ਖੇਤੀ ਬਿੱਲਾਂ ਦੇ ਵਿਰੋਧ ''ਚ ਧਰਨਿਆਂ ''ਤੇ ਜਾਣ ਵਾਲੇ ਕਲਾਕਾਰਾਂ ਨੂੰ ਯੋਗਰਾਜ ਸਿੰਘ ਨੇ ਦੱਸਿਆ ਡਰਾਮਾ
Monday, Sep 28, 2020 - 05:06 PM (IST)
ਜਲੰਧਰ (ਬਿਊਰੋ) : ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਨ੍ਹਾਂ ਦੇ ਵਿਰੋਧ ਵਿਚ ਕਿਸਾਨਾਂ ਅਤੇ ਪੰਜਾਬੀ ਕਲਾਕਾਰਾਂ ਵਲੋਂ ਥਾਂ-ਥਾਂ ਉੱਤੇ ਧਰਨੇ ਲਾਏ ਜਾ ਰਹੇ ਹਨ। ਇਨ੍ਹਾਂ ਧਰਨਿਆਂ ਵਿਚ ਪੰਜਾਬੀ ਕਲਾਕਾਰ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਪੰਜਾਬੀ ਫ਼ਿਲਮ ਜਗਤ ਦੇ ਪ੍ਰਸਿੱਧ ਅਦਾਕਾਰ ਯੋਗਰਾਜ ਸਿੰਘ ਨੇ ਇਕ ਨਿੱਜੀ ਚੈਨਲ ਨੂੰ ਦਿੱਤੀ ਇਕ ਇੰਟਰਵਿਊ ਦੌਰਾਨ ਕਿਹਾ ਕਿ ਕਿਸਾਨਾਂ ਨੂੰ ਨਵਜੋਤ ਸਿੰਘ ਸਿੱਧੂ ਨੂੰ ਸਰਕਾਰ ਨਾਲ ਗੱਲਬਾਤ ਕਰਨ ਲਈ ਭੇਜਣਾ ਚਾਹੀਦਾ ਹੈ। ਉਹ ਸਰਕਾਰ ਨਾਲ ਗੱਲ ਕਰ ਸਕਦਾ ਹੈ। ਕਿਸਾਨ ਜੇਕਰ ਮੈਨੂੰ ਕਹਿਣਗੇ ਤਾਂ ਮੈਂ ਕੇਂਦਰ ਸਰਕਾਰ ਨਾਲ ਗੱਲ ਕਰਨ ਨੂੰ ਤਿਆਰ ਹਾਂ ਅਤੇ ਮੇਰੀ ਗੱਲ ਕੇਂਦਰ ਸਰਕਾਰ ਸੁਣੇਗੀ। ਇਸ ਤੋਂ ਇਲਾਵਾ ਯੋਗਰਾਜ ਸਿੰਘ ਨੇ ਕਿਹਾ ਹੈ ਕਿ ਧਰਨਿਆਂ ਉੱਤੇ ਕਲਾਕਾਰ ਦਾ ਜਾਣਾ ਸਿਰਫ਼ ਇਕ ਡਰਾਮਾ ਹੀ ਹੈ। ਗਾਇਕ ਸਿਰਫ਼ ਤਸਵੀਰਾਂ ਖਿਚਾਉਣ ਅਤੇ ਲੋਕਾਂ ਵਿਚ ਸ਼ੌਹਰਤ ਪਾਉਣ ਲਈ ਧਰਨੇ ਉੱਤੇ ਜਾਂਦੇ ਹਨ। ਯੋਗਰਾਜ ਸਿੰਘ ਨੇ ਕਿਸਾਨਾਂ ਨੂੰ ਸਮਰਥਨ ਦਿੱਤਾ ਅਤੇ ਉਨ੍ਹਾਂ ਨੇ ਕਿਹਾ ਜੇਕਰ ਅੰਨਦਾਤਾ ਹੀ ਨਹੀਂ ਰਹੇਗਾ ਫਿਰ ਦੇਸ਼ ਕਿਵੇਂ ਚੱਲੇਗਾ।
ਸਨੀ ਦਿਓਲ ਅਤੇ ਹੰਸ ਰਾਜ ਹੰਸ ਨੂੰ ਕਿਹਾ ਪੰਜਾਬ ਦੇ ਗੱਦਾਰ
ਯੋਗਰਾਜ ਸਿੰਘ ਨੇ ਕਿਹਾ ਬਾਲੀਵੁੱਡ ਅਦਾਕਾਰ ਸਨੀ ਦਿਓਲ ਅਤੇ ਹੰਸ ਰਾਜ ਹੰਸ ਪੰਜਾਬ ਦੇ ਗੱਦਾਰ ਹਨ। ਉਨ੍ਹਾਂ ਨੇ ਪੰਜਾਬ ਦੀ ਧਰਤੀ ਨਾਲ ਗੱਦਾਰੀ ਕੀਤੀ ਹੈ। ਯੋਗਰਾਜ ਨੇ ਕਿਹਾ ਕਿ ਸਨੀ ਦਿਓਲ ਅਤੇ ਹੰਸ ਰਾਜ ਹੰਸ ਯੈਸ ਮੈਨ ਬਣੇ ਹੋਏ ਹਨ ਅਤੇ ਸਰਕਾਰ ਦੀ ਚਮਚਾਗਿਰੀ ਕਰ ਰਹੇ ਹਨ। ਇਨ੍ਹਾਂ ਨੂੰ ਸਰਕਾਰ ਨਾਲ ਖੇਤੀ ਬਿੱਲਾਂ ਉੱਤੇ ਗੱਲ ਕਰਨੀ ਚਾਹੀਦੀ ਸੀ। ਇਸ ਤੋਂ ਇਲਾਵਾ ਯੋਗਰਾਜ ਨੇ ਕਿਹਾ ਹੈ ਕਿ ਦਲੇਰ ਮਹਿੰਦੀ, ਸਨੀ ਦਿਓਲ ਅਤੇ ਹੰਸ ਰਾਜ ਹੰਸ ਨੇ ਕਦੇ ਖੇਤੀ ਨਹੀਂ ਕੀਤੀ, ਅੱਜ ਇਹ ਖੇਤੀ ਦੀ ਗੱਲ ਕਰ ਰਹੇ ਹਨ। ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ।
ਦੱਸਣਯੋਗ ਹੈ ਕਿ 25 ਸਤੰਬਰ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਕਿਸਾਨ ਅਤੇ ਕਲਾਕਾਰ ਮਿਲ ਕੇ ਧਰਨੇ ਲਾ ਰਹੇ ਹਨ ਅਤੇ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਹਨ। ਅੱਜ ਬਟਾਲਾ ਵਿਚ ਵੱਡੇ ਪੱਧਰ ਉੱਤੇ ਧਰਨਾ ਲਾਇਆ ਗਿਆ ਹੈ, ਜਿਸ ਵਿਚ ਪੰਜਾਬੀ ਕਲਾਕਾਰਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਹੈ। ਇਸ ਬਿੱਲ ਖ਼ਿਲਾਫ਼ ਹਰ ਸਿਆਸੀ ਪਾਰਟੀ ਇੱਕ ਮੰਚ ਉੱਤੇ ਇੱਕਠੀਆਂ ਹੋ ਗਈਆਂ ਹਨ। ਇਸ ਤੋਂ ਪਹਿਲਾਂ ਪੰਜਾਬ ਦੇ ਕਲਾਕਾਰਾਂ ਵੱਲੋਂ ਗੀਤਾਂ ਰਾਹੀਂ ਵੀ ਆਪਣਾ ਰੋਸ ਪ੍ਰਗਟਾਇਆ ਜਾ ਚੁੱਕਾ ਹੈ। ਗਾਇਕ ਸਿੱਪੀ ਗਿੱਲ ਨੇ ‘ਆਸ਼ਿਕ਼ ਮਿੱਟੀ ਦੇ’ ਗੀਤ ਰਾਹੀਂ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ। ਦੂਜੇ ਪਾਸੇ ਗਾਇਕ ਕੰਵਰ ਗਰੇਵਾਲ ਨੇ ‘ਅੱਖਾਂ ਖੋਲ੍ਹ’ ਗੀਤ ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ।