ਕੈਨੇਡਾ 'ਚ ਵੱਡੀ ਵਾਰਦਾਤ ; 2 ਗੁੱਟਾਂ 'ਚ ਹੋ ਰਹੀ ਫਾਇਰਿੰਗ ਦੌਰਾਨ ਬੱਸ ਉਡੀਕਦੀ ਪੰਜਾਬੀ ਮੁਟਿਆਰ ਦੀ ਗਈ ਜਾਨ
Saturday, Apr 19, 2025 - 10:22 AM (IST)

ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੜ੍ਹਾਈ ਕਰਨ ਗਈ ਇਕ 21 ਸਾਲਾ ਪੰਜਾਬੀ ਮੁਟਿਆਰ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਹਰਸਿਮਰਤ ਰੰਧਾਵਾ ਕੰਮ 'ਤੇ ਜਾਣ ਲਈ ਹੈਮਿਲਟਨ ਬੱਸ ਸਟੈਂਡ 'ਤੇ ਬੱਸ ਦੀ ਉਡੀਕ ਕਰ ਰਹੀ ਸੀ ਕਿ ਅਚਾਨਕ ਉਸ ਦੇ ਗੋਲ਼ੀ ਲੱਗ ਗਈ। ਇਸ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ
ਹੈਮਿਲਟਨ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ ਲੋਕਲ ਸਮੇਂ ਮੁਤਾਬਕ 7.30 ਵਜੇ ਜਾਣਕਾਰੀ ਮਿਲੀ ਸੀ ਕਿ ਹੈਮਿਲਟਨ ਦੇ ਅੱਪਰ ਜੇਮਸ ਤੇ ਸਾਊਥ ਬੈਂਡ ਰੋਡ ਸਟ੍ਰੀਟ 'ਤੇ ਫਾਇਰਿੰਗ ਹੋਈ ਹੈ, ਜਿਸ ਮਗਰੋਂ ਪੁਲਸ ਮੌਕੇ 'ਤੇ ਪਹੁੰਚੀ ਤੇ ਹਰਸਿਮਰਤ ਨੂੰ ਛਾਤੀ 'ਚ ਗੋਲ਼ੀ ਲੱਗੀ ਸੀ, ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਹਰਸਿਮਰਤ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਧੂੰਦਾ ਦੀ ਰਹਿਣ ਵਾਲੀ ਸੀ ਤੇ ਕੈਨੇਡਾ 'ਚ ਹੈਮਿਲਟਨ ਦੇ ਮੋਹਾਕ ਕਾਲਜ ਦੀ ਵਿਦਿਆਰਥਣ ਸੀ, ਜਿਸ ਨੂੰ 2 ਵਾਹਨਾਂ ਦਰਮਿਆਨ ਹੋ ਰਹੀ ਫਾਇਰਿੰਗ ਕਾਰਨ ਆਪਣੀ ਜਾਨ ਗੁਆਉਣੀ ਪਈ। ਹੈਮਿਲਟਨ ਪੁਲਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ ਤੇ ਪੁਲਸ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਹਰਸਿਮਰਤ ਫਾਇਰਿੰਗ ਕਰ ਰਹੇ ਇਨ੍ਹਾਂ ਗੁੱਟਾਂ 'ਚ ਸ਼ਾਮਲ ਨਹੀਂ ਸੀ।
ਇਹ ਵੀ ਪੜ੍ਹੋ- 'ਕੁੱਤੇ' ਪਿੱਛੇ ਪੈ ਗਈ ED ਦੀ ਰੇਡ ! ਪੋਸਟ ਪਾ ਕੇ ਕਸੂਤਾ ਫ਼ਸਿਆ ਮਾਲਕ
ਇਸ ਤੋਂ ਇਲਾਵਾ ਇਸ ਫਾਇਰਿੰਗ ਕਾਰਨ ਨੇੜੇ ਹੀ ਇਕ ਘਰ ਦੀ ਖਿੜਕੀ ਵੀ ਟੁੱਟ ਗਈ ਸੀ, ਜਦੋਂ ਪਰਿਵਾਰਕ ਮੈਂਬਰ ਟੀ.ਵੀ. ਦੇਖ ਰਿਹਾ ਸੀ। ਹਾਲਾਂਕਿ ਗਨਿਮਤ ਰਹੀ ਕਿ ਇਸ ਗੋਲੀ ਕਾਰਨ ਉੱਥੇ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਜਾਣਕਾਰੀ ਨਹੀਂ ਹੈ।
ਇਸ ਮਾਮਲੇ 'ਤੇ ਦੁੱਖ ਜਤਾਉਂਦੇ ਹੋਏ ਹੋਏ ਭਾਰਤੀ ਅੰਬੈਸੀ ਨੇ ਆਪਣੇ 'ਐਕਸ' ਅਕਾਊਂਟ 'ਤੇ ਪੋਸਟ ਸਾਂਝੀ ਕਰ ਕੇ ਲਿਖਿਆ, ''ਅਸੀਂ ਓਂਟਾਰੀਓ ਦੇ ਹੈਮਿਲਟਨ 'ਚ ਭਾਰਤੀ ਵਿਦਿਆਰਥਣ ਹਰਸਿਮਰਤ ਰੰਧਾਵਾ ਦੀ ਅਚਾਨਕ ਹੋਈ ਮੌਤ ਕਾਰਨ ਬੇਹੱਦ ਦੁਖੀ ਹਾਂ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਬਿਲਕੁਲ ਬੇਕਸੂਰ ਸੀ ਤੇ ਦੋ ਵਾਹਨਾਂ ਵਿਚਕਾਰ ਹੋਈ ਗੋਲ਼ੀਬਾਰੀ ਕਾਰਨ ਉਸ ਨੂੰ ਆਪਣੀ ਜਾਨ ਗੁਆਉਣੀ ਪਈ।''
ਅੰਬੈਸੀ ਨੇ ਅੱਗੇ ਲਿਖਿਆ, ''ਵਾਰਦਾਤ ਦੀ ਜਾਂਚ ਪੁਲਸ ਵੱਲੋਂ ਕੀਤੀ ਜਾ ਰਹੀ ਹੈ। ਅਸੀਂ ਰੰਧਾਵਾ ਦੇ ਪਰਿਵਾਰ ਨਾਲ ਸੰਪਰਕ 'ਚ ਹਾਂ ਤੇ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਹਾਂ। ਇਸ ਮੁਸ਼ਕਲ ਘੜੀ 'ਚ ਸਾਡੀਆਂ ਪ੍ਰਾਰਥਨਾਵਾਂ ਪੀੜਤ ਪਰਿਵਾਰ ਦੇ ਨਾਲ ਹਨ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e