰਮਚਾਰੀਆਂ ਨਾਲ ਗਾਲੀ-ਗਲੋਚ ਕੀਤੀ।  


Related News