ਕਿਸਾਨਾਂ ਨਾਲ ''ਅੰਦੋਲਨ'' ਦੀ ਰਾਹ ''ਤੇ ਤੁਰੇ ਗਾਇਕ, ਗੀਤਾਂ ''ਚ ਝਲਕਣ ਲੱਗਾ ਜੋਸ਼ ਅਤੇ ਪੰਜਾਬ ਦਾ ਦਰਦ (ਵੀਡੀਓ)

Tuesday, Dec 01, 2020 - 11:33 AM (IST)

ਕਿਸਾਨਾਂ ਨਾਲ ''ਅੰਦੋਲਨ'' ਦੀ ਰਾਹ ''ਤੇ ਤੁਰੇ ਗਾਇਕ, ਗੀਤਾਂ ''ਚ ਝਲਕਣ ਲੱਗਾ ਜੋਸ਼ ਅਤੇ ਪੰਜਾਬ ਦਾ ਦਰਦ (ਵੀਡੀਓ)

ਜਲੰਧਰ (ਵੈੱਬ ਡੈਸਕ) : ਖੇਤੀ ਕਾਨੂੰਨ ਲਾਗੂ ਕਰਨ ਦੇ ਵਿਰੋਧ 'ਚ ਪੰਜਾਬ ਦੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਵਿਰੁੱਧ ਸ਼ੁਰੂ ਕੀਤੇ ਗਏ ਮੋਰਚੇ 'ਚ ਪਹਿਲੀ ਵਾਰ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਲਾਕਾਰ ਤੇ ਪੰਜਾਬੀ ਗਾਇਕ ਵੀ ਉੱਤਰ ਆਏ ਹਨ। ਗਾਇਕਾਂ ਤੇ ਕਲਾਕਾਰਾਂ ਵੱਲੋਂ ਸਿਰਫ਼ ਜੋਸ਼ੀਲੇ ਗੀਤ ਗਾ ਕੇ ਹੀ ਨਹੀਂ ਸਗੋਂ ਧਰਨਿਆਂ 'ਚ ਪੁੱਜ ਕੇ ਕਿਸਾਨਾਂ ਦੇ ਜੋਸ਼ ਨੂੰ ਹੋਰ ਭਖਾ ਦਿੱਤਾ ਗਿਆ ਹੈ। ਪੰਜਾਬੀ ਗਾਇਕਾਂ ਨੇ ਕਿਸਾਨਾਂ ਦਾ ਹੌਸਲਾ ਵਧਾਉਣ ਲਈ ਲਗਪਗ ਇਕ ਦਰਜਨ ਗੀਤ ਗਾਏ ਹਨ, ਜੋ ਅੱਜਕੱਲ੍ਹ ਕਿਸਾਨਾਂ ਦੇ ਧਰਨਿਆਂ 'ਚ ਚੱਲ ਰਹੇ ਹਨ।


ਗਾਇਕ ਕੰਵਰ ਗਰੇਵਾਲ ਨੇ ਖ਼ੇਤਰੀ ਸੰਘਰਸ਼ ਦੌਰਾਨ ਸ਼ੰਭੂ ਬੈਰੀਅਰ 'ਤੇ ਪੁੱਜ ਕੇ ਪੁਲਸ ਦੇ ਨਾਕੇ ਤੋੜ ਕੇ ਅੱਗੇ ਵਧ ਰਹੇ ਕਿਸਾਨਾਂ ਦੇ ਜੋਸ਼ ਨੂੰ ਵਧਾਇਆ ਤੇ ਫ਼ਿਲਮੀ ਕਲਾਕਾਰ ਦੀਪ ਸਿੱਧੂ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਦੇ ਹੱਕ 'ਚ ਸ਼ੰਭੂ ਮੋਰਚਾ ਚਲਾ ਰਹੇ ਹਨ। ਉਨ੍ਹਾਂ ਤੋਂ ਇਲਾਵਾ ਫ਼ਿਲਮੀ ਕਲਾਕਾਰ ਯੋਗਰਾਜ ਸਿੰਘ, ਗੱਗੂ ਗਿੱਲ ਤੇ ਪੰਜਾਬੀ ਗਾਇਕ ਹਰਭਜਨ ਮਾਨ ਵੀ ਕਿਸਾਨਾਂ ਦੇ ਧਰਨਿਆਂ ’ਚ ਪੁੱਜ ਕੇ ਉਨ੍ਹਾਂ ਦਾ ਹੌਸਲਾ ਵਧਾ ਚੁੱਕੇ ਹਨ।

ਉੱਧਰ, ਮਾਨਸਾ ਜ਼ਿਲ੍ਹੇ ਨਾਲ ਸਬੰਧਤ ਗਾਇਕ ਆਰ. ਨੇਤ ਕਿਸਾਨਾਂ ਨਾਲ ਦਿੱਲੀ ਮੋਰਚੇ 'ਤੇ ਡਟੇ ਹੋਏ ਹਨ। ਪੰਜਾਬੀ ਗਾਇਕਾਂ ਵੱਲੋਂ ਕਿਸਾਨਾਂ ਦੇ ਹੱਕ 'ਚ ਗਾਏ ਜੋਸ਼ੀਲੇ ਗੀਤਾਂ ਨੇ ਨੌਜਵਾਨ ਪੀੜ੍ਹੀ ਨੂੰ ਇਸ ਹੱਦ ਤੱਕ ਪ੍ਰਭਾਵਿਤ ਕੀਤਾ ਹੈ ਕਿ ਉਹ ਵੀ ਕਿਸਾਨਾਂ ਦੇ ਮੋਰਚਿਆਂ 'ਚ ਸ਼ਾਮਲ ਹੀ ਨਹੀਂ ਸਗੋਂ ਹਰਿਆਣਾ ਪੁਲਸ ਵੱਲੋਂ ਲਾਏ ਨਾਕਿਆਂ ਨੂੰ ਵੀ ਕੁਝ ਹੀ ਸਮੇਂ 'ਚ ਤੋੜ ਕੇ ਅੱਗੇ ਵਧ ਗਏ।

ਗਾਇਕ ਬੱਬੂ ਮਾਨ ਨੇ ਵੀ ਦਿੱਲੀ ਮੋਰਚੇ 'ਚ ਪੁੱਜ ਕੇ ਕਿਸਾਨਾਂ ਨੂੰ ਸੰਬੋਧਨ ਕੀਤਾ ਹੈ। ਗਾਇਕ ਭਰਾਵਾਂ ਦੀਪਾ ਘੋਲੀਆ ਤੇ ਬੂਟਾ ਭਾਈਰੂਪਾ ਦੇ ਗੀਤ ਵੀ ਕਿਸਾਨਾਂ 'ਚ ਖ਼ੂਬ ਜੋਸ਼ ਭਰ ਰਹੇ ਹਨ। ਗਾਇਕਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਲਈ ਕਿਸਾਨਾਂ ਦੇ ਸੰਘਰਸ਼ 'ਚ ਅੱਗੇ ਆਏ ਹਨ।
ਸਿੱਧੂ ਮੂਸੇ ਵਾਲਾ ਮੰਚ ਤੋਂ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਹਰ ਇਨਸਾਨ ਆਪਣਾ ਧਰਮ ਭੁਲਾ ਕੇ ਇੱਥੇ ਆਪਣੇ ਹੱਕਾਂ ਲਈ ਇਕਜੁਟ ਹੋਇਆ ਹੈ ਕਿਉਂਕਿ ਅੱਜ ਸਾਡੇ ਤੋਂ ਸਾਡੀ ਰੋਟੀ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਸਾਡੇ ਹੱਕਾਂ 'ਤੇ ਪੈਣ ਵਾਲੇ ਇਸ ਡਾਕੇ ਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਹੈ ਕਿ ਅੱਜ ਹਰਿਆਣਾ ਦੇ ਕਿਸਾਨ ਵੀ ਵਧਾਈ ਦੇ ਪਾਤਰ ਹਨ, ਜਿਹੜੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ। ਅੱਜ ਹਰ ਕੋਈ ਆਪਸੀ ਖਿੱਚੋਤਾਣ ਭੁਲਕੇ ਕਿਸਾਨਾਂ ਨਾਲ ਖੜਾ ਹੈ। 

ਅੱਜ ਹਰਿਆਣਾ ਵਾਲੇ ਵੀਰ ਕਹਿ ਰਹੇ ਹਨ, ਜੋ ਫ਼ੈਸਲਾ ਪੰਜਾਬ ਭਰਾ ਕਰੂੰਗਾ ਉਹ ਉਸ ਦੀ ਤਹਿ ਦਿਲ ਤੋਂ ਹਮਾਇਤ ਕਰਨਗੇ ਜੋ ਬਹੁਤ ਵੱਡੀ ਗੱਲ ਹੈ। ਸਿੱਧੂ ਨੇ ਇਹ ਗੱਲ ਵੀ ਕਹੀ ਵੀ ਸਾਨੂੰ ਇਹ ਸੰਘਰਸ਼ ਨੂੰ ਬਿਨ੍ਹਾਂ ਅਨੁਸ਼ਾਸ਼ਨ ਭੰਗ ਕੀਤੇ ਇਸ ਤਰ੍ਹਾਂ ਹੀ ਜਾਰੀ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਮੰਚ ਤੋਂ ਯੂਥ ਨੂੰ ਵੰਗਾਰਦਿਆਂ ਕਿਹਾ ਕਿ ਅੱਜ ਨੌਜਵਾਨਾਂ ਨੂੰ ਬਜ਼ੁਰਗਾਂ ਦਾ ਸਾਥ ਦੇਣ ਦੀ ਲੋੜ ਹੈ ਤਾਂ ਜੋ ਇਸ ਸੰਘਰਸ਼ 'ਤੇ ਜਿੱਤ ਪ੍ਰਾਪਤ ਕੀਤੀ ਜਾ ਸਕੇ।


author

sunita

Content Editor

Related News