‘ਆਪ’ ਦੇ ਹੱਥਾਂ ’ਚ ਪੰਜਾਬ ਸੁਰੱਖਿਅਤ ਨਹੀਂ ਰਹੇਗਾ : ਸੋਨੀ
Sunday, Feb 06, 2022 - 10:56 AM (IST)
ਜਲੰਧਰ (ਧਵਨ): ਉੱਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ‘ਆਪ’ ਦੇ ਹੱਥਾਂ ’ਚ ਪੰਜਾਬ ਸੁਰੱਖਿਅਤ ਨਹੀਂ ਰਹੇਗਾ। ਉਨ੍ਹਾਂ ਅੱਜ ਕਿਹਾ ਕਿ ਪੰਜਾਬ ਦੀਆਂ ਸਰਹੱਦਾਂ ਪਾਕਿਸਤਾਨ ਨਾਲ ਲੱਗਦੀਆਂ ਹਨ ਜਿੱਥੇ ’ਤੇ ਪਾਕਿਸਤਾਨ ਤੇ ਉਸ ਦੀਆਂ ਏਜੰਸੀਆਂ ਵੱਲੋਂ ਲਗਾਤਾਰ ਗੜਬੜ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵਾਗਡੋਰ ਲੋਕ ਕਦੇ ਵੀ ਗੈਰ-ਤਜਰਬੇਕਾਰ ਪਾਰਟੀ ਨੂੰ ਨਹੀਂ ਸੌਂਪਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪਹਿਲਾਂ ਹੀ ਪੰਜਾਬ ਦੇ ਲੋਕ ਅਜ਼ਮਾ ਕੇ ਵੇਖ ਚੁੱਕੇ ਹਨ।
ਇਹ ਵੀ ਪੜ੍ਹੋ : ਕਾਂਗਰਸ ਇਕਜੁਟ, ਉਸ ਦਾ ਮਕਸਦ ਬਾਹਰੀ ਲੋਕਾਂ ਨੂੰ ਸੂਬੇ ’ਚੋਂ ਭਜਾਉਣਾ : ਚੰਨੀ
ਉਸ ਦੇ 4 ਸੰਸਦ ਮੈਂਬਰ ਜਿਤਾ ਕੇ ਸੰਸਦ ’ਚ ਭੇਜੇ ਸਨ। ਇਸੇ ਤਰ੍ਹਾਂ ਵਿਧਾਨ ਸਭਾ ’ਚ ਵੀ 20 ਵਿਧਾਇਕ ਜਿੱਤ ਕੇ ਆਏ ਸਨ ਪਰ ਇਹ ਪਾਰਟੀ ਆਪਣੇ ਸੰਗਠਨ, ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਇਕਜੁੱਟ ਨਹੀਂ ਰੱਖ ਸਕੀ। ਅਜਿਹੀ ਹਾਲਤ ’ਚ ਉਹ ਪੰਜਾਬ ਨੂੰ ਕਿਸ ਤਰ੍ਹਾਂ ਚਲਾ ਸਕੇਗੀ। ਉਨ੍ਹਾਂ ਕਿਹਾ ਕਿ ਚੁਣਾਵੀ ਦੌਰ ਦੌਰਾਨ ਲੋਕ ਉਨ੍ਹਾਂ ਨਾਲ ਵੀ ਲਗਾਤਾਰ ਮੁਲਾਕਾਤ ਕਰ ਰਹੇ ਹਨ ਤੇ ਲੋਕਾਂ ਤੋਂ ਉਨ੍ਹਾਂ ਨੂੰ ਇਹੀ ਗੱਲ ਸੁਣਨ ਨੂੰ ਮਿਲੀ ਹੈ ਕਿ ਸੂਬੇ ਦੀ ਸੁਰੱਖਿਆ ਨੂੰ ਵੇਖਦਿਆਂ ਕਾਂਗਰਸ ਹੀ ਇਸ ਸਮੇਂ ਸਭ ਤੋਂ ਬਿਹਤਰ ਪਾਰਟੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਕਦੇ ਵੀ ਭੰਗ ਨਹੀਂ ਹੋਣ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ’ਚ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਲਈ ਮੱਧ ਪ੍ਰਦੇਸ਼ ਤੇ ਰਾਜਸਥਾਨ ਦੀਆਂ ਸਰਕਾਰਾਂ ਵੀ ਦੋਸ਼ੀ : ਸ਼ੇਖਾਵਤ
ਉਨ੍ਹਾਂ ਕਿਹਾ ਕਿ ਕਾਂਗਰਸ ਅਜਿਹੀ ਪਾਰਟੀ ਹੈ ਜਿਸ ਨੇ ਨਾ ਕੇਵਲ ਪੰਜਾਬ ਸਗੋਂ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕੁਰਬਾਨੀ ਦੇਣ ਵਾਲੀ ਪਾਰਟੀ ਕਦੇ ਵੀ ਦੇਸ਼ ਵਿਰੋਧੀ ਤਾਕਤਾਂ ਨਾਲ ਸਮਝੌਤਾ ਨਹੀਂ ਕਰ ਸਕਦੀ, ਜਦਕਿ ਹੋਰ ਪਾਰਟੀਆਂ ਹਮੇਸ਼ਾ ਸ਼ੱਕ ਦੇ ਘੇਰੇ ’ਚ ਰਹੀਆਂ ਹਨ। ਸੋਨੀ ਨੇ ਕਿਹਾ ਕਿ ਸਮਾਂ ਰਹਿੰਦੇ ਪੰਜਾਬ ਦੇ ਲੋਕਾਂ ਨੂੰ ਹੁਣ ਬਹੁਤ ਹੀ ਮਹੱਤਵਪੂਰਨ ਫੈਸਲਾ ਲੈਣਾ ਹੈ। ਲੋਕਾਂ ਨੂੰ ਇਹ ਫੈਸਲਾ ਲੈਣਾ ਹੈ ਕਿ ਅਗਲੇ 5 ਸਾਲਾਂ ਤੱਕ ਸੂਬੇ ’ਚ ਭਾਈਚਾਰਕ ਸਾਂਝ ਤੇ ਅਮਨ-ਸ਼ਾਂਤੀ ਕਿਸ ਤਰ੍ਹਾਂ ਨਾਲ ਬਰਕਰਾਰ ਰੱਖਣਾ ਹੈ । ਕੀ ਅਮਨ-ਸ਼ਾਂਤੀ ਨਾਲ ਸਮਝੌਤਾ ਕਰਨ ਵਾਲੀਆਂ ਪਾਰਟੀਆਂ ਨੂੰ ਸੱਤਾ ਸੌਂਪਣੀ ਹੈ ਜਾਂ ਫਿਰ ਦੇਸ਼ ਤੇ ਪੰਜਾਬ ਦੀ ਖਾਤਰ ਕੁਰਬਾਨੀਆਂ ਦੇਣ ਵਾਲੀ ਪਾਰਟੀ ਨੂੰ ਸੱਤਾ ਸੌਂਪਣੀ ਹੈ?
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?