ਪੰਜਾਬੀ ਯੂਨੀਵਰਸਿਟੀ ’ਚ ਘਸਮਾਨ : ਵਾਈਸ ਚਾਂਸਲਰ ਦਾ ਕੱਢਿਆ ਗਿਆ ਜਨਾਜ਼ਾ

Tuesday, Mar 30, 2021 - 08:14 PM (IST)

ਪਟਿਆਲਾ, (ਮਨਦੀਪ ਜੋਸਨ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਘਸਮਾਨ ਹੋਰ ਤਿੱਖਾ ਹੋ ਗਿਆ ਹੈ। ਕੁਝ ਦਿਨ ਪਹਿਲਾਂ 28 ਪ੍ਰੋਫੈਸਰਾਂ ਵੱਲੋਂ ਪ੍ਰਸ਼ਾਸਨਿਕ ਅਹੁਦਿਆਂ ਤੋਂ ਅਸਤੀਫੇ ਦਿੱਤੇ ਗਏ ਸਨ। ਅੱਜ 14 ਹੋਰ ਸੀਨੀਅਰ ਪ੍ਰੋਫੈਸਰਾਂ ਵੱਲੋਂ ਵਾਧੂ ਪ੍ਰਸ਼ਾਸਨਿਕ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਗਏ ਹਨ, ਜਿਸ ਨਾਲ ਪੰਜਾਬੀ ਯੂਨੀਵਰਸਿਟੀ ਪੂਰੀ ਤਰ੍ਹਾਂ ਬੰਦ ਹੋਣ ਕਿਨਾਰੇ ਪੁੱਜ ਗਈ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਰਜਿਸਟਰਾਰ, ਡੀਨ ਅਕੈਡਮੀ ਅਤੇ ਕੰਟਰੋਲਰ ਵੱਲੋਂ ਅਸਤੀਫੇ ਦੇਣ ਕਾਰਣ ਯੂਨੀਵਰਸਿਟੀ ਦੇ ਤਿੰਨੇ ਮੁੱਖ ਵਿਭਾਗਾਂ ਦਾ ਕੰਮ ਪੂਰੀ ਤਰ੍ਹਾਂ ਠੱਪ੍ਹ ਪਿਆ ਹੈ।

ਇਹ ਵੀ ਪੜ੍ਹੋ-ਪਾਕਿਸਤਾਨ 'ਚ ਮੰਤਰੀ ਦੇ ਪਰਿਵਾਰ ਦਾ ਕੋਰੋਨਾ ਟੀਕਾਕਰਨ 'ਤੇ ਵਿਵਾਦ

ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ), ਏ ਕਲਾਸ ਆਫੀਸਰਜ਼ ਐਸੋਸੀਏਸ਼ਨ ਅਤੇ ਬੀ ਅਤੇ ਸੀ ਕਲਾਸ ਐਸੋਸੀਏਸ਼ਨ ਵੱਲੋਂ ਅਧਿਆਪਕਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਲਈ ਲੜੀਵਾਰ ਭੁੱਖ ਹੜਤਾਲ ’ਚ ਅੱਜ ਡਾ. ਮਿੰਨੀ ਸਿੰਘ, ਗੁਰਿੰਦਰਪਾਲ ਸਿੰਘ ਬੱਬੀ, ਪ੍ਰਧਾਨ, ਏ ਕਲਾਸ ਆਫੀਸਰਜ਼ ਐਸੋਸੀਏਸ਼ਨ ਅਤੇ ਕੰਵਲਜੀਤ ਸਿੰਘ ਮੈਂਬਰ, ਬੀ ਅਤੇ ਸੀ ਕਲਾਸ ਕਰਮਚਾਰੀ ਸੰਘ ਨੇ ਹਿੱਸਾ ਲਿਆ, ਜਿਨ੍ਹਾਂ ਦਫ਼ਤਰ ਮੂਹਰੇ ਵਾਈਸ ਚਾਂਸਲਰ ਦਾ ਜ਼ਨਾਜਾ ਕੱਢ ਕੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।

ਇਹ ਵੀ ਪੜ੍ਹੋ-ਅਬੂਧਾਬੀ 'ਚ ਬਣ ਰਿਹੈ ਪਹਿਲਾਂ ਹਿੰਦੂ ਮੰਦਰ, ਨੀਂਹ ਦਾ ਕੰਮ ਹੋਇਆ ਮੁਕੰਮਲ

ਇਸ ਮੌਕੇ ਇਕੱਠੇ ਹੋਏ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਡਾ. ਨਿਸ਼ਾਨ ਸਿੰਘ ਦਿਓਲ, ਪ੍ਰਧਾਨ, ਪੂਟਾ ਨੇ ਕਾਰਜਕਾਰੀ ਵਾਈਸ-ਚਾਂਸਲਰ ਵੱਲੋਂ ਅਧਿਆਪਕਾਂ ਦੀ ਤਰੱਕੀ ਸੰਬੰਧੀ ਪਿਛਲੇ ਦਿਨੀ ਦਿੱਤੇ ਗਏ ਬਿਆਨ ਦੀ ਸਖ਼ਤ ਲਫਜ਼ਾਂ ’ਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ 105 ਅਧਿਆਪਕਾਂ ਦੀ ਤਰੱਕੀ ਦੇ ਕੇਸ ਯੂ. ਜੀ. ਸੀ. ਅਤੇ ਯੂਨੀਵਰਸਿਟੀ ਨਿਯਮਾਂ ਮੁਤਾਬਕ ਸਬੰਧਤ ਚੋਣ ਕਮੇਟੀਆਂ ਵੱਲੋਂ ਵਿਚਾਰੇ ਗਏ ਸਨ। ਇਨਾਂ ਕਮੇਟੀਆਂ ਵੱਲੋਂ ਹੀ ਉਪਰੋਕਤ ਅਧਿਆਪਕ ਸਾਹਿਬਾਨ ਨੂੰ ਤਰੱਕੀ ਪ੍ਰਦਾਨ ਕੀਤੀ ਗਈ ਸੀ। ਮੌਜੂਦਾ ਵਾਈਸ-ਚਾਂਸਲਰ ਵੱਲੋਂ ਸਮੁੱਚੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ 20 ਨੁਕਤਿਆਂ ਵਾਲੀ ਚੈੱਕ ਲਿਸਟ ਲਗਾਉਣਾ ਇਨ੍ਹਾਂ ਨਿਯਮਾਂ ਅਤੇ ਕਮੇਟੀਆਂ ਦੀ ਹੋਂਦ ਨੂੰ ਨੀਵਾਂ ਦਿਖਾਉਣਾ ਹੈ। ਮੌਜੂਦਾ ਹਾਲਾਤ ਨੂੰ ਵਿਚਾਰਨ ਹਿੱਤ ਅਤੇ ਮੰਗਾਂ ਪ੍ਰਤੀ ਸੰਘਰਸ਼ ਦੀ ਰੂਪ-ਰੇਖਾ ਤਿਆਰ ਕਰਨ ਲਈ ਪੂਟਾ ਵੱਲੋਂ ਕੱਲ 31 ਮਾਰਚ ਨੂੰ ਜਨਰਲ ਬਾਡੀ ਦੀ ਇਕ ਹੰਗਾਮੀ ਇਕੱਤਰਤਾ ਸੱਦ ਲਈ ਗਈ ਹੈ।

ਜਿਨਾਂ ਪ੍ਰੋਫੈਸਰਾਂ ਨੇ ਵਾਧੂ ਚਾਰਜਾਂ ਤੋਂ ਦਿੱਤੇ ਅਸਤੀਫੇ
ਯੂਨੀਵਰਸਿਟੀ ਦੇ ਬਹੁ-ਗਿਣਤੀ ਅਧਿਆਪਕਾਂ ਵੱਲੋਂ ਆਪਣੇ ਵਾਧੂ ਪ੍ਰਸ਼ਾਸਨਿਕ ਚਾਰਜ ਤੋਂ ਅਸਤੀਫਾ ਦੇਣ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ। ਇਸ ਤਹਿਤ ਡਾਇਰੈਕਟਰ ਪਲੇਸਮੈਂਟ ਸੈੱਲ, ਕੋਆਰਡੀਨੇਟਰ ਕੇਂਦਰੀ ਦਾਖਲਾ ਸੈੱਲ, ਡਾਇਰੈਕਟਰ ਰੂਸਾ ਸੈਂਟਰ, ਲੀਗਲ ਐਡਵਾਈਜ਼ਰ, ਕੋਆਰਡੀਨੇਟਰ ਪਲੇਸਮੈਂਟ ਸੈੱਲ, ਕੋਆਰਡੀਨੇਟਰ ਵਹੀਕਲ ਪਾਸ ਸੈੱਲ, ਡਾਇਰੈਕਟਰ ਇੰਕੂਬੇਸ਼ਨ ਸੈੱਲ, ਪ੍ਰੋਫੈਸਰ ਇੰਚਾਰਜ, ਪਬਲੀਕੇਸ਼ਿਨ ਬਿਊਰੋ ਅਤੇ ਪ੍ਰੈੱਸ, ਨੋਡਲ ਅਫਸਰ ਇਕ ਭਾਰਤ ਸ੍ਰੇਸ਼ਠ ਅਭਿਆਨ ਅਤੇ ਚਾਰ ਵਿਭਾਗਾਂ ਦੇ ਮੁਖੀ ਸਾਹਿਬਾਨ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Sunny Mehra

Content Editor

Related News