ਰਾਮਲੱਲਾ ਦੇ ਦਰਸ਼ਨ ਕਰਨ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ, ਲਿਆ ਗਿਆ ਇਹ ਫ਼ੈਸਲਾ
Monday, Dec 16, 2024 - 09:39 AM (IST)
ਚੰਡੀਗੜ੍ਹ (ਲਲਨ) : ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਨੇ ਚੰਡੀਗੜ੍ਹ ਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਹਰ ਹਫ਼ਤੇ ਰਾਮਲੱਲਾ ਦੇ ਦਰਸ਼ਨ ਕਰਵਾਉਣ ਲਈ ਤਿਆਰੀਆਂ ਕਰ ਲਈਆਂ ਹਨ। ਆਈ. ਆਰ. ਸੀ ਟੀ. ਸੀ. ਨੇ ਰਾਮਲੱਲਾ ਦੇ ਦਰਸ਼ਨਾਂ ਲਈ ਚੰਡੀਗੜ੍ਹ ਤੋਂ ਅਯੁੱਧਿਆ ਲਈ ਸਪੈਸ਼ਲ ਟੂਰਿਸਟ ਰੇਲ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਰੇਲਗੱਡੀ ਹਫ਼ਤਾਵਾਰੀ ਹੋਵੇਗੀ ਤੇ ਹਰ ਸ਼ੁੱਕਰਵਾਰ ਚੰਡੀਗੜ੍ਹ ਤੋਂ ਚੱਲੇਗੀ। ਇਸ ਸਬੰਧੀ ਰੀਜਨਲ ਮੈਨੇਜਰ ਹਰਜੋਤ ਸਿੰਘ ਸੰਧੂ ਨੇ ਦੱਸਿਆ ਕਿ ਇਹ ਰੇਲ ਗੱਡੀ ਚੰਡੀਗੜ੍ਹ ਤੋਂ ਹਰ ਸ਼ੁੱਕਰਵਾਰ ਰਾਤ 9.05 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਅਯੁੱਧਿਆ ਪਹੁੰਚੇਗੀ। ਅਯੁੱਧਿਆ ’ਚ ਰਾਮ ਮੰਦਰ ਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ। ਵਾਪਸੀ ’ਤੇ ਇਕ ਦਿਨ ਲਖਨਊ ਦੀ ਸੈਰ ਵੀ ਕਰਵਾਈ ਜਾਵੇਗੀ। ਇਸ ਪੂਰੇ ਪੈਕੇਜ ’ਚ 3 ਰਾਤਾਂ ਤੇ 4 ਦਿਨ ਸ਼ਾਮਲ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ ਆਉਣ-ਜਾਣ ਵਾਲੇ ਸਾਵਧਾਨ! ਅੱਜ ਇਹ Road ਬੰਦ ਰਹਿਣਗੇ
ਇਸ ਵਿਸ਼ੇਸ਼ ਟੂਰ ਪੈਕੇਜ ਲਈ ਯਾਤਰੀ ਆਨਲਾਈਨ ਬੁਕਿੰਗ ਲਈ ਆਈ. ਆਰ. ਸੀ. ਟੀ. ਸੀ. ਦੀ ਵੈੱਬਸਾਈਟ ਤੋਂ ਟਿਕਟ ਬੁੱਕ ਕਰ ਸਕਦੇ ਹਨ। ਆਫਲਾਈਨ ਬੁਕਿੰਗ ਲਈ ਯਾਤਰੀ ਆਈ. ਆਰ. ਸੀ. ਟੀ. ਸੀ. ਦੇ ਸੈਕਟਰ-34 ਸਥਿਤ ਦਫ਼ਤਰ ’ਚ ਜਾ ਕੇ ਟਿਕਟ ਖ਼ਰੀਦ ਸਕਦੇ ਹਨ। ਇਸ ਪੈਕੇਜ ਟੂਰ ਵਿਚ ਯਾਤਰੀਆਂ ਨੂੰ ਠਹਿਰਣ ਤੋਂ ਲੈ ਕੇ ਰੋਜ਼ਾਨਾ ਸਵੇਰ ਦਾ ਨਾਸ਼ਤਾ, ਦੁਪਹਿਰ ਅਤੇ ਰਾਤ ਦਾ ਭੋਜਨ ਤੇ ਅਯੁੱਧਿਆ ਜਾਂ ਲਖਨਊ ’ਚ ਘੁੰਮਣ ਫਿਰਨ ਦੀ ਵਿਵਸਥਾ ਵੀ ਆਈ. ਆਰ. ਸੀ. ਟੀ. ਸੀ. ਹੀ ਕਰਵਾਏਗਾ। ਟਿਕਟ ਫ਼ੀਸ ਤੋਂ ਇਲਾਵਾ ਯਾਤਰੀ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵਾਧੂ ਫ਼ੀਸ ਨਹੀਂ ਲਈ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਨਵੇਂ ਬਿਜਲੀ ਮੀਟਰ ਅਪਲਾਈ ਕਰਨ ਵਾਲਿਆਂ ਲਈ ਵੱਡੀ ਖ਼ਬਰ
ਆਈ. ਆਰ. ਸੀ. ਟੀ. ਸੀ. ਨੇ ਦੋ ਸ਼੍ਰੇਣੀਆਂ ’ਚ ਬਣਾਏ ਹਨ ਪੈਕੇਜ
ਆਈ. ਆਰ. ਸੀ. ਟੀ. ਸੀ. ਨੇ ਇਸ ਰੇਲਗੱਡੀ ’ਚ ਦੋ ਪੈਕੇਜ ਰੱਖੇ ਹਨ। ਇਸ ਰੇਲ ’ਚ ਥਰਡ ਏ. ਸੀ. ਅਤੇ ਸਿਰਫ਼ ਸਲੀਪਰ ਕੋਚ ਹੀ ਰੱਖੇ ਗਏ ਹਨ। ਥਰਡ ਏ. ਸੀ. ਕੋਚ ’ਚ ਸਫ਼ਰ ਕਰਨ ਵਾਲੇ ਹਰ ਯਾਤਰੀ ਨੂੰ 17,895 ਰੁਪਏ ਅਤੇ ਸਲੀਪਰ ਕੋਚ ’ਚ ਸਫ਼ਰ ਕਰਨ ਵਾਲੇ ਨੂੰ 15,305 ਰੁਪਏ ਦੇਣੇ ਹੋਣਗੇ। ਇਸ ਪੈਕੇਜ ਟੂਰ ’ਚ ਇਕ ਪਰਿਵਾਰ ਦੇ ਦੋ ਜਾਂ ਤਿੰਨ ਲੋਕਾਂ ਦੇ ਯਾਤਰਾ ਕਰਨ ’ਤੇ ਕਿਰਾਏ ’ਚ ਛੋਟ ਜਾਂ ਕਮੀ ਦਾ ਵੀ ਪ੍ਰਾਵਧਾਨ ਰੱਖਿਆ ਹੋਇਆ ਹੈ। ਇਸ ਪੈਕੇਜ ਟੂਰ ’ਚ ਚੰਡੀਗੜ੍ਹ ਤੋਂ ਅਯੁੱਧਿਆ ਪਹੁੰਚਣ ’ਤੇ ਸਭ ਤੋਂ ਪਹਿਲਾਂ ਰਾਮਲੱਲਾ ਮੰਦਰ, ਹਨੂੰਮਾਨ ਗੜ੍ਹੀ ਅਤੇ ਸਰਯੂ ਘਾਟ ਦੇ ਦਰਸ਼ਨ ਕਰਵਾਏ ਜਾਣਗੇ। ਵਾਪਸੀ ’ਤੇ ਯਾਤਰੀਆਂ ਨੂੰ ਲਖਨਊ ਦੇ ਹਜ਼ਰਤਗੰਜ ਦੀ ਸੈਰ ਕਰਵਾਈ ਜਾਵੇਗੀ।
ਭਾਰਤ ਦਰਸ਼ਨ ਰੇਲ ਗੱਡੀ ’ਚ ਹੋਣਗੀਆਂ ਇਹ ਸਹੂਲਤਾਂ
ਭਾਰਤ ਦਰਸ਼ਨ ਰੇਲ ਗੱਡੀ ’ਚ ਥਰਡ ਏ. ਸੀ. ਦੀ ਕੰਨਫਰਮ ਟਿਕਟ ਮਿਲੇਗੀ।
ਯਾਤਰਾ ਦੌਰਾਨ ਭੋਜਨ ਅਤੇ ਰਿਹਾਇਸ਼ ਦਾ ਖ਼ਰਚਾ ਵੀ ਟਿਕਟ ’ਚ ਸ਼ਾਮਲ ਹੈ।
ਯਾਤਰਾ ਦੌਰਾਨ ਲੋਕਲ ਟ੍ਰਾਂਸਪੋਰਟੇਸ਼ਨ ਦੀ ਸਹੂਲਤ ਮੁਫ਼ਤ ਹੋਵੇਗੀ।
ਸਫ਼ਰ ਦੌਰਾਨ ਛੋਟੇ ਸਟੇਸ਼ਨਾਂ ’ਤੇ ਰੁਕਣ, ਚੜ੍ਹਨ ਅਤੇ ਉਤਰਨ ਦੀ ਸੁਵਿਧਾ ਹੋਵੇਗੀ।
ਹਰ ਕੋਚ ’ਚ ਇਕ ਸੁਰੱਖਿਆ ਗਾਰਡ ਹੋਵੇਗਾ।
ਯਾਤਰੀ ਯਾਤਰਾ ਦੇ ਬਦਲੇ ਐੱਲ. ਟੀ. ਏ. ਕਲੇਮ ਕਰ ਸਕਦੇ ਹਨ।
ਐੱਲ.ਟੀ.ਸੀ. ਕਲੇਮ ਲਈ ਰੇਲਵੇ ਯਾਤਰਾ ਪੂਰੀ ਹੋਣ ਤੋਂ ਬਾਅਦ ਐੱਲ.ਟੀ.ਸੀ. ਸਰਟੀਫਿਕੇਟ ਮਿਲੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8