ਕਣਕ ਲੈ ਕੇ ਜਾਣਾ ਹੈ ਮੰਡੀ ਤਾਂ ਜਾਣ ਲਓ ਇਹ ਨਿਯਮ, ਨਹੀਂ ਤਾਂ ਦੁਬਾਰਾ ਨਹੀਂ ਬਣੇਗਾ ਪਾਸ

Monday, Apr 13, 2020 - 06:30 AM (IST)

ਕਣਕ ਲੈ ਕੇ ਜਾਣਾ ਹੈ ਮੰਡੀ ਤਾਂ ਜਾਣ ਲਓ ਇਹ ਨਿਯਮ, ਨਹੀਂ ਤਾਂ ਦੁਬਾਰਾ ਨਹੀਂ ਬਣੇਗਾ ਪਾਸ

ਰੂਪਨਗਰ : ਪੰਜਾਬ ਵਿਚ 15 ਤਰੀਕ ਤੋਂ ਕਣਕ ਦੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ, ਜਿਸ ਲਈ ਤੁਹਾਨੂੰ ਕੂਪਨ ਪਾਸ ਲੈਣਾ ਹੋਵੇਗਾ । ਸਰਕਾਰ ਨੇ ਬਕਾਇਦਾ ਇਸ ਲਈ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤੇ ਹਨ। ਉੱਥੇ ਹੀ, ਪਾਸ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਅਤੇ ਈ-ਪਾਸ ਲੈਣ ਲਈ ਤੁਸੀਂ ਪੰਜਾਬ ਮੰਡੀ ਬੋਰਡ ਦੀ ਈ-ਪੀ. ਐੱਮ. ਬੀ. (E-PMB) ਐਪ ਵੀ ਡਾਊਨਲੋਡ ਕਰ ਸਕਦੇ ਹੋ। 

PunjabKesari

ਕਣਕ ਮੰਡੀ ਲਿਜਾਣ ਸਬੰਧੀ ਮਾਪਦੰਡ ਨਿਰਧਾਰਤ ਕੀਤੇ ਗਏ ਹਨ। ਇਸ ਮੁਤਾਬਕ ਮਾਪਦੰਡਾਂ ਤੋਂ ਵੱਧ ਨਮੀ ਅਤੇ ਗਿੱਲੀ ਕਣਕ ਨੂੰ ਸਵਿਕਾਰ ਨਹੀਂ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਕਿਹਾ ਕਿ ਹਾਰਵੈਸਟਰ ਵੱਲੋਂ ਨਿਰਧਾਰਤ ਮਾਪਦੰਡਾਂ ਤੋਂ ਵੱਧ ਨਮੀ ਵਾਲੀ ਤੇ ਗਿੱਲੀ ਕਣਕ ਮੰਡੀਆਂ ਵਿਚ ਨਾ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਮੰਡੀਆਂ ਵਿਚ ਗਿੱਲੀ ਕਣਕ ਲੈ ਕੇ ਆਉਂਣਗੇ ਤਾਂ ਉਨ੍ਹਾਂ ਨੂੰ ਉਸੇਂ ਸਮੇਂ ਵਾਪਸ ਮੋੜ ਦਿੱਤਾ ਜਾਵੇਗਾ ਤੇ ਉਨ੍ਹਾਂ ਨੂੰ ਫਸਲ ਮੰਡੀਆਂ ਵਿਚ ਲਿਆਉਣ ਲਈ ਦੁਬਾਰਾ ਕੂਪਨ ਜਾਰੀ ਨਹੀਂ ਹੋਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਵਲੋਂ ਨਿਧਾਰਤ 12 ਫੀਸਦੀ ਨਮੀ ਦੇ ਮਾਪਦੰਡ ਤੋਂ ਵੱਧ ਨਮੀ ਵਾਲੀ ਕਣਕ ਮੰਡੀਆਂ ਵਿਚ ਨਾ ਲਿਆਂਦੀ ਜਾਵੇ ਤਾਂ ਜੋ ਕਿਸਾਨਾਂ ਨੂੰ ਬੇਵਜ੍ਹਾ ਮੰਡੀਆਂ ਵਿਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਕਿਸਾਨ ਮੰਡੀਆਂ ਵਿਚ ਸੁੱਕੀ ਕਣਕ ਹੀ ਲੈ ਕੇ ਆਉਣ।

PunjabKesari

ਸ਼ਾਮ 7:00 ਤੋਂ ਸਵੇਰੇ 6:00 ਵਜੇ ਤੱਕ ਕਟਾਈ ਦੀ ਮਨਾਹੀ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ-19 ਬੀਮਾਰੀ ਵਿਸ਼ਵ ਭਰ ਵਿਚ ਫੈਲੀ ਹੋਈ ਹੈ। ਇਸ ਲਈ ਭੀੜ ਨੂੰ ਰੋਕਣ ਲਈ ਹਾਰਵੈਸਟਰ ਕੰਬਾਈਨਾਂ ਜ਼ਰੀਏ ਕਣਕ ਦੀ ਕਟਾਈ ਸਿਰਫ਼ ਦਿਨ ਦੇ ਸਮੇਂ ਦੌਰਾਨ ਸਵੇਰੇ 6:00 ਵਜੇ ਤੋਂ ਸ਼ਾਮ 7:00 ਵਜੇ ਤੱਕ ਸੀਮਤ ਰੱਖਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਰਾਤ ਦੇ ਸਮੇਂ ਦੌਰਾਨ ਸ਼ਾਮ 7:00 ਤੋਂ ਸਵੇਰੇ 6:00 ਵਜੇ ਤੱਕ ਕਟਾਈ ਦੀ ਮਨਾਹੀ ਹੈ। ਜੇਕਰ ਕੋਈ ਵੀ ਹਾਰਵੈਸਟਰ ਕੰਬਾਈਨ ਮਾਲਕ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਬਣਦੀ ਕਾਰਵਾਈ ਕੀਤੀ ਜਾਵੇਗੀ।

PunjabKesari

ਮਾਸਕ ਪਾਉਣਾ ਲਾਜ਼ਮੀ
ਉਨ੍ਹਾਂ ਕਿਸਾਨਾਂ ਨੂੰ ਹਦਾਇਤ ਕੀਤੀ ਕਿ ਸੈਨੇਟਾਈਜ਼ਰ ਦੀ ਸੁਵਿਧਾ ਅਤੇ ਘੱਟ ਤੋਂ ਘੱਟ 2 ਮੀਟਰ ਦੀ ਦੂਰੀ ਆਦਿ ਦੀ ਪਾਲਣਾ ਕਰਨਾ, ਕੰਬਾਈਨਾਂ ਦੇ ਮਾਲਕਾਂ ਵਲੋਂ ਵੀ ਆਪਣੇ ਪੱਧਰ ’ਤੇ ਕਰਨੀ ਯਕੀਨੀ ਬਣਾਈ ਜਾਵੇ ਅਤੇ ਹਰੇਕ ਵਿਅਕਤੀ ਵਲੋਂ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਕਾਮਾ ਖੰਘ, ਬੁਖਾਰ ਜਾਂ ਸਾਹ ਲੈਣ ਸਮੇਂ ਪੀੜਤ ਜਾਂ ਢਿੱਲਾ ਮੱਠਾ ਹੋਵੇ, ਤਾਂ ਅਜਿਹੇ ਕਾਮੇ ਨੂੰ ਕੰਮ ਕਰਨ ਤੋਂ ਤੁਰੰਤ ਰੋਕ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕਣਕ ਦੀ ਖਰੀਦ ਸੰਬੰਧੀ ਵੱਖ-ਵੱਖ ਥਾਵਾਂ ’ਤੇ 47 ਮੰਡੀਆਂ ਸਥਾਪਤ ਕੀਤੀਆਂ ਗਈਆਂ ਹਨ ਅਤੇ ਮੰਡੀਆਂ ਵਿਚ ਆੜ੍ਹਤੀਆਂ ਵਲੋਂ ਹੀ ਕਿਸਾਨਾਂ ਨੂੰ ਵਿਸ਼ੇਸ਼ ਕੂਪਨ ਜਾਰੀ ਕੀਤੇ ਜਾਣਗੇ ਤੇ ਇਹੀ ਕੂਪਨ ਉਨ੍ਹਾਂ ਲਈ ਕਰਫ਼ਿਊ ਪਾਸ ਹੋਣਗੇ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਫਸਲ ਦੀ ਅਦਾਇਗੀ ਵੀ ਆੜ੍ਹਤੀਆਂ ਰਾਹੀਂ 48 ਘੰਟੇ ਅੰਦਰ ਹੋਵੇਗੀ। ਕਿਸਾਨਾਂ ਨੂੰ ਨਿਰਧਾਰਿਤ ਤਾਰੀਖ ’ਤੇ ਮੰਡੀ ਵਿਚ ਨਿਰਧਾਰਿਤ ਮਾਤਰਾ ਵਿਚ ਕਣਕ ਲੈ ਕੇ ਆਉਣਾ ਪਵੇਗਾ। ਇਸ ਬਾਰੇ ਕਿਸਾਨਾਂ ਨੂੰ ਕੂਪਨ ਦੇਣ ਸਮੇਂ ਤਾਰੀਖ ਵੀ ਆੜ੍ਹਤੀਏ ਹੀ ਦੇਣਗੇ।

PunjabKesari
 


author

Sanjeev

Content Editor

Related News