ਜਲੰਧਰ ਸ਼ਹਿਰ ''ਚ ਚੋਣਾਂ ਦੀਆਂ ਤਿਆਰੀਆਂ ਮੁਕੰਮਲ, 786 ਪੋਲਿੰਗ ਬੂਥਾਂ ’ਤੇ ਸਖ਼ਤ ਸੁਰੱਖਿਆ ’ਚ ਹੋਵੇਗੀ ਵੋਟਿੰਗ

Saturday, Feb 19, 2022 - 03:17 PM (IST)

ਜਲੰਧਰ ਸ਼ਹਿਰ ''ਚ ਚੋਣਾਂ ਦੀਆਂ ਤਿਆਰੀਆਂ ਮੁਕੰਮਲ, 786 ਪੋਲਿੰਗ ਬੂਥਾਂ ’ਤੇ ਸਖ਼ਤ ਸੁਰੱਖਿਆ ’ਚ ਹੋਵੇਗੀ ਵੋਟਿੰਗ

ਜਲੰਧਰ (ਸੁਧੀਰ)- ਸ਼ਹਿਰ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਵਿਧਾਨ ਸਭਾ ਚੋਣਾਂ ਕਾਰਨ ਕਮਿਸ਼ਨਰੇਟ ਪੁਲਸ ਨੇ ਸੁਰੱਖਿਆ ਦੇ ਪ੍ਰਬੰਧ ਸਖ਼ਤ ਕਰ ਦਿੱਤੇ ਹਨ। 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਕਾਰਨ ਪੁਲਸ ਕਮਿਸ਼ਨਰ (ਸੀ. ਪੀ.) ਨੌਨਿਹਾਲ ਸਿੰਘ ਨੇ ਕਮਿਸ਼ਨਰੇਟ ਪੁਲਸ ਅਤੇ ਸੈਂਟਰਲ ਆਰਮਜ਼ ਫ਼ੋਰਸ ਦੇ ਸਾਰੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਚੋਣਾਂ ਸ਼ਾਂਤੀਪੂਰਵਕ ਕਰਵਾਉਣ ਸਬੰਧੀ ਰਣਨੀਤੀ ਬਣਾਈ। ਉਨ੍ਹਾਂ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਡਿਊਟੀ ਵਿਚ ਕਿਸੇ ਤਰ੍ਹਾਂ ਦੀ ਵੀ ਲਾਪ੍ਰਵਾਹੀ ਸਾਹਮਣੇ ਆਈ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਦੱਸਿਆ ਕਮਿਸ਼ਨਰੇਟ ਪੁਲਸ ਦੀ ਹੱਦ ਵਿਚ ਪੈਂਦੇ ਕੁੱਲ 786 ਪੋਲਿੰਗ ਬੂਥਾਂ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਕਮਿਸ਼ਨਰੇਟ ਪੁਲਸ ਨੇ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਲਈ ਕਈ ਥਾਵਾਂ ’ਤੇ ਗੁਪਤ ਕੈਮਰੇ ਵੀ ਲੁਆਏ ਹਨ।

ਇਸ ਦੇ ਨਾਲ ਹੀ ਕੁਝ ਪੁਲਸ ਮੁਲਾਜ਼ਮਾਂ ਨੂੰ ਸਾਦੇ ਕੱਪੜਿਆਂ ਵਿਚ ਵੀ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਸ਼ਾਂਤਮਈ ਢੰਗ ਨਾਲ ਚੋਣਾਂ ਕਰਵਾਉਣ ਲਈ ਕਮਿਸ਼ਨਰੇਟ ਪੁਲਸ ਪੂਰੀ ਤਰ੍ਹਾਂ ਤਿਆਰ ਹੈ। ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਵਿਚ ਸੈਂਟਰਲ ਆਰਮਜ਼ ਫ਼ੋਰਸ ਦੀਆਂ ਕੁੱਲ 19 ਕੰਪਨੀਆਂ ਪਹੁੰਚ ਚੁੱਕੀਆਂ ਹਨ। ਇਨ੍ਹਾਂ 19 ਕੰਪਨੀਆਂ ਵਿਚ ਲਗਭਗ 1710 ਜਵਾਨ ਸ਼ਹਿਰ ਵਿਚ ਸੁਰੱਖਿਆ ਦੇ ਮੱਦੇਨਜ਼ਰ ਤਾਇਨਾਤ ਕੀਤੇ ਗਏ ਹਨ।

PunjabKesari

ਇਹ ਵੀ ਪੜ੍ਹੋ: ਰਣਦੀਪ ਸੁਰਜੇਵਾਲਾ ਦਾ ਵੱਡਾ ਬਿਆਨ, ਪੰਜਾਬ ਚੋਣਾਂ ’ਚ ‘ਆਪ’ ਤੇ ਭਾਜਪਾ ਦੀ ਮਿਲੀਭੁਗਤ ਦਾ ਪਰਦਾਫਾਸ਼ ਹੋਇਆ

ਸੀ. ਪੀ. ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀ ਅਤੇ ਲਗਭਗ 2400 ਜਵਾਨਾਂ ਨੂੰ ਵੀ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਦੇ ਪੋਲਿੰਗ ਬੂਥਾਂ, ਨਾਕਿਆਂ ਅਤੇ ਹੋਰ ਥਾਵਾਂ ’ਤੇ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ 2400 ਜਵਾਨਾਂ ਨਾਲ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀ ਵੀ ਆਪਣੀਆਂ-ਆਪਣੀਆਂ ਸਬ-ਡਵੀਜ਼ਨਾਂ ਵਿਚ ਖੁਦ ਫੀਲਡ ਵਿਚ ਰਹਿ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਸ਼ਾਂਤਮਈ ਢੰਗ ਨਾਲ ਚੋਣਾਂ ਕਰਵਾਉਣ ਅਤੇ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਅਤੇ ਮੁਲਾਜ਼ਮਾਂ ’ਤੇ ਨਜ਼ਰ ਰੱਖਣ ਦੇ ਨਾਲ-ਨਾਲ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਉਹ ਖੁਦ ਵੀ ਸਾਰਾ ਦਿਨ ਫੀਲਡ ਵਿਚ ਰਹਿ ਕੇ ਸ਼ਹਿਰ ਦਾ ਜਾਇਜ਼ਾ ਲੈਣਗੇ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ 10 ਐਂਟਰੀ ਪੁਆਇੰਟਾਂ ਨੂੰ ਪੂਰੀ ਤਰ੍ਹਾਂ ਸੀਲ ਕਰਕੇ ਨਾਕਿਆਂ ’ਤੇ ਸੀ. ਸੀ. ਟੀ. ਵੀ. ਕੈਮਰੇ ਲੁਆ ਦਿੱਤੇ ਗਏ ਹਨ, ਜਿਨ੍ਹਾਂ ਦਾ ਕੰਟਰੋਲ ਨਾਕਿਆਂ ਨੇੜੇ ਲੱਗਦੇ ਥਾਣਿਆਂ ਨਾਲ ਜੋੜਿਆ ਗਿਆ ਹੈ। ਇਨ੍ਹਾਂ ਕੈਮਰਿਆਂ ਨਾਲ ਰਿਕਾਰਡਿੰਗ ਕਰਨ ਲਈ ਵਿਸ਼ੇਸ਼ ਰੂਪ ਵਿਚ ਡੀ. ਵੀ. ਆਰ. ਵੀ ਲੁਆਏ ਗਏ ਹਨ ਤਾਂ ਕਿ ਲੋੜ ਪੈਣ ’ਤੇ ਇਨ੍ਹਾਂ ਕੈਮਰਿਆਂ ਵਿਚੋਂ ਰਿਕਾਰਡਿੰਗ ਕੱਢੀ ਜਾ ਸਕੇ। ਉਨ੍ਹਾਂ ਦੱਸਿਆ ਕਿ ਰਾਤ ਨੂੰ ਵੀ ਸ਼ਹਿਰ ’ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਚੋਣਾਂ ਕਾਰਨ ਸੈਂਟਰਲ ਆਰਮਜ਼ ਫੋਰਸ ਅਤੇ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨੂੰ ਸ਼ਹਿਰ ਦੇ ਐਂਟਰੀ ਪੁਆਇੰਟਾਂ ਤੋਂ ਸ਼ਹਿਰ ਵਿਚ ਦਾਖਲ ਹੋਣ ਵਾਲੇ ਹਰੇਕ ਵਾਹਨ ਦੀ ਚੰਗੀ ਤਰ੍ਹਾਂ ਚੈਕਿੰਗ ਕਰਨ ਤੋਂ ਬਾਅਦ ਹੀ ਉਸ ਨੂੰ ਸ਼ਹਿਰ ਵਿਚ ਐਂਟਰ ਹੋਣ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਪ੍ਰਚਾਰ ਬੰਦ ਹੁੰਦੇ ਹੀ ਸ਼ਹਿਰ ’ਚ ਕੱਢਿਆ ਫਲੈਗ ਮਾਰਚ
ਬੀਤੀ ਸ਼ਾਮ ਚੋਣ ਪ੍ਰਚਾਰ ਬੰਦ ਹੁੰਦੇ ਹੀ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਸੈਂਟਰਲ ਆਰਮਜ਼ ਫੋਰਸ ਦੀਆਂ 19 ਕੰਪਨੀਆਂ ਦੇ ਜਵਾਨਾਂ ਅਤੇ ਕਮਿਸ਼ਨਰੇਟ ਪੁਲਸ ਦੇ ਲਗਭਗ 2400 ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਪੀ. ਏ. ਪੀ. ਵਿਚ ਇਕੱਠਾ ਕਰ ਕੇ ਉਨ੍ਹਾਂ ਨੂੰ ਸ਼ਹਿਰ ਵਿਚ ਸ਼ਾਂਤਮਈ ਢੰਗ ਨਾਲ ਚੋਣਾਂ ਕਰਵਾਉਣ ਅਤੇ ਨਿਯਮਾਂ ਦਾ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ। ਸੀ. ਪੀ. ਨੇ ਕਿਹਾ ਕਿ ਜੇਕਰ ਕੋਈ ਡਿਊਟੀ ਵਿਚ ਅੜਿੱਕਾ ਪਾਉਂਦਾ ਹੈ ਤਾਂ ਉਸ ਖ਼ਿਲਾਫ਼ ਵੀ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸੈਂਟਰਲ ਆਰਮਜ਼ ਫੋਰਸ ਦੇ ਸਾਰੇ ਜਵਾਨਾਂ ਅਤੇ ਕਮਿਸ਼ਨਰੇਟ ਪੁਲਸ ਫੋਰਸ ਦੇ ਸਾਰੇ ਅਧਿਕਾਰੀਆਂ ਨੂੰ ਸ਼ਹਿਰ ਵਿਚ ਫਲੈਗ ਮਾਰਚ ਕੱਢਣ ਦੇ ਹੁਕਮ ਜਾਰੀ ਕੀਤੇ। ਇਸਦੇ ਨਾਲ ਹੀ ਸ਼ਾਮ ਹੁੰਦੇ ਹੀ ਸੈਂਕੜੇ ਮੁਲਾਜ਼ਮਾਂ ਦਾ ਕਾਫ਼ਿਲਾ ਗੱਡੀਆਂ ਅਤੇ ਵਾਹਨਾਂ ਦੇ ਹੂਟਰ ਮਾਰਦਾ ਹੋਇਆ ਪੀ. ਏ. ਪੀ. ਤੋਂ ਬੀ. ਐੱਸ. ਐੱਫ਼. ਚੌਂਕ, ਲਾਡੋਵਾਲੀ ਰੋਡ, ਬੀ. ਐੱਮ. ਸੀ. ਚੌਂਕ, ਬੱਸ ਸਟੈਂਡ ਤੇ ਮਾਡਲ ਟਾਊਨ ਤੋਂ ਹੁੰਦਾ ਹੋਇਆ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿਚ ਪੁੱਜਾ।

ਨਸ਼ਾ ਸਮੱਗਲਰਾਂ ਨੂੰ ਫੜਨ ਲਈ 8 ਕੁੱਤੇ ਵੀ ਰਹਿਣਗੇ ਸ਼ਹਿਰ ਵਿਚ ਤਾਇਨਾਤ
ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ ਅਤੇ ਸ਼ਰਾਬ ਮਾਫ਼ੀਆ ਦੀ ਨਕੇਲ ਕੱਸਣ ਲਈ ਕਮਿਸ਼ਨਰੇਟ ਪੁਲਸ ਨੇ ਇਸ ਵਾਰ ਡੇਰਾਬੱਸੀ ਤੋਂ 8 ਟ੍ਰੇਂਡ ਕੁੱਤਿਆਂ ਨੂੰ ਲਿਆਂਦਾ ਹੈ। ਇਨ੍ਹਾਂ ਕੁੱਤਿਆਂ ਦੀ ਸੁੰਘਣ ਸ਼ਕਤੀ ਇੰਨੀ ਤੇਜ਼ ਹੈ, ਇਨ੍ਹਾਂ ਦੀ ਮਦਦ ਨਾਲ ਕਮਿਸ਼ਨਰੇਟ ਪੁਲਸ ਨੂੰ ਸ਼ਰਾਬ ਤੇ ਨਸ਼ਾ ਸਮੱਗਲਰਾਂ ਤੱਕ ਪਹੁੰਚਣ ਵਿਚ ਕਾਫੀ ਮਦਦ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਇਹ ਕੁੱਤੇ ਸ਼ਹਿਰ ਵਿਚ ਐਂਟਰੀ ਪੁਆਇੰਟਾਂ ਅਤੇ ਹੋਰ ਨਾਕਿਆਂ ’ਤੇ ਲੋਕੇਸ਼ਨ ਬਦਲ-ਬਦਲ ਕੇ ਤਾਇਨਾਤ ਕੀਤੇ ਜਾ ਰਹੇ ਸਨ। ਹੁਣ ਇਨ੍ਹਾਂ ਟ੍ਰੇਂਡ ਕੁੱਤਿਆਂ ਨੂੰ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿਚ ਵੀ ਲਿਆਂਦਾ ਜਾਵੇਗਾ।

PunjabKesari

ਡੀ. ਸੀ. ਪੀ. ਤੇਜਾ ਅਤੇ ਏ. ਡੀ. ਸੀ. ਪੀ. ਸਿਟੀ-1 ਸੁਹੇਲ ਮੀਰ ਦੀ ਅਗਵਾਈ ’ਚ ਹੋਵੇਗੀ ਪੈਟਰੋਲਿੰਗ
ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਕਾਰਨ ਸ਼ਹਿਰ ਵਿਚ ਸੁਰੱਖਿਆ ਦੀ ਕਮਾਨ ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਅਤੇ ਏ. ਡੀ. ਸੀ. ਪੀ. ਸਿਟੀ-1 ਸੁਹੇਲ ਮੀਰ ਨੂੰ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਕਾਰਨ ਸਾਰੇ ਅਧਿਕਾਰੀ ਅਤੇ ਉਹ ਖ਼ੁਦ ਵੀ ਫੀਲਡ ਵਿਚ ਰਹਿਣਗੇ। ਓਵਰਆਲ ਸੁਰੱਖਿਆ ਦੀ ਜ਼ਿੰਮੇਵਾਰੀ ਉਕਤ ਦੋਵਾਂ ਅਧਿਕਾਰੀਆਂ ਨੂੰ ਸੌਂਪੀ ਗਈ ਹੈ। ਸੀ. ਪੀ. ਨੇ ਦੱਸਿਆ ਕਿ ਸ਼ਹਿਰ ਵਿਚ ਪੀ. ਸੀ. ਆਰ. ਦਸਤਿਆਂ ਨੂੰ ਵੀ ਅਲਰਟ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਵਾਹਨਾਂ ਦੀ ਵੀ ਜਾਂਚ ਕੀਤੀ ਗਈ ਹੈ। ਪੀ. ਸੀ. ਆਰ. ਦਸਤਾ ਵੀ ਉਕਤ ਦੋਵਾਂ ਅਧਿਕਾਰੀਆਂ ਦੀ ਦੇਖ-ਰੇਖ ਵਿਚ ਸ਼ਹਿਰ ਅੰਦਰ ਪੈਟਰੋਲਿੰਗ ਕਰੇਗਾ।

ਹੁਣ ਤੱਕ 200 ਭਗੌੜਿਆਂ ਅਤੇ 187 ਸਮੱਗਲਰਾਂ ਨੂੰ ਕੀਤਾ ਕਾਬੂ
ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਕੁਝ ਸਮੇਂ ਵਿਚ ਹੀ ਭਗੌੜੇ ਮੁਜਰਿਮਾਂ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਾਣਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਮੁਜਰਿਮਾਂ ਨੂੰ ਕਾਬੂ ਕਰਨ ਅਤੇ ਨਸ਼ਾ ਸਮੱਗਲਰਾਂ ’ਤੇ ਸਖ਼ਤ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਅਤੇ ਆਈ. ਪੀ. ਐੱਸ. ਅਧਿਕਾਰੀ ਏ. ਡੀ. ਸੀ. ਪੀ. ਸਿਟੀ-1 ਸੁਹੇਲ ਮੀਰ ਨੂੰ ਸੌਂਪੀ ਗਈ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਅਧਿਕਾਰੀਆਂ ਨੇ ਸਖ਼ਤ ਮਿਹਨਤ ਨਾਲ ਕੁਝ ਹੀ ਸਮੇਂ ਵਿਚ 200 ਭਗੌੜਿਆਂ ਅਤੇ 187 ਨਸ਼ਾ ਸਮੱਗਲਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਨਸ਼ੇ ਦੀ ਖੇਪ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਅਧਿਕਾਰੀਆਂ ਦੀ ਸਖ਼ਤ ਮਿਹਨਤ ਨਾਲ ਕਮਿਸ਼ਨਰੇਟ ਪੁਲਸ ਨੇ 98 ਫੀਸਦੀ ਦੇ ਲਗਭਗ ਲਾਇਸੈਂਸੀ ਹਥਿਆਰ ਵੀ ਜਮ੍ਹਾ ਕਰਵਾਏ। ਇਨ੍ਹਾਂ ਦੋਵਾਂ ਅਧਿਕਾਰੀਆਂ ਦੀ ਵਧੀਆ ਕਾਰਗੁਜ਼ਾਰੀ ਵੇਖ ਕੇ ਸੀ. ਪੀ. ਨੌਨਿਹਾਲ ਸਿੰਘ ਨੇ ਦੋਵਾਂ ਅਧਿਕਾਰੀਆਂ ਦੀ ਪਿੱਠ ਥਾਪੜੀ ਅਤੇ ਕਿਹਾ -ਵੈਲਡਨ।

ਇਹ ਵੀ ਪੜ੍ਹੋ: ਟਾਂਡਾ ਵਿਖੇ ਥਾਣੇ 'ਚ ਮੁਲਜ਼ਮ ਨੇ ਲਿਆ ਫਾਹਾ, ਪੁਲਸ ਨੂੰ ਪਈਆਂ ਭਾਜੜਾਂ

ਪੁਲਸ ਕੰਟਰੋਲ ਰੂਮ ਹੋਵੇਗਾ ਹਾਈਟੈੱਕ, ਮੋਬਾਇਲ ਫੋਨ ਨਹੀਂ ਵਾਕੀ-ਟਾਕੀ ਦੀ ਵਰਤੋਂ ਕਰਨਗੇ ਅਧਿਕਾਰੀ
ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਚੋਣਾਂ ਕਰਵਾਉਣ ਲਈ ਪੁਲਸ ਕੰਟਰੋਲ ਰੂਮ ਨੂੰ ਹਾਈਟੈੱਕ ਕੀਤਾ ਗਿਆ ਹੈ, ਜਿਸ ਤਹਿਤ ਸੈਂਟਰਲ ਆਰਮਜ਼ ਫ਼ੋਰਸ ਦੇ ਅਧਿਕਾਰੀਆਂ ਅਤੇ ਜਵਾਨਾਂ ਦੀਆਂ ਗੱਡੀਆਂ ਅਤੇ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਦੇ ਵਾਹਨਾਂ ਵਿਚ ਨਵੇਂ ਵਾਇਰਲੈੱਸ ਸੈੱਟ ਲਾ ਦਿੱਤੇ ਗਏ ਹਨ ਤਾਂ ਕਿ ਕੰਟਰੋਲ ਰੂਮ ਤੋਂ ਕਿਸੇ ਵੀ ਤਰ੍ਹਾਂ ਦਾ ਮੈਸੇਜ ਆਉਣ ’ਤੇ ਸਾਰੀ ਫੋਰਸ ਨੂੰ ਇਕੋ ਵੇਲੇ ਮੈਸੇਜ ਪਹੁੰਚ ਸਕੇ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਪਹਿਲਾਂ ਅਧਿਕਾਰੀ ਇਕ-ਦੂਜੇ ਨਾਲ ਸੰਪਰਕ ਕਰਨ ਲਈ ਮੋਬਾਇਲ ਫੋਨ ਦੀ ਵਰਤੋਂ ਕਰਦੇ ਸਨ ਅਤੇ ਕਈ ਵਾਰ ਨੈੱਟਵਰਕ ਕਾਰਨ ਅਧਿਕਾਰੀਆਂ ਨਾਲ ਮੋਬਾਇਲ ਫੋਨ ’ਤੇ ਸੰਪਰਕ ਕਰਨਾ ਕਾਫੀ ਮੁਸ਼ਕਲ ਹੁੰਦਾ ਸੀ। ਇਸ ਕਾਰਨ ਚੋਣਾਂ ਨੂੰ ਦੇਖਦਿਆਂ ਸਾਰੇ ਅਧਿਕਾਰੀਆਂ ਅਤੇ ਜਵਾਨਾਂ ਦੇ ਹੱਥਾਂ ਵਿਚ ਨਵੇਂ ਵਾਕੀ-ਟਾਕੀ ਸੈੱਟ ਫੜਾ ਦਿੱਤੇ ਗਏ ਹਨ।

ਸੰਵੇਦਨਸ਼ੀਲ ਬੂਥਾਂ ’ਤੇ ਬੈਰੀਕੇਡਜ਼ ਨਾਲ ਹੋਵੇਗੀ ਸਖ਼ਤ ਸੁਰੱਖਿਆ
ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਅਤੇ ਡੀ. ਸੀ. ਪੀ. (ਇਨਵੈਸਟੀਗੇਸ਼ਨ) ਜਸਕਿਰਨਜੀਤ ਸਿਘ ਤੇਜਾ ਨੇ ਦੱਸਿਆ ਕਿ ਸ਼ਹਿਰ ਵਿਚ ਸਖ਼ਤ ਸੁਰੱਖਿਆ ਤੋਂ ਇਲਾਵਾ ਕਮਿਸ਼ਨਰੇਟ ਪੁਲਸ ਨੇ ਕਈ ਸੰਵੇਦਨਸ਼ੀਲ ਬੂਥਾਂ ਦੀ ਵੀ ਲਿਸਟ ਤਿਆਰ ਕਰ ਲਈ ਹੈ। ਸੰਵੇਦਨਸ਼ੀਲ ਬੂਥਾਂ ਦੇ ਆਲੇ-ਦੁਆਲੇ ਬੈਰੀਕੇਡਜ਼ ਨਾਲ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ ਅਤੇ ਉਥੇ ਪੈਰਾ-ਮਿਲਟਰੀ ਫੋਰਸ ਦੇ ਜਵਾਨਾਂ ਨੂੰ ਵਿਸ਼ੇਸ਼ ਰੂਪ ਵਿਚ ਤਾਇਨਾਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਸੁਨੀਲ ਜਾਖੜ ਦਾ 'ਆਪ' 'ਤੇ ਵੱਡਾ ਹਮਲਾ, ਕਿਹਾ-ਕੇਜਰੀਵਾਲ ਹਿੰਦੂ ਨੂੰ ਡਰਿਆ ਤੇ ਸਹਿਮਿਆ ਹੋਇਆ ਨਾ ਸਮਝਣ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News