ਵਿਦੇਸ਼ ''ਚ ਵੱਸਦੇ ਪੰਜਾਬੀ ਭਾਈਚਾਰੇ ਨੇ ਸਮੇਂ ਦੀ ਨਬਜ਼ ਨੂੰ ਪਹਿਚਾਣਦੇ ਹੋਏ ਪਾਇਆ ਵੱਡਾ ਯੋਗਦਾਨ : ਔਜਲਾ

Saturday, Jun 12, 2021 - 10:19 PM (IST)

ਅੰਮਿ੍ਤਸਰ(ਵਿਪਨ ਅਰੋੜਾ)- ਦੁਬਈ ਵੱਸਦੇ ਪੰਜਾਬੀ ਸਰਦਾਰ ਸੁਰਿੰਦਰ ਸਿੰਘ ਕੰਧਾਰੀ, ਜੋ ਕਿ ਦੁਬਈ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਚੇਅਰਮੈਨ ਵੀ ਹਨ, ਵੱਲੋਂ ਕੋਰੋਨਾ ਸੰਕਟ ਦੇ ਚੱਲਦੇ ਅੰਮਿ੍ਤਸਰ ਜ਼ਿਲ੍ਹੇ ਲਈ 100 ਆਕਸੀਜਨ ਕੰਸਟਰੈਟਰ ਭੇਜੇ ਗਏ, ਜੋ ਕਿ ਜ਼ਿਲ੍ਹੇ ਦੇ ਵੱਖ ਵੱਖ ਹਸਪਤਾਲਾਂ ਵਿੱਚ ਭੇਜੇ ਜਾਣਗੇ। ਗੁਰੂ ਨਾਨਕ ਹਸਪਤਾਲ ਵਿਖੇ ਇਹ ਸਹਾਇਤਾ ਪ੍ਰਾਪਤ ਕਰਨ ਲਈ ਸੰਸਦ ਮੈਂਬਰ ਸਰਦਾਰ ਗੁਰਜੀਤ ਸਿੰਘ ਔਜਲਾ, ਵਿਧਾਇਕ ਸੁਨੀਲ ਦੱਤੀ, ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਕੌਂਸਲਰ ਵਿਕਾਸ ਸੋਨੀ ਅਤੇ ਹੋਰ ਮੋਹਤਬਰ ਵਿਸ਼ੇਸ਼ ਤੌਰ 'ਤੇ ਪਹੁੰਚੇ। ਸਰਦਾਰ ਔਜਲਾ ਨੇ ਇਸ ਮੌਕੇ ਕੰਧਾਰੀ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਡੇ ਲਈ ਵੱਡੀ ਰਾਹਤ ਵਾਲੀ ਗੱਲ ਇਹ ਰਹੀ ਹੈ ਕਿ ਪਰਵਾਸੀ ਪੰਜਾਬੀ ਬਿਪਤਾ ਦੇ ਇਸ ਦੌਰ ਵਿੱਚ ਵੀ ਦਿਲ ਖੋਲ੍ਹ ਕੇ ਸਾਡੇ ਨਾਲ ਖੜ੍ਹੇ ਹਨ। 
ਉਨ੍ਹਾਂ ਕਿਹਾ ਕਿ ਕੰਧਾਰੀ ਪਰਿਵਾਰ ਨੇ ਸਮੇਂ ਦੀ ਨਬਜ਼ ਨੂੰ ਪਹਿਚਾਣਦੇ ਹੋਏ ਇਹ ਸਹਾਇਤਾ ਭੇਜੀ ਹੈ, ਜਿਸ ਲਈ ਅਸੀਂ ਇਨ੍ਹਾਂ ਦੇ ਰਿਣੀ ਹਾਂ। ਉਨ੍ਹਾਂ ਦੱਸਿਆ ਕਿ ਅਸੀਂ ਇਹ ਮਸਨੂਈ ਸਾਹ ਦੇਣ ਵਾਲੀਆਂ ਮਸ਼ੀਨਾਂ ਜ਼ਿਲ੍ਹੇ ਦੇ ਉਨ੍ਹਾਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਪਹੁੰਚਾਵਾਂਗੇ, ਜਿੱਥੇ ਕਿ ਇਨ੍ਹਾਂ ਦੀ ਸਹੀ ਵਰਤੋਂ ਹੋ ਸਕੇ।  ਸੁਰਿੰਦਰ ਸਿੰਘ ਕੰਧਾਰੀ ਵੀ ਇਸ ਮੌਕੇ ਆਪਣੇ ਪਰਿਵਾਰ ਨਾਲ ਦੁਬਈ ਤੋਂ ਵੀਡੀਓ ਕਾਨਫਰੰਸ ਜਰੀਏ ਸ਼ਾਮਿਲ ਹੋਏ ਅਤੇ ਉਨ੍ਹਾਂ ਪੰਜਾਬ ਦੀ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਸੇਵਾ ਮੁਕਤ ਆਈ -ਐਫ -ਐਸ ਨਵਦੀਪ ਸਿੰਘ ਸੂਰੀ, ਪਿ੍ੰਸੀਪਲ  ਰਾਜੀਵ ਦੇਵਗਨ, ਡਾਕਟਰ ਕੇ -ਡੀ ਸਿੰਘ ਅਤੇ ਸਖਸ਼ੀਅਤਾਂ ਵੀ ਹਾਜ਼ਰ ਸਨ।


Bharat Thapa

Content Editor

Related News