ਦਿਲਜੀਤ ਦੋਸਾਂਝ ਤੇ ਐਮੀ ਵਿਰਕ ਸਣੇ ਕਿਸਾਨਾਂ ਦੇ ਹੱਕ ਲਈ ਅੱਗੇ ਆਏ ਇਹ ਪੰਜਾਬੀ ਕਲਾਕਾਰ

09/14/2020 12:06:59 PM

ਜਲੰਧਰ(ਬਿਊਰੋ) - ਪੰਜਾਬੀ ਫ਼ਿਲਮ ਤੇ ਸੰਗੀਤ ਜਗਤ 'ਚ ਕਈ ਅਜਿਹੇ ਕਲਾਕਾਰ ਵੀ ਮੌਜੂਦ ਹਨ, ਜੋ ਬਿਨਾਂ ਮਤਬਲ ਦੀਆਂ ਪੋਸਟਾਂ ਪਾਉਂਦੇ ਰਹਿੰਦੇ ਹਨ ਪਰ ਕੁਝ ਕਲਾਕਾਰ ਅਜਿਹੇ ਵੀ ਹਨ, ਜੋ ਆਪਣੀ ਹਰ ਪੋਸਟ 'ਚ ਕਿਸੇ ਨਾ ਕਿਸੇ ਮੁੱਦੇ ਪ੍ਰਤੀ ਆਵਾਜ਼ ਉੱਠਾਉਂਦੇ ਹਨ। ਜਿਵੇਂ ਕੀ ਸਭ ਨੂੰ ਪਤਾ ਹੀ ਹੈ ਕਿ ਇੰਨ੍ਹੀਂ ਦਿਨੀਂ ਪੰਜਾਬ 'ਚ ਕਿਸਾਨਾਂ ਦਾ ਮੁੱਦਾ ਚੱਲ ਰਿਹਾ ਹੈ, ਜਿਸ 'ਤੇ ਪੰਜਾਬੀ ਕਲਾਕਾਰ ਸੋਸ਼ਲ ਮੀਡੀਆ ਦੇ ਜਰੀਏ ਆਪਣੇ-ਆਪਣੇ ਵਿਚਾਰ ਜਾਂ ਰਾਏ ਰੱਖ ਰਹੇ ਹਨ। ਹੁਣ ਕਲਾਕਾਰ ਕਿਸਾਨਾਂ ਦੇ ਦਰਦ ਅਤੇ ਇਸ ਸੱਚਾਈ ਤੋਂ ਪਾਸਾ ਵੱਟਣ ਦੀ ਬਜਾਏ ਉਨ੍ਹਾਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਬੱਬੂ ਮਾਨ ਤੇ ਰਣਜੀਤ ਬਾਵਾ ਨੇ ਆਪਣੀ-ਆਪਣੀ ਪੋਸਟ ਦੇ ਜਰੀਏ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਉੱਠਾਈ, ਜਿਸ ਤੋਂ ਬਾਅਦ ਐਮੀ ਵਿਰਕ, ਦਿਲਜੀਤ ਦੋਸਾਂਝ ਤੇ ਗੁਰਨਾਮ ਭੁੱਲਰ ਵਰਗੇ ਵੀ ਕਲਾਕਾਰ ਅੱਗੇ ਆਏ ਹਨ।

PunjabKesari
ਦਿਲਜੀਤ ਦੋਸਾਂਝ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ, 'ਭਾਵੇਂ ਅਸੀਂ ਗਾਇਕ ਜਾਂ ਫ਼ਿਲਮਾਂ ਦਾ ਕਿੱਤਾ ਚੁਣਿਆ ਹੈ ਪਰ ਅਸੀਂ ਹੈ ਤਾਂ ਕਿਸਾਨ ਪਰਿਵਾਰ 'ਚੋ ਹੀ ਹਾਂ। ਦੇਸ਼ ਦਾ ਅੰਨ ਦਾਤਾ ਸੜਕਾਂ 'ਤੇ ਰੁੱਲ ਰਿਹਾ, ਜਦੋਂ ਅਸੀਂ ਸੁੱਤੇ ਹੁੰਦੇ ਹਾਂ ਉਦੋਂ ਕਿਸਾਨ ਰਾਤ ਨੂੰ ਸੱਪਾਂ ਦੀਆਂ ਸਿਰੀਆਂ 'ਤੇ ਪੈਰ ਧਰ ਸਾਡੇ ਲਈ ਅੰਨ੍ਹ ਪੈਦਾ ਕਰਦਾ ਹੈ। ਅੰਨ ਦਾਤਾ  ਨਾਲ ਧੱਕਾ ਨਾ ਕਰੋ ਜੀ। ਕਿਸਾਨਾਂ ਨੂੰ ਬਣਦਾ ਹੱਕ ਹਰ ਹਾਲਤ 'ਚ ਮਿਲਣਾ ਚਾਹੀਦਾ, ਹਰ ਚੀਜ਼ ਦਾ ਰੇਟ ਅਸਮਾਨ 'ਤੇ ਪਹੁੰਚਿਆ ਤਾਂ ਫ਼ਸਲਾਂ ਦਾ ਰੇਟ ਵੀ ਵਧਣਾ ਚਾਹੀਦਾ। ਆਓ ਅਸੀਂ ਸਾਰੇ ਦੇਸ਼ ਦੇ ਅੰਨ ਦਾਤਾ ਦੇ ਹੱਕ 'ਚ ਖੜ੍ਹੇ ਹੋਈਏ।'
PunjabKesari
ਉਥੇ ਹੀ ਗੁਰਨਾਮ ਭੁੱਲਰ ਨੇ ਲਿਖਿਆ, 'ਸਾਡਾ ਜ਼ੋਰ ਵੇ ਫ਼ਸਲਾਂ ਕਰਕੇ ਆ, ਸਾਡੀ ਟੌਹਰ ਵੀ ਫ਼ਸਲਾਂ ਕਰਕੇ ਆ। ਕਿਸਾਨ ਬਚਾਓ, ਪੰਜਾਬ ਬਚਾਓ। ਕਿਸਾਨ ਜ਼ਿੰਦਾਬਾਦ, ਪੰਜਾਬ ਜ਼ਿੰਦਾਬਾਦ।'
PunjabKesari
ਫ਼ਿਲਮ ਤੇ ਸੰਗੀਤ ਜਗਤ ਦੇ ਨਾਮੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਲਿਖਿਆ, 'ਇਕੱਠੇ ਹੋ ਕੇ ਸਾਥ ਦੇਣਾ ਪੈਣਾ ਆਪਾਂ ਸਾਰਿਆਂ ਨੂੰ...ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।'
PunjabKesari
ਮਨਮੋਹਨ ਵਾਰਿਸ ਨੇ ਕਵਿਤਾ ਦੇ ਰੂਪ 'ਚ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਉੱਠਾਉਂਦਿਆਂ ਕੁਝ ਇਸ ਤਰ੍ਹਾਂ ਲਿਖਿਆ :-
ਦੇਸ਼ ਮੇਰੇ ਦੇ ਵੀਰ ਕਿਸਾਨੋ, ਕਿਸਾਨਾਂ ਦੇ ਪੁੱਤ ਨੌਜਵਾਨੋ
ਉਜੜਨ ਨਹੀਂ ਦੇਣਾ ਧਰਤੀ ਤੇ ਟੋਟਾ ਸੁਰਗਾਂ ਦਾ,
ਦੇ ਦਿਓ ਸਾਥ ਬਜ਼ੁਰਗਾਂ ਦਾ
ਮੂਹਰੇ ਹੋ ਕੇ ਖੜ੍ਹੋ ਉਨ੍ਹਾਂ ਤੋਂ, ਅੱਗੇ ਹੋ ਕੇ ਲੜੋ ਉਨ੍ਹਾਂ ਤੋਂ
ਜੋਸ਼ ਦੇ ਹੜ੍ਹ 'ਚ ਪਤਾ ਨਹੀਂ ਲੱਗਣਾ ਜ਼ੁਲਮ ਦੇ ਖੁਰਦਿਆਂ ਦਾ
ਦੇ ਦਿਓ ਸਾਥ ਬਜ਼ੁਰਗਾਂ ਦਾ।
ਇਕੱਠੇ ਤੁਰਦਿਆਂ ਧਰਤੀ ਧਮਕੂ, ਅਰਸ਼ਾਂ 'ਤੇ ਬਿਜਲੀ ਚਮਕੂ
ਇਕੱਠ ਦੇਖ ਕੇ ਦਹਿਲ ਜਾਵੇ ਦਿਲ ਮਹਿਲ ਦੇ ਬੁਰਜਾਂ ਦਾ
ਦੇ ਦਿਓ ਸਾਥ ਬਜ਼ੁਰਗਾਂ ਦਾ।
PunjabKesari
ਬੱਬੂ ਮਾਨ ਨੇ ਮੀਡੀਆ ਅਤੇ ਸਰਕਾਰਾਂ ਨੂੰ ਲਪੇਟੇ 'ਚ ਲੈਂਦਿਆਂ ਲਿਖਿਆ ਸੀ, 'ਦਿੱਲੀ ਅਤੇ ਭਾਰਤ ਦਾ ਪੂਰਾ ਮੀਡੀਆ ਬਾਲੀਵੁੱਡ ਦੀਆਂ ਖ਼ਬਰਾਂ ਜਾਂ ਸਿਆਸੀ ਖ਼ਬਰਾਂ ਦਿਖਾਉਂਦਾ ਹੈ। ਕਿਸਾਨ ਜਾਂ ਮਜ਼ਦੂਰ ਦੀ ਕੋਈ ਗੱਲ ਹੀ ਨਹੀਂ ਕਰਦਾ। 80% ਲੋਕ ਖੇਤੀਬਾੜੀ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਲੋਕਾਂ ਦੇ ਹੱਕ ਦੀ ਗੱਲ ਤਾਂ ਹੁੰਦੀ ਹੀ ਨਹੀਂ। ਜਦੋਂਕਿ ਚਾਹੀਦਾ ਇਹ ਹੈ ਕਿ 80% ਖ਼ਬਰਾਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੋਣੀਆਂ ਚਾਹੀਦੀਆਂ ਹਨ। ਫ਼ਸਲਾਂ ਦੇ ਮੁੱਲ ਮਿਲਣੇ ਚਾਹੀਦੇ ਹਨ, ਜਿਸ ਹਿਸਾਬ ਨਾਲ ਪਿਛਲੇ 40 ਸਾਲਾਂ 'ਚ ਬਾਕੀ ਚੀਜ਼ਾਂ ਦੀਆਂ ਕੀਮਤਾਂ ਵਧੀਆਂ, ਉਸੇ ਹਿਸਾਬ ਨਾਲ ਸਾਡੀਆਂ ਫ਼ਸਲਾਂ ਦੀਆਂ ਕੀਮਤਾਂ ਵੀ ਵਧਣੀਆਂ ਚਾਹੀਦੀਆਂ ਹਨ, ਪੱਕੀਆਂ ਮੰਡੀਆਂ ਬਣਨੀਆਂ ਚਾਹੀਦੀਆਂ ਹਨ। ਸਰਕਾਰ ਆਪ ਫ਼ਸਲ ਖ਼ਰੀਦ ਕੇ ਕਿਸਾਨਾਂ ਨੂੰ ਪੈਸੇ ਦੇਵੇ,  ਫ਼ਸਲਾਂ ਦਾ ਬੀਮਾ ਹੋਵੇ ਅਤੇ ਜਿੰਨੀਆਂ ਵੀ ਸਾਡੀਆਂ ਬੀਬੀਆਂ ਆਪਣੇ ਘਰ ਪਰਿਵਾਰ 'ਚ ਖੇਤਾਂ ਨਾਲ ਜੁੜੇ ਕੰਮ ਕਰਦੀਆਂ, ਰੋਟੀ ਪਕਾਉਂਦੀਆਂ, ਭਾਂਡੇ ਮਾਜਦੀਆਂ ਉਨ੍ਹਾਂ ਨੂੰ ਵੀ ਬਣਦੀ ਤਨਖਾਹ ਮੁਕਰਰ ਹੋਣੀ ਚਾਹੀਦੀ ਹੈ ਕਿਉਂਕਿ ਉਹ ਵੀ ਆਪਣੀ ਪੂਰੀ ਜ਼ਿੰਦਗੀ ਇਸ ਕਿੱਤੇ ਲਈ ਸਮਰਪਤ ਕਰਦੀਆਂ ਹਨ। ਕਿਸਾਨ ਮਜ਼ਦੂਰ ਦੇ ਹੱਕ 'ਚ ਪਹਿਲਾਂ ਵੀ ਖੜ੍ਹੇ ਹਾਂ ਤੇ ਅੱਗੇ ਵੀ ਡੱਟ ਕੇ ਖੜਾਂਗੇ, ਹਮੇਸ਼ਾਂ ਹੱਕ ਸੱਚ ਲਈ ਲਿਖਦੇ ਰਹਾਂਗੇ।'
PunjabKesari
ਉਥੇ ਹੀ ਰਣਜੀਤ ਬਾਵਾ ਨੇ ਵੀ ਇੱਕ ਪੋਸਟ ਰਾਹੀਂ ਕਿਸਾਨਾਂ ਪ੍ਰਤੀ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਇਕ ਪੋਸਟ ਰਾਹੀਂ ਸਰਕਾਰ ਵੱਲੋਂ ਲਿਆਂਦੇ ਕਿਸਾਨ ਵਿਰੋਧੀ ਬਿੱਲ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਵੀ ਕਿਸਾਨ ਦਾ ਪੁੱਤ ਹਾਂ, ਸੋ ਇਹ ਦਰਦ ਸਾਡਾ ਆਪਣਾ ਦਰਦ ਹੈ, ਕਿਸਾਨ ਖੁਸ਼ ਨਾ ਰਿਹਾ ਤਾਂ ਸਾਰੀ ਦੁਨੀਆਂ ਦਾ ਢਿੱਡ ਭਰਨਾ ਔਖਾ ਹੋ ਜਾਵੇਗਾ। ਪਹਿਲਾਂ ਹੀ ਬਹੁਤ ਕਿਸਾਨ ਖ਼ੁਦਖ਼ੁਸੀਆਂ ਕਰ ਚੁੱਕੇ ਹਨ, ਕੁਝ ਕਰਜੇ ਹੇਠਾ ਦਬੇ ਹੋਏ ਹਨ। ਉਨ੍ਹਾਂ ਨਾਲ ਹੀ ਸਟੇਟ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਸੈਂਟਰ ਸਰਕਾਰ ਦੇ ਫੈਂਸਲੇ ਦਾ ਵਿਰੋਧ ਕਰੇ ਤੇ ਕਿਸਾਨਾਂ ਦੇ ਦੁੱਖ ਨੂੰ ਸਮਝ ਕੇ ਉਨ੍ਹਾਂ ਦੇ ਹੱਕ ਦੀ ਗੱਲ ਕੀਤੀ ਜਾਵੇ। ਉਨ੍ਹਾਂ ਨਾਲ ਹੀ ਮੀਡੀਆ ਨੂੰ ਵੀ ਅਪੀਲ ਕਰਦੇ ਕਿਹਾ ਕਿ ਉਹ ਵੀ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਹੋਏ ਇਸ 'ਤੇ ਜੋਰ ਪਾਉਣ ਤਾਂ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ।'


sunita

Content Editor

Related News