ਥਾਣਿਆਂ ''ਚ ਧਮਾਕਾ ਕਰਨ ਵਾਲਿਆਂ ਦੇ ਐਨਕਾਊਂਟਰ ਮਗਰੋਂ DGP ਪੰਜਾਬ ਦਾ ਵੱਡਾ ਖ਼ੁਲਾਸਾ
Monday, Dec 23, 2024 - 09:51 AM (IST)
ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਦੇ ਥਾਣਿਆਂ 'ਤੇ ਗ੍ਰਨੇਡ ਹਮਲੇ ਕਰਨ ਵਾਲਿਆਂ ਦਾ ਪੁਲਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਹੈ। ਪੰਜਾਬ ਪੁਲਸ ਵੱਲੋਂ ਉੱਤਰ ਪ੍ਰਦੇਸ਼ ਪੁਲਸ ਨਾਲ ਸਾਂਝੇ ਆਪ੍ਰੇਸ਼ਨ ਵਿਚ ਗੁਰਦਾਸਪੁਰ ਦੇ ਥਾਣੇ 'ਤੇ ਹਮਲਾ ਕਰਨ ਵਾਲੇ 3 ਮੁਲਜ਼ਮਾਂ ਨੂੰ ਐਨਕਾਊਂਟਰ ਮਗਰੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਵੱਡਾ ਖ਼ੁਲਾਸਾ ਕੀਤਾ ਹੈ।
ਡੀ.ਜੀ.ਪੀ. ਗੌਰਵ ਯਾਦਵ ਨੇ ਆਖ਼ਿਆ ਹੈ ਕਿ ਇਹ ਤਿੰਨੇ ਮੁਲਜ਼ਮ ਪਾਕਿਸਸਤਾਨ ਸਮਰਥਿਤ ਅੱਤਵਾਦੀ ਮੋਡੀਊਲ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ (KZF) ਨਾਲ ਜੁੜੇ ਹੋਏ ਸਨ। ਉਨ੍ਹਾਂ ਕਿਹਾ ਕਿ ਇਹ ਮੋਡੀਊਲ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਥਾਣਿਆਂ 'ਤੇ ਹੋਏ ਹਮਲਿਆਂ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਮੋਡੀਊਲ ਦੇ ਤਿੰਨ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਸ ਦੀ ਟੀਮ ਉੱਤਰ ਪ੍ਰਦੇਸ਼ ਦੇ ਪਿਲੀਭੀਤ ਗਈ ਸੀ ਤੇ ਇਨ੍ਹਾਂ ਵੱਲੋਂ ਪੰਜਾਬ ਤੇ ਉੱਤਰ ਪ੍ਰਦੇਸ਼ ਪੁਲਸ ਦੀ ਸਾਂਝੀ ਟੀਮ 'ਤੇ ਹਮਲਾ ਕਰ ਦਿੱਤਾ ਗਿਆ। ਜਿਸ ਦੇ ਜਵਾਬ ਵਿਚ ਪੁਲਸ ਵੱਲੋਂ ਵੀ ਫ਼ਾਇਰਿੰਗ ਕੀਤੀ ਗਈ।
ਉਨ੍ਹਾਂ ਕਿਹਾ ਕਿ ਤਿੰਨਾਂ ਮੁਲਜ਼ਮਾਂ ਨੂੰ ਜ਼ਖ਼ਮੀ ਹਾਲਤ ਵਿਚ CHC ਪੂਰਨਪੁਰ ਵਿਖੇ ਇਲਾਜ ਲਈ ਲਿਜਾਇਆ ਗਿਆ ਹੈ। ਪੂਰੇ ਅੱਤਵਾਦੀ ਮੋਡੀਊਲ ਦਾ ਪਰਦਾਫ਼ਾਸ਼ ਕਰਨ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਤਿੰਨਾ ਮੁਲਜ਼ਮਾਂ ਕੋਲੋਂ 2 AK ਰਾਈਫ਼ਲਾਂ ਤੇ 2 ਗਲੋਕ ਪਿਸਟਲਾਂ ਬਰਾਮਦ ਕੀਤੀਆਂ ਗਈਆਂ ਹਨ।