ਇੰਟਰਨੈੱਟ ''ਤੇ ਭਾਸ਼ਾ ਫੈਲਾਉਂਦੀ ਵਿਕੀਪੀਡੀਆ ਪੰਜਾਬੀ ਫੌਜ

Thursday, Feb 21, 2019 - 05:27 PM (IST)

ਇੰਟਰਨੈੱਟ ''ਤੇ ਭਾਸ਼ਾ ਫੈਲਾਉਂਦੀ ਵਿਕੀਪੀਡੀਆ ਪੰਜਾਬੀ ਫੌਜ

ਚੰਡੀਗੜ੍ਹ : ਵਿਕੀਪੀਡੀਆ ਦੇ ਮੋਢੀ ਜਿੰਮੀ ਵੇਲਜ਼ ਅਤੇ ਭਾਈਵਾਲ ਲੈਰੀ ਫੈਂਗਰ ਦੀ ਸੋਚ ਸੀ ਕਿ ਗਿਆਨ ਦਾ ਅਜਿਹਾ ਅੱਡਾ ਬਣਾਇਆ ਜਾਵੇ ਜਿੱਥੇ ਗਿਆਨ ਹਰ ਕਿਸੇ ਦੀ ਪਹੁੰਚ 'ਚ ਅਤੇ ਹਰ ਕਿਸੇ ਨੂੰ ਮੁਫਤ ਮਿਲੇ। ਇਸ 'ਤੇ ਕਿਸੇ ਦਾ ਨਿੱਜੀ ਅਧਿਕਾਰ ਨਹੀਂ ਹੋਣਾ ਚਾਹੀਦਾ। 290 ਤੋਂ ਵੱਧ ਜ਼ੁਬਾਨਾਂ 'ਚ 1 ਕਰੋੜ ਤੋਂ ਵੱਧ ਲੇਖਾਂ ਦੇ ਨਾਲ ਵਿਕੀਪੀਡੀਆ ਬਹੁਤ ਵਿਸ਼ਿਆਂ ਦੀ ਜਾਣਕਾਰੀ ਪੰਜਾਬੀ 'ਚ ਵੀ ਦੇ ਰਿਹਾ ਹੈ।ਇਸ ਦੀ ਸ਼ੁਰੂਆਤ 2002 'ਚ ਹੋ ਗਈ ਸੀ ਪਰ 2006 ਤੋਂ ਮੁੱਢ ਬੱਝਦਾ ਸਚਾਰੂ ਢੰਗ ਨਾਲ 2010-11 ਤੋਂ ਹੀ ਤੁਰ ਸਕਿਆ।ਵਿਕੀਪੀਡੀਆ ਦੇ ਪੰਜਾਬੀ ਰੂਪ ਨੂੰ ਸਕਾਰ ਕਰਨ ਲਈ 20-25 ਬੰਦੇ ਇਸ ਵੇਲੇ ਬਕਾਇਦਾ ਸਰਗਰਮ ਹਨ ਅਤੇ ਇਹ ਕੰਮ ਬਿਲਕੁਲ ਨਿਸ਼ਕਾਮ ਸੇਵਾ ਵਜੋਂ ਹੋ ਰਿਹਾ ਹੈ।ਪਟਿਆਲਾ ਤੋਂ ਚਰਨ ਗਿੱਲ, ਸਤਦੀਪ ਗਿੱਲ, ਖਰੜ ਤੋਂ ਪਰਮ ਮੁੰਡੇ, ਭਾਈ ਰੂਪਾ ਤੋਂ ਗਣਿਤ ਦੇ ਅਧਿਆਪਕ ਨਛੱਤਰ ਧੰਮੂ, ਮਾਨਸੇ ਤੋਂ ਤਸਤਪਾਲ ਦੰਦੀਵਾਲ ਅਤੇ ਹਰਵਿੰਦਰ ਸਿੰਘ ਵਿਕੀਪੀਡੀਆ ਦੀ ਫ਼ੌਜ ਹੈ। ਸਤਦੀਪ ਗਿੱਲ ਮੁਤਾਬਕ ਵਿਕੀਪੀਡੀਆ ਦੇ ਪੰਜਾਬੀ ਜ਼ੁਬਾਨ 'ਚ ਮੁਹੱਈਆ ਹੋਣ ਕਾਰਨ ਪੰਜਾਬੀਆਂ ਲਈ ਉਨ੍ਹਾਂ ਦੀ ਜ਼ੁਬਾਨ 'ਚ ਦੁਨੀਆਭਰ ਦਾ ਗਿਆਨ ਮਿਲਣਾ ਚੰਗਾ ਸੰਕੇਤ ਹੈ ਅਤੇ ਇਸ ਸਮੇਂ ਪੰਜਾਬੀ ਵਿਕੀਪੀਡੀਆ 'ਤੇ 28 ਹਜ਼ਾਰ ਦੇ ਲੱਗਭਗ ਲੇਖ ਪਏ ਹਨ।

'ਪਹਿਲੀ ਕਿਤਾਬ' ਬੱਚਿਆਂ ਨੂੰ ਪੰਜਾਬੀ ਦੀ ਪਛਾਣ ਕਰਵਾਉਂਦਾ ਕਾਇਦਾ

ਪਹਿਲੀ ਕਿਤਾਬ ਵਿਦੇਸ਼ ਵੱਸਦੇ ਇੰਦਰਜੀਤ ਜੱਬੋਵਾਲੀਆ ਅਤੇ ਦੋਸਤਾਂ ਨੇ ਬਿਨਾਂ ਵਪਾਰਕ ਹਿੱਤਾਂ ਤੋਂ ਠੇਠ ਪੰਜਾਬੀ ਜ਼ੁਬਾਨ ਨੂੰ ਧਿਆਨ 'ਚ ਰੱਖ ਕੇ ਕਾਇਦਾ ਬਣਾਇਆ ਹੈ । ਇਸ 'ਚ ਪੰਜਾਬੀ ਦਾ ਅੱਖਰ ਬੋਧ, ਮੁਹਾਰਨੀ ਤੇ ਪੰਜਾਬ ਦੀਆਂ ਖੇਡਾਂ, ਸੱਭਿਆਚਾਰ, ਸਮਾਂ, ਸਥਾਨ, ਭੂਗੋਲ, ਰਹੁ-ਰੀਤਾਂ, ਰਿਸ਼ਤਿਆਂ ਅਤੇ ਪੰਜਾਬੀ ਉਪ ਬੋਲੀਆਂ ਅਤੇ ਪੰਜਾਬੀ ਖਿੱਤਿਆਂ ਦਾ ਜ਼ਿਕਰ ਹੈ। ਪਹਿਲੀ ਕਿਤਾਬ ਦੀਆਂ ਹੁਣ ਤੱਕ 5 ਹਜ਼ਾਰ ਕਾਪੀਆਂ ਵੰਡੀਆਂ ਗਈਆਂ ਹਨ।

35 ਅੱਖਰਾਂ ਦਾ ਯੂ-ਟਿਊਬ ਕਵੀ ਸੁਖਵਿੰਦਰ ਸਿੰਘ ਰਟੌਲ
''ਉ" ਉੱਠ ਸਵੇਰੇ ਜਾਗ ਵਰਗੀਆਂ ਕਵਿਤਾਵਾਂ ਲੋਕਾਂ ਤੱਕ ਪੋਸਟਰਾਂ ਦੀ ਸ਼ਕਲ 'ਚ ਅਤੇ ਸੋਸ਼ਲ ਮੀਡੀਆ 'ਤੇ ਹਰ ਪਾਸੇ ਫੈਲ ਗਈਆਂ ਪਰ ਇਸ ਕਵਿਤਾ ਨਾਲ ਬੱਚੇ 35 ਅੱਖਰੀ ਸਿੱਖਦੇ ਹੋਏ ਇਹ ਨਹੀਂ ਜਾਣਦੇ ਸਨ ਕਿ ਇਸ ਕਵਿਤਾ ਦਾ ਕਵੀ ਕੌਣ ਹੈ? ਸੁਖਵਿੰਦਰ ਸਿੰਘ ਰਟੌਲ ਨੇ 'ਗੁਰਮੁੱਖੀ ਦੇ ਗੀਤ' ਨਾਮ ਦਾ ਕਾਵਿ ਸੰਗ੍ਰਹਿ ਲਿਖਿਆ ਹੈ। ਇਸ 'ਚ 35 ਕਵਿਤਾਵਾਂ ਅਤੇ ਹਰ ਕਵਿਤਾ 35 ਅੱਖਰਾਂ ਨਾਲ ਸੰਬੰਧਤ ਹਨ। ਬਤੌਰ ਕਵੀ ਰਟੌਲ ਆਪਣੇ ਯੂ-ਟਿਊਬ ਚੈਨਲ ਅਤੇ ਹਾਜ਼ਰੀ ਨਾਲ ਬੱਚਿਆਂ ਨੂੰ ਪੰਜਾਬੀ ਜ਼ੁਬਾਨ ਸਿਖਾ ਰਹੇ ਹਨ।


author

Anuradha

Content Editor

Related News