ਪੰਜਾਬੀ ਮੁੰਡੇ ਦਾ ਕਤਲ ਮਾਮਲਾ : ਪਰਵਾਸੀਆਂ ਲਈ ਪਿੰਡ ਵਾਲਿਆਂ ਦਾ ਵੱਡਾ ਫ਼ੈਸਲਾ

Saturday, Nov 16, 2024 - 12:38 PM (IST)

ਪੰਜਾਬੀ ਮੁੰਡੇ ਦਾ ਕਤਲ ਮਾਮਲਾ : ਪਰਵਾਸੀਆਂ ਲਈ ਪਿੰਡ ਵਾਲਿਆਂ ਦਾ ਵੱਡਾ ਫ਼ੈਸਲਾ

ਮੋਹਾਲੀ (ਸੰਦੀਪ) : ਮੋਹਾਲੀ ਦੇ ਪਿੰਡ ਕੁੰਭੜਾ 'ਚ ਬੁੱਧਵਾਰ ਨੂੰ ਪਰਵਾਸੀ ਨੌਜਵਾਨਾਂ ਵੱਲੋਂ ਪੰਜਾਬੀ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ 'ਚ ਇਕ ਹੋਰ ਮੁੰਡਾ ਵੀ ਗੰਭੀਰ ਰੂਪ 'ਚ ਜ਼ਖਮੀ ਹੋਇਆ ਹੈ। ਘਟਨਾ ਤੋਂ ਬਾਅਦ ਪਿੰਡ ਕੁੰਭੜਾ ਦੇ ਵਾਸੀਆਂ ਨੇ ਫ਼ੈਸਲਾ ਕੀਤਾ ਹੈ ਕਿ ਪਿੰਡ ਦੇ ਸਾਰੇ ਪਰਵਾਸੀ ਜਿਹੜੇ ਪੀ. ਜੀ. ਜਾਂ ਕਿਰਾਏ 'ਤੇ ਰਹਿੰਦੇ ਹਨ, ਉਨ੍ਹਾਂ ਦੀਆਂ ਵੋਟਾਂ ਇੱਥੇ ਦੀਆਂ ਨਹੀਂ ਬਣਨੀਆਂ ਚਾਹੀਦੀਆਂ। ਨਾਲ ਹੀ, ਉਨ੍ਹਾਂ ਦੇ ਆਧਾਰ ਕਾਰਡਾਂ 'ਤੇ ਪਤਾ ਵੀ ਨਾਂ ਬਦਲਿਆ ਜਾਵੇ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਸਬੰਧੀ ਮੰਗ ਪੱਤਰ ਤਿਆਰ ਕਰਕੇ ਡੀ. ਸੀ. ਨੂੰ ਦਿੱਤਾ ਜਾਵੇਗਾ। ਮੰਗ ਪੱਤਰ ਵਿਚ ਲਿਖਿਆ ਗਿਆ ਕਿ ਪਿੰਡ ਵਿਚ ਜਿੰਨੇ ਵੀ ਪਰਵਾਸੀ ਰਹਿੰਦੇ ਹਨ, ਸਾਰਿਆਂ ਦੀ ਪੁਲਸ ਵੈਰੀਫਿਕੇਸ਼ਨ ਤੁਰੰਤ ਕੀਤੀ ਜਾਵੇ ਅਤੇ ਆਧਾਰ ਕਾਰਡ ਅਤੇ ਵੋਟਰ ਕਾਰਡ ਬਣਾਉਣ ’ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾਈ ਜਾਵੇ। ਪਿੰਡ ਕੁੰਭੜਾ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਇਹ ਲੋਕ ਇੱਥੇ ਆ ਕੇ ਪੰਜਾਬੀ ਲੋਕਾਂ ਦਾ ਕਤਲ ਕਰ ਕੇ ਆਸਾਨੀ ਨਾਲ ਭੱਜ ਜਾਂਦੇ ਹਨ। ਇਨ੍ਹਾਂ ਦਾ ਪਤਾ ਸਰਕਾਰੀ ਦਸਤਾਵੇਜ਼ਾਂ 'ਤੇ ਇੱਥੇ ਦਾ ਹੁੰਦਾ ਹੈ, ਜਿਸ ਕਾਰਨ ਪੁਲਸ ਨੂੰ ਇਨ੍ਹਾਂ ਨੂੰ ਫੜ੍ਹਨ 'ਚ ਪਰੇਸ਼ਾਨੀ ਹੁੰਦੀ ਹੈ। ਇਸ ਲਈ ਇਨ੍ਹਾਂ ਪਰਵਾਸੀਆਂ ਦੇ ਸਰਕਾਰੀ ਦਸਤਾਵੇਜ਼ਾਂ ’ਤੇ ਇਨ੍ਹਾਂ ਦੇ ਮੂਲ ਸਥਾਨ ਦਾ ਪਤਾ ਹੀ ਹੋਣਾ ਚਾਹੀਦਾ। ਇੱਥੇ ਜੇਕਰ ਇਹ ਲੋਕ ਰਹਿ ਰਹੇ ਹਨ ਤਾਂ ਇਨ੍ਹਾਂ ਦੇ ਵੋਟਰ ਕਾਰਡ ਨਾ ਬਣਾਏ ਜਾਣ ਅਤੇ ਨਾ ਹੀ ਨਵਾਂ ਆਧਾਰ ਕਾਰਡ ਬਣਨ ਅਤੇ ਪੁਰਾਣੇ ਆਧਾਰ ਕਾਰਡ ’ਤੇ ਵੀ ਪਤਾ ਨਹੀਂ ਬਦਲਿਆ ਜਾਣਾ ਚਾਹੀਦਾ। 

ਇਹ ਵੀ ਪੜ੍ਹੋ : ਪੰਜਾਬ 'ਚ ਸਕੂਲ ਬੰਦ ਕਰਨ ਦੀ ਤਿਆਰੀ! ਜਾਣੋ ਕੀ ਹੈ ਕਾਰਨ
ਨੀਲੇ ਕਾਰਡ ਵੀ ਰੱਦ ਕੀਤੇ ਜਾਣ
ਪਿੰਡ ਵਾਲਿਆਂ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਦੇ ਵੋਟਰ ਅਤੇ ਆਧਾਰ ਕਾਰਡ ਪਿੰਡ ਦੇ ਪਤੇ ’ਤੇ ਬਣੇ ਹਨ, ਉਨ੍ਹਾਂ ਨੂੰ ਵੀ ਰੱਦ ਕੀਤਾ ਜਾਵੇ। ਪਿੰਡ ਦੇ ਲੋਕਾਂ ਨੇ ਕਿਹਾ ਕਿ ਜਿਹੜੇ ਪਿੰਡ ਦੇ ਪੱਕੇ ਨਿਵਾਸੀ ਹਨ, ਪ੍ਰਸ਼ਾਸਨ ਨੇ ਉਨ੍ਹਾਂ ਦੇ ਨੀਲੇ ਕਾਰਡ ਰੱਦ ਕਰ ਰੱਖੇ ਹਨ, ਉਨ੍ਹਾਂ ਨੂੰ ਮੁਫ਼ਤ ਰਾਸ਼ਨ ਦੀ ਸਹੂਲਤ ਨਹੀਂ ਮਿਲ ਰਹੀ ਹੈ ਪਰ ਇਨ੍ਹਾਂ ਪਰਵਾਸੀਆਂ ਦੇ ਨੀਲੇ ਕਾਰਡ ਵੀ ਬਣਾਏ ਹੋਏ ਹਨ। ਇਨ੍ਹਾਂ ਨੂੰ ਰਾਸ਼ਨ ਵੀ ਮੁਫ਼ਤ ਦਿੱਤਾ ਜਾ ਰਿਹਾ ਹੈ। ਜੋ ਪਿੰਡ ਕੁੰਭੜਾ ਦੇ ਪੰਜਾਬੀ ਅਤੇ ਪੱਕੇ ਵਾਸੀਆਂ ਦੇ ਲਈ ਦੁੱਖ ਦੀ ਗੱਲ ਹੈ। ਪ੍ਰਵਾਸੀਆਂ ਦੇ ਨੀਲੇ ਕਾਰਡ ਵੀ ਪਿੰਡ ਵਾਸੀਆਂ ਨੇ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦੀ ਮੰਗ ਕੀਤੀ ਹੈ। 
ਧਰਨੇ ਵਾਲੀ ਥਾਂ 'ਤੇ ਪੁੱਜੇ ਵਿਧਾਇਕ
ਧਰਨੇ ਵਾਲੀ ਥਾਂ 'ਤੇ ਪਹੁੰਚੇ ਵਿਧਾਇਕ ਕੁਲਵੰਤ ਸਿੰਘ ਨਾਲ ਜਦੋਂ ਇਸ ਵਿਸ਼ੇ ਵਿਚ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਸਾਰੇ ਨਾਜਾਇਜ਼ ਪੀ. ਜੀ. ਚਲਾਏ ਜਾ ਰਹੇ ਹਨ, ਸਾਰਿਆ ਦੀ ਜਾਂਚ ਕੀਤੀ ਜਾਵੇਗੀ। ਆਉਣ ਵਾਲੇ 15 ਦਿਨਾਂ ਵਿਚ ਜਿਹੜੇ ਗੈਰ-ਕਾਨੂੰਨੀ ਪੀ. ਜੀ ਚਲਾਏ ਜਾ ਰਹੇ ਹਨ, ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਵੱਲੋਂ ਇਹ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਘਰੇਲੂ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ, ਇਸ ਤਾਰੀਖ਼ ਤੋਂ ਲਾਗੂ ਹੋਏ ਨਵੇਂ ਰੇਟ
ਪੁਲਸ ਨੇ ਇਕ ਦੋਸ਼ੀ ਕੀਤਾ ਗ੍ਰਿਫ਼ਤਾਰ
17 ਸਾਲਾ ਦਮਨ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ’ਚ ਥਾਣਾ ਫੇਜ਼-8 ਦੀ ਪੁਲਸ ਨੇ ਇਕ ਮੁਲਜ਼ਮ ਗੌਰਵ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਹੋਰਾਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਫੇਜ਼-8 ਦੀ ਪੁਲਸ ਅਨੁਸਾਰ ਮੁਲਜ਼ਮ ਗੌਰਵ ਵਾਸੀ ਰਾਏਪੁਰ ਖੁਰਦ ਹੈ। ਉਹ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦਾ ਹੈ। ਉਸ ਨੂੰ ਸੋਹਾਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੌਰਵ ਨੇ ਮੁੱਖ ਮੁਲਜ਼ਮ ਆਕਾਸ਼ ਤੇ ਹੋਰ ਨੌਜਵਾਨਾਂ ਦੀ ਮਦਦ ਕੀਤੀ ਸੀ। ਜਾਂਚ ’ਚ ਸਾਹਮਣੇ ਆਇਆ ਹੈ ਕਿ ਕਤਲ ਕਰਨ ਤੋਂ ਬਾਅਦ ਸਾਰੇ ਮੁਲਜ਼ਮ ਗੌਰਵ ਦੇ ਘਰ ਆਏ ਸਨ ਤੇ ਗੌਰਵ ਨੇ ਹੀ ਉਨ੍ਹਾਂ ਨੂੰ ਨਵੇਂ ਸਿੰਮ ਕਾਰਡ ਦਿਵਾਏ ਤੇ ਚੰਡੀਗੜ੍ਹ ਸੈਕਟਰ-17 ਦੇ ਬੱਸ ਸਟੈਂਡ ’ਤੇ ਛੱਡਣ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਗੌਰਵ ਤੇ ਆਕਾਸ਼ ਬਚਪਨ ਦੇ ਦੋਸਤ ਹਨ ਤੇ 12ਵੀਂ ਜਮਾਤ ਤੱਕ ਇਕੱਠੇ ਪੜ੍ਹੇ ਹਨ। ਪੁਲਸ ਨੇ ਗੌਰਵ ਨੂੰ ਅਦਾਲਤ ’ਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਥਾਣਾ ਫੇਜ਼-8 ਦੇ ਇੰਚਾਰਜ ਰੁਪਿੰਦਰ ਸਿੰਘ ਨੇ ਦੱਸਿਆ ਕਿ ਗੌਰਵ ਵੱਲੋਂ ਕਈ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ। ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਬਾਕਿਆਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 
ਏਅਰਪੋਰਟ ਰੋਡ ’ਤੇ ਲਾਸ਼ ਰੱਖ ਕੇ ਪ੍ਰਦਰਸ਼ਨ
ਦੂਜੇ ਪਾਸੇ ਹੋਰ ਕਾਤਲਾਂ ਦੀ ਗ੍ਰਿਫ਼ਤਾਰੀ ਤੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਵੀਰਵਾਰ ਦੁਪਹਿਰ ਤੋਂ ਏਅਰਪੋਰਟ ਚੌਂਕ ’ਤੇ ਮ੍ਰਿਤਕ ਦਮਨ ਅਤੇ ਇਲਾਜ ਅਧੀਨ ਦਿਲਪ੍ਰੀਤ ਦੇ ਪਰਿਵਾਰ ਵੱਲੋਂ ਧਰਨਾ ਜਾਰੀ ਹੈ। ਵਿਧਾਇਕ ਕੁਲਵੰਤ ਸਿੰਘ ਤੇ ਐੱਸ. ਐੱਸ. ਪੀ. ਦੀਪਕ ਪਾਰੀਕ ਨੇ ਸ਼ੁੱਕਰਵਾਰ ਨੂੰ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਪ੍ਰਗਟਾਇਆ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਪਰਿਵਾਰ ਨਾਲ ਹਨ, ਜਦਕਿ ਐੱਸ. ਐੱਸ. ਪੀ. ਦੀਪਕ ਪਾਰੀਕ ਨੇ ਦੱਸਿਆ ਕਿ ਪੁਲਸ ਜਲਦ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ। ਦਮਨ ਕੁਮਾਰ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਹ ਸਸਕਾਰ ਨਹੀਂ ਕਰਨਗੇ।
ਕੀ ਹੈ ਮਾਮਲਾ
ਬੀਤੇ ਬੁੱਧਵਾਰ ਪਿੰਡ ਕੁੰਭੜਾ ਵਿਖੇ ਪੰਜਾਬੀ ਮੁੰਡੇ ਦਮਨ (17) ਅਤੇ ਦਿਲਪ੍ਰੀਤ (16) ਮੋਟਰਸਾਈਕਲ 'ਤੇ ਜਾ ਰਹੇ ਸਨ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਪਰਵਾਸੀ ਲੋਕਾਂ ਨਾਲ ਉਨ੍ਹਾਂ ਦੀ ਟੱਕਰ ਹੋ ਗਈ ਅਤੇ ਦੋਹਾਂ ਧਿਰਾਂ ਵਿਚਾਲੇ ਬਹਿਸਬਾਜ਼ੀ ਹੋ ਗਈ। ਪਰਵਾਸੀ ਪਹਿਲਾਂ ਤਾਂ ਉੱਥੋਂ ਚਲੇ ਗਏ ਪਰ ਬਾਅਦ 'ਚ ਆਪਣੇ ਦੋਸਤਾਂ ਨੂੰ ਨਾਲ ਲਿਆ ਕੇ ਦਮਨ ਅਤੇ ਦਿਲਪ੍ਰੀਤ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਦਮਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਦਿਲਪ੍ਰੀਤ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News