ਜਲੰਧਰ ਦੇ ਡੀ. ਸੀ. ਨੇ ਸੁਪਰ ਮਾਡਲ ਪੋਲਿੰਗ ਸਟੇਸ਼ਨ ’ਚ ਪ੍ਰਬੰਧਾਂ ਦੀ ਕੀਤੀ ਸਮੀਖਿਆ

Friday, Feb 18, 2022 - 02:07 PM (IST)

ਜਲੰਧਰ ਦੇ ਡੀ. ਸੀ. ਨੇ ਸੁਪਰ ਮਾਡਲ ਪੋਲਿੰਗ ਸਟੇਸ਼ਨ ’ਚ ਪ੍ਰਬੰਧਾਂ ਦੀ ਕੀਤੀ ਸਮੀਖਿਆ

ਜਲੰਧਰ (ਚੋਪੜਾ)– ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਹੋਣ ਜਾ ਰਹੀ ਵੋਟਿੰਗ ਵਿਚ ਲਗਭਗ 2 ਦਿਨਾਂ ਦਾ ਸਮਾਂ ਬਾਕੀ ਰਹਿ ਗਿਆ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਿੰਗ ਦੌਰਾਨ ਵੋਟਰਾਂ ਦੀਆਂ ਸਹੂਲਤਾਂ ਸਬੰਧੀ ਦਿੱਤੇ ਵੱਖ-ਵੱਖ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਜ਼ਰੂਰੀ ਪ੍ਰਬੰਧ ਕਰਵਾਉਣ ਲਈ ਆਪਣੀ ਕਮਰ ਕੱਸ ਲਈ ਹੈ ਤਾਂ ਕਿ ਕਿਸੇ ਵੀ ਪੋਲਿੰਗ ਬੂਥ ’ਤੇ ਕੋਈ ਕੰਮ ਬਾਕੀ ਨਾ ਰਹੇ। ਇਸ ਲੜੀ ਵਿਚ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਅਧਿਕਾਰੀਆਂ ਨਾਲ ਸਥਾਨਕ ਐੱਚ. ਐੱਮ. ਵੀ. ਕਾਲਜ ਵਿਚ ਸਥਾਪਿਤ ਕੀਤੇ ਗਏ ਸੁਪਰ ਮਾਡਲ ਪੋਲਿੰਗ ਸਟੇਸ਼ਨ ਦਾ ਦੌਰਾ ਕੀਤਾ ਅਤੇ ਉਥੇ ਵੋਟਰਾਂ ਲਈ ਸਹੂਲਤਾਂ ਸਬੰਧੀ ਕੀਤੇ ਪ੍ਰਬੰਧਾਂ ਦੀ ਸਮੀਖਿਆ ਕੀਤੀ।

PunjabKesari

ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਦੱਸਿਆ ਕਿ ਇਸ ਪੋਲਿੰਗ ਸਟੇਸ਼ਨ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ, ਜਿਸ ਵਿਚ ਵੋਟਰਾਂ ਲਈ ਵੇਟਿੰਗ ਲਾਊਂਜ, ਬੋਤਲ ਕਰੱਸ਼ਿੰਗ ਮਸ਼ੀਨ, ਵ੍ਹੀਲਚੇਅਰ, ਪੀ. ਡਬਲਿਊ. ਡੀ. ਵੋਟਰਾਂ ਲਈ ਵਿਸ਼ੇਸ਼ ਤੌਰ ’ਤੇ ਗੋਲਫ ਕਾਰਟ, ਵੇਰਕਾ ਬੂਥ, ਵੋਟ ਪਾਉਣ ਲਈ ਟੋਕਨ ਪ੍ਰਣਾਲੀ, ਐੱਲ. ਈ. ਡੀ. ਸਕ੍ਰੀਨ, ਵੋਟਿੰਗ ਲਈ ਆਉਣ ਵਾਲੇ ਵੋਟਰ ਦਾ ਮੋਬਾਇਲ ਜਮ੍ਹਾ ਕਰਵਾਉਣ ਲਈ ਵੱਖ ਕਮਰਾ ਤਿਆਰ ਕਰਨ ਸਮੇਤ ਹੋਰ ਸਹੂਲਤਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪੋਲਿੰਗ ਸਟੇਸ਼ਨਾਂ ’ਤੇ ਆਉਣ ਵਾਲੇ ਵੋਟਰਾਂ ਦੇ ਸਵਾਗਤ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਬੈਂਡ ਤੇ ਢੋਲ ਵਜਾ ਕੇ ਵੋਟਰਾਂ ਨੂੰ ਜੀ ਆਇਆਂ ਕਿਹਾ ਜਾਵੇਗਾ। ਪੋਲਿੰਗ ਸਟੇਸ਼ਨਾਂ ਨੂੰ ਰੰਗ-ਬਿਰੰਗੇ ਗੁਬਾਰਿਆਂ, ਸਲੋਗਨਾਂ ਅਤੇ ਹੋਰ ਸਮੱਗਰੀ ਨਾਲ ਸਜਾਇਆ ਜਾਵੇਗਾ। ਵੋਟਰਾਂ ਲਈ ਡਾਕਟਰੀ ਸਹਾਇਤਾ, ਪਖਾਨੇ ਅਤੇ ਸਹਾਇਤਾ ਲਈ ਵਾਲੰਟੀਅਰ ਆਦਿ ਮੁਹੱਈਆ ਹੋਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੁਪਰ ਮਾਡਲ ਪੋਲਿੰਗ ਸਟੇਸ਼ਨ ਬਣਾਉਣ ਦਾ ਮੁੱਖ ਉਦੇਸ਼ ਵਿਧਾਨ ਸਭਾ ਚੋਣਾਂ ਵਿਚ ਵੋਟਿੰਗ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਮਾਡਲ ਪੋਲਿੰਗ ਸਟੇਸ਼ਨ ਬਿਹਤਰ ਹਾਲਤ ਵਾਲੀਆਂ ਇਮਾਰਤਾਂ ਵਿਚ ਜਿੱਥੇ ਨਵੀਂ ਵਾਲ ਪੇਂਟਿੰਗ ਹੋਵੇਗੀ ਅਤੇ ਵੋਟਰਾਂ ਤੱਕ ਅਜਿਹੇ ਪੋਲਿੰਗ ਸਟੇਸ਼ਨਾਂ ’ਤੇ ਪਹੁੰਚ ਕਰਨੀ ਆਸਾਨ ਹੋਵੇਗੀ, ਵਿਚ ਬਣਾਏ ਗਏ ਹਨ। ਇਨ੍ਹਾਂ ਵਿਸ਼ੇਸ਼ ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਚੋਣ ਸਟਾਫ ਅਤੇ ਪੋਲਿੰਗ ਏਜੰਟਾਂ ਲਈ ਵਧੀਆ ਕੁਆਲਿਟੀ ਦਾ ਫਰਨੀਚਰ, ਵੋਟ ਪਾਉਣ ਲਈ ਫਾਈਬਰ ਗਲਾਸ ਦੇ ਕੰਪਾਰਟਮੈਂਟ, ਵੱਧ ਤੋਂ ਵੱਧ ਸਹੂਲਤਾਂ ਦਿਖਾਉਂਦੇ ਬੋਰਡ, ਬੂਥ ਪੱਧਰੀ ਅਧਿਕਾਰੀਆਂ ਵੱਲੋਂ ‘ਸਹਾਇਤਾ ਬੂਥ’ ਅਤੇ ਸਵਾਗਤ ਲਈ ਰੈੱਡ ਕਾਰਪੇਟ ਵਿਛਿਆ ਹੋਣਾ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ: ਸੁਨੀਲ ਜਾਖੜ ਦਾ 'ਆਪ' 'ਤੇ ਵੱਡਾ ਹਮਲਾ, ਕਿਹਾ-ਕੇਜਰੀਵਾਲ ਹਿੰਦੂ ਨੂੰ ਡਰਿਆ ਤੇ ਸਹਿਮਿਆ ਹੋਇਆ ਨਾ ਸਮਝਣ

ਉਨ੍ਹਾਂ ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਸੱਦਾ ਦਿੱਤਾ ਕਿ ਉਹ 20 ਫਰਵਰੀ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ। ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਿਲੇ ਵਿਚ ਬਣਾਏ ਗਏ 1975 ਪੋਲਿੰਗ ਬੂਥਾਂ ’ਤੇ ਵੋਟਰਾਂ ਨੂੰ ਬਿਹਤਰੀਨ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਐਡੀਸ਼ਨਲ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਆਸ਼ਿਕਾ ਜੈਨ, ਸਹਾਇਕ ਕਮਿਸ਼ਨਰ (ਯੂ. ਟੀ.) ਓਜਸਵੀ ਅਲੰਕਾਰ, ਪੀ. ਸੀ. ਐੱਸ. (ਯੂ. ਟੀ.) ਗੁਰਲੀਨ ਕੌਰ, ਸਵੀਪ ਮੈਂਬਰ ਸੁਰਜੀਤ ਲਾਲ, ਹੈੱਡ ਆਫ ਡਿਪਾਰਟਮੈਂਟ ਅੰਜਨਾ ਭਾਟੀਆ ਆਦਿ ਵੀ ਹਾਜ਼ਰ ਸਨ।

PunjabKesari

9 ਵਿਧਾਨ ਸਭਾ ਹਲਕਿਆਂ ’ਚ 59 ਸੁਪਰ ਮਾਡਲ ਪੋਲਿੰਗ ਸਟੇਸ਼ਨ ਬਣੇ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਕਾਲਜ ਵਿਚ ਸੁਪਰ ਮਾਡਲ ਪੋਲਿੰਗ ਸਟੇਸ਼ਨ ਸਥਾਪਿਤ ਕਰਨ ਤੋਂ ਇਲਾਵਾ ਜ਼ਿਲੇ ਨਾਲ ਸਬੰਧਤ ਸਾਰੇ 9 ਵਿਧਾਨ ਸਭਾ ਹਲਕਿਆਂ, ਜਿਨ੍ਹਾਂ ਵਿਚ ਆਦਮਪੁਰ, ਕਰਤਾਰਪੁਰ, ਨਕੋਦਰ, ਸ਼ਾਹਕੋਟ, ਫਿਲੌਰ, ਜਲੰਧਰ ਕੈਂਟ, ਜਲੰਧਰ ਸੈਂਟਰਲ, ਜਲੰਧਰ ਉੱਤਰੀ, ਜਲੰਧਰ ਪੱਛਮੀ ਸ਼ਾਮਲ ਹਨ, ’ਚ 59 ਅਜਿਹੇ ਮਾਡਲ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਸੈਨੇਟਾਈਜ਼ਰ, ਫੇਸ ਮਾਸਕ, ਗਲੱਵਜ਼ ਮਿਲਣ ਅਤੇ ਵਰਤੋਂ ਦੀ ਸਮੱਗਰੀ ਦੀ ਸੰਭਾਲ ਦਾ ਵੀ ਹੋਵੇਗਾ ਪ੍ਰਬੰਧ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਦੇ 1975 ਪੋਲਿੰਗ ਬੂਥਾਂ ’ਤੇ ਵੋਟਿੰਗ ਲਈ ਆਉਣ ਵਾਲੇ ਵੋਟਰਾਂ ਦੇ ਕੋਵਿਡ-19 ਵਾਇਰਸ ਤੋਂ ਬਚਾਅ ਲਈ ਚੋਣ ਕਮਿਸ਼ਨ ਨੇ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਤਹਿਤ ਸੁਪਰ ਮਾਡਲ ਪੋਲਿੰਗ ਸਟੇਸ਼ਨਾਂ ਸਮੇਤ ਹਰੇਕ ਪੋਲਿੰਗ ਬੂਥ ’ਤੇ ਤਾਇਨਾਤ ਸਟਾਫ ਨੂੰ ਸੈਨੇਟਾਈਜ਼ਰ, ਫੇਸ ਮਾਸਕ, ਗਲੱਵਜ਼ ਵਰਗੀਆਂ ਅਹਿਤਿਆਤੀ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ ਹਨ। ਪੋਲਿੰਗ ਬੂਥ ਵਿਚ ਆਉਣ ਵਾਲੇ ਹਰੇਕ ਵੋਟਰ ਦੇ ਸੈਨੇਟਾਈਜ਼ਰ ਨਾਲ ਹੱਥ ਸੈਨੇਟਾਈਜ਼ ਕਰਨ ਦਾ ਸਮੁੱਚਾ ਪ੍ਰਬੰਧ ਹੋਵੇਗਾ। ਇਸ ਦੇ ਨਾਲ ਹੀ ਹਰੇਕ ਵੋਟਰ ਨੂੰ ਇਕ ਗਲੱਵਜ਼ ਵੀ ਦਿੱਤਾ ਜਾਵੇਗਾ ਤਾਂ ਕਿ ਉਹ ਬੂਥ ਵਿਚ ਉਂਗਲੀ ’ਤੇ ਸਿਆਹੀ ਲੱਗੇ ਹੱਥ ਨੂੰ ਛੱਡ ਕੇ ਦੂਜੇ ਹੱਥ ਵਿਚ ਗਲੱਵਜ਼ ਪਹਿਨ ਕੇ ਹੀ ਈ. ਵੀ. ਐੱਮ. ਦਾ ਬਟਨ ਦਬਾ ਕੇ ਆਪਣੀ ਵੋਟ ਪਾ ਸਕਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਰਤੀ ਗਈ ਸਮੱਗਰੀ ਦੀ ਸੰਭਾਲ ਲਈ ਹਰੇਕ ਪੋਲਿੰਗ ਬੂਥ ਵਿਚ ਵੱਖ ਡਸਟਬਿਨ ਰੱਖੇ ਜਾਣਗੇ, ਜਿਨ੍ਹਾਂ ਨੂੰ ਬਾਅਦ ਵਿਚ ਹਾਇਰ ਕੀਤੀ ਗਈ ਇਕ ਨਿੱਜੀ ਕੰਪਨੀ ਵੱਲੋਂ ਟਰੱਕਾਂ ਵਿਚ ਲੱਦ ਕੇ ਕੋਵਿਡ ਵੇਸਟੇਜ ਨੂੰ ਨਸ਼ਟ ਕੀਤਾ ਜਾਵੇਗਾ।

PunjabKesari

ਇਹ ਵੀ ਪੜ੍ਹੋ: ਜਲੰਧਰ 'ਚ 18 ਫਰਵਰੀ ਸ਼ਾਮ ਤੋਂ ਲੈ ਕੇ ਚੋਣਾਂ ਦੇ ਦਿਨ ਤੱਕ ਰਹੇਗਾ 'ਡਰਾਈ ਡੇਅ', ਡੀ. ਸੀ. ਨੇ ਦਿੱਤੇ ਹੁਕਮ

ਹਰੇਕ ਹਲਕੇ ’ਚ 1-1 ਵੂਮੈਨ ਓਨਲੀ ਪੋਲਿੰਗ ਸਟੇਸ਼ਨ ਬਣੇ
ਘਨਸ਼ਾਮ ਥੋਰੀ ਨੇ ਦੱਸਿਆ ਕਿ ਹਰੇਕ ਵਿਧਾਨ ਸਭਾ ਹਲਕੇ ਵਿਚ 1-1 ਵੂਮੈਨ ਓਨਲੀ ਪੋਲਿੰਗ ਸਟੇਸ਼ਨ ਵੀ ਬਣਾਇਆ ਜਾਵੇਗਾ ਅਤੇ ਜ਼ਿਲੇ ਵਿਚ ਕੁੱਲ 9 ਅਜਿਹੇ ਪੋਲਿੰਗ ਸਟੇਸ਼ਨ ਹੋਣਗੇ, ਜਿਥੇ ਪੋਲਿੰਗ ਡਿਊਟੀ ਤੋਂ ਲੈ ਕੇ ਸੁਰੱਖਿਆ ਤੱਕ ਦੀ ਸਾਰੀ ਕਮਾਨ ਸਿਰਫ਼ ਔਰਤ ਅਧਿਕਾਰੀਆਂ ਦੇ ਹੱਥਾਂ ਵਿਚ ਹੋਵੇਗੀ। ਅਜਿਹੇ ਪੋਲਿੰਗ ਸਟੇਸ਼ਨਾਂ ’ਤੇ ਕੰਪਲੀਟ ਮਹਿਲਾ ਸਟਾਫ਼ ਨਾਲ ਔਰਤਾਂ ਵੀ ਵੱਡੀ ਗਿਣਤੀ ਵਿਚ ਵੋਟਿੰਗ ਪ੍ਰਕਿਰਿਆ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਹੋਣਗੀਆਂ ਅਤੇ ਉਨ੍ਹਾਂ ਦਾ ਆਤਮਵਿਸ਼ਵਾਸ ਵੀ ਵਧੇਗਾ।

PunjabKesari

ਜ਼ਿਲ੍ਹੇ ਵਿਚ 1 ਪੋਲਿੰਗ ਸਟੇਸ਼ਨ ਨੂੰ ਚਲਾਉਣਗੇ ਦਿਵਿਆਂਗ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਇਕ ਪੋਲਿੰਗ ਸਟੇਸ਼ਨ ਹੋਵੇਗਾ, ਜਿਸ ਨੂੰ ਦਿਵਿਆਂਗ ਚਲਾਉਣਗੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਨਕ ਅਪਾਹਜ ਆਸ਼ਰਮ ਵਿਚ ਅਜਿਹਾ ਪੋਲਿੰਗ ਸਟੇਸ਼ਨ ਸਥਾਪਿਤ ਕੀਤਾ ਜਾਵੇਗਾ, ਜਿਸ ਦਾ ਮਨੋਰਥ ਦਿਵਿਆਂਗਾਂ ਦੀ ਦੇਸ਼ ਦੇ ਨਿਰਮਾਣ ਤੇ ਲੋਕਤੰਤਰ ਵਿਚ ਭਾਈਵਾਲੀ ਨੂੰ ਯਕੀਨੀ ਕਰਨਾ ਹੋਵੇਗਾ।

ਇਹ ਵੀ ਪੜ੍ਹੋ: ਸੁਰੱਖਿਆ ਦਾ ਮੁੱਦਾ ਚੋਣਾਂ ’ਚ ਵੋਟਰਾਂ ਨੂੰ ਪ੍ਰਭਾਵਿਤ ਕਰੇਗਾ: ਸੁਖਜਿੰਦਰ ਰੰਧਾਵਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News