ਪੰਜਾਬ ਵਿਧਾਨ ਸਭਾ ਚੋਣਾਂ : 5 ਹਜ਼ਾਰ ਦਾ ‘ਫੇਰ’, ਕਈ ਦਿੱਗਜ ਹੋਏ ਢੇਰ

Monday, Jan 24, 2022 - 11:02 AM (IST)

ਚੰਡੀਗੜ੍ਹ (ਰਮਨਜੀਤ) : ਕੋਈ ਸਮਾਂ ਸੀ, ਜਦੋਂ ਪੰਜਾਬ ’ਚ ਮੁੱਖ ਤੌਰ ’ਤੇ ਦੋ ਸਿਆਸੀ ਪਾਰਟੀਆਂ ਵਿਚਾਲੇ ਹੀ ਮੁਕਾਬਲਾ ਚੱਲਦਾ ਸੀ ਅਤੇ ਦੋਵੇਂ ਹੀ ਪਾਰਟੀਆਂ ਆਪਣੇ ਸਭ ਤੋਂ ਦਮਦਾਰ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਦੀਆਂ ਰਹੀਆਂ। ਇਸ ਦੇ ਨਾਲ ਹੀ ਵੋਟਰਾਂ ਦੇ ਮੂਡ ਦੇ ਹਿਸਾਬ ਨਾਲ ਵਾਰੀ-ਵਾਰੀ ਸਰਕਾਰਾਂ ਵੀ ਬਣਾਉਂਦੀਆਂ ਰਹੀਆਂ। ਹੁਣ ਹਾਲਾਤ ਬਦਲ ਚੁੱਕੇ ਹਨ ਅਤੇ ਚੋਣ ਮੈਦਾਨ ’ਚ 2 ਦੀ ਬਜਾਏ 4-4 ਮਜ਼ਬੂਤ ਉਮੀਦਵਾਰ ਮੁਕਾਬਲੇ ’ਚ ਦਿਖਣਗੇ, ਜੋ ਕਿ ਮਜ਼ਬੂਤ ਰਾਸ਼ਟਰੀ ਜਾਂ ਖੇਤਰੀ ਪਾਰਟੀਆਂ ਤੋਂ ਹੋਣਗੇ। ਉੱਥੇ ਹੀ ਹੋਰ ਸਿਆਸੀ ਪਾਰਟੀਆਂ ਅਤੇ ਆਜ਼ਾਦ ਤੌਰ ’ਤੇ ਚੋਣ ਲੜਨ ਵਾਲੇ ਉਮੀਦਵਾਰ ਵੀ ਕਈ ਸੀਟਾਂ ’ਤੇ ਹਾਲਾਤ ਨੂੰ ਹੋਰ ਵੀ ਦੁਚਿੱਤੀ ਭਰਿਆ ਬਣਾ ਦਿੰਦੇ ਹਨ। ਚੋਣਾਂ ਦੇ ਇਸ ਪਹਿਲੂ ਨੂੰ ਟਟੋਲਦੀ ‘ਜਗ ਬਾਣੀ’ ਦੇ ਰਮਨਜੀਤ ਸਿੰਘ ਦੀ ਇਹ ਰਿਪੋਰਟ-

ਇਹ ਵੀ ਪੜ੍ਹੋ : ਲੁਧਿਆਣਾ : 'ਆਪ' ਤੇ ਕੈਪਟਨ ਵੱਲੋਂ ਉਮੀਦਵਾਰਾਂ ਦੇ ਐਲਾਨ ਮਗਰੋਂ ਕਾਂਗਰਸੀਆਂ 'ਚ ਵਧਿਆ ਲੜਾਈ ਵਾਲਾ ਮਾਹੌਲ
ਕਈ ਦਹਾਕੇ ਸੂਬੇ ’ਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਵਾਰੀ-ਵਾਰੀ ਸਰਕਾਰਾਂ ਬਣਾਉਂਦੇ ਆਏ ਸਨ ਅਤੇ ਚੋਣ ਜੰਗ ’ਚ ਵੀ ਇਨ੍ਹਾਂ ਦੋ ਧਿਰਾਂ ਦੇ ਉਮੀਦਵਾਰ ਨਜ਼ਰ ਆਉਂਦੇ ਸਨ ਪਰ 2012 ’ਚ ਪੀਪੁਲਸ ਪਾਰਟੀ ਆਫ਼ ਪੰਜਾਬ ਅਤੇ ਫਿਰ 2014 ਤੋਂ ਹੋਈ ਆਮ ਆਦਮੀ ਪਾਰਟੀ ਦੀ ਰਾਜਨੀਤਕ ਐਂਟਰੀ ਨੇ ਪੰਜਾਬ ਦਾ ਸਿਆਸੀ ਮਾਹੌਲ ਵੀ ਬਦਲਣਾ ਸ਼ੁਰੂ ਕੀਤਾ। ਹਾਲਾਂਕਿ ਪੀ. ਪੀ. ਪੀ. ਸਿਰਫ਼ ਇਕ ਚੋਣਾਂ ਤੱਕ ਹੀ ਸੀਮਤ ਰਹਿ ਗਈ ਪਰ ‘ਆਪ’ ਨੂੰ ਮਿਲੇ ਲੋਕਾਂ ਵੱਲੋਂ ਭਰਪੂਰ ਸਮਰਥਨ ਕਾਰਨ ਸੂਬੇ ’ਚ ਦੋ ਪਾਰਟੀਆਂ ਵਾਲੇ ਮੁਕਾਬਲੇ ’ਚ ਤੀਜਾ ਮੁਕਾਬਲੇਬਾਜ਼ ਵੀ ਖੜ੍ਹਾ ਹੋ ਗਿਆ। 2017 ਦੀਆਂ ਵਿਧਾਨ ਸਭਾ ਚੋਣਾਂ ’ਚ ਥ੍ਰੀ ਕਾਰਨਰ ਫਾਈਟ ਹੋਈ, ਹਾਲਾਂਕਿ ਕਾਂਗਰਸ ਸਰਕਾਰ ਬਣਾਉਣ ’ਚ ਸਫ਼ਲ ਰਹੀ ਪਰ ਇਨ੍ਹਾਂ ਤਿੰਨ ਧਿਰਾਂ ਦੇ ਮੁਕਾਬਲੇ ਕਾਰਨ ਕਈ ਵਿਧਾਨ ਸਭਾ ਸੀਟਾਂ ਅਜਿਹੀਆਂ ਵੀ ਰਹੀਆਂ, ਜਿੱਥੇ ਜਿੱਤ-ਹਾਰ ਦਾ ਅੰਤਰ 5 ਹਜ਼ਾਰ ਵੋਟਾਂ ਤੋਂ ਵੀ ਘੱਟ ਦਾ ਰਿਹਾ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਕਾਂਗਰਸੀ ਉਮੀਦਵਾਰਾਂ ਦੀ ਸੂਚੀ ਅੱਜ ਜਾਰੀ ਹੋਣ ਦੀ ਸੰਭਾਵਨਾ
ਇਸ ਵਾਰ ਹਾਲਾਤ ਬਦਲੇ
ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਟੁੱਟ ਚੁੱਕਿਆ ਹੈ। ਦੋਵੇਂ ਪਾਰਟੀਆਂ ਵੱਖ-ਵੱਖ ਮੈਦਾਨ ’ਚ ਹਨ। ਕਈ ਚੋਣਾਂ ਇਨ੍ਹਾਂ ਦੋਵਾਂ ਨੇ ਇਕੱਠੇ ਲੜੀਆਂ ਹਨ ਤਾਂ ਦੋਵਾਂ ਦੇ ਵਰਕਰਾਂ ਅਤੇ ਸਮਰਥਕਾਂ ਦੀਆਂ ਵੋਟਾਂ ਸਾਂਝੇ ਉਮੀਦਵਾਰਾਂ ਨੂੰ ਮਿਲਦੀਆਂ ਰਹੀਆਂ ਹਨ ਪਰ ਇਸ ਵਾਰ ਸਪੱਸ਼ਟ ਹੋਵੇਗਾ ਕਿ ਕਿਸ ਵਿਧਾਨ ਸਭਾ ਖੇਤਰ ’ਚ ਕਿਸ ਦਾ ਕਿੰਨਾ ਆਧਾਰ ਹੈ। ਇਹੀ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ’ਚ, ਖ਼ਾਸ ਕਰਕੇ ਉਨ੍ਹਾਂ ’ਚ ਜੋ ਬਹੁਤ ਥੋੜ੍ਹੀਆਂ ਵੋਟਾਂ ਨਾਲ ਜਿੱਤੇ ਸਨ, ਦੀ ਚਿੰਤਾ ਵਧੀ ਹੋਈ ਹੈ। ਇਕ ਕਾਰਨ ਇਹ ਵੀ ਹੈ ਕਿ ਗਠਜੋੜ ਟੁੱਟਣ ਤੋਂ ਬਾਅਦ ਭਾਜਪਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ‘ਪੰਜਾਬ ਲੋਕ ਕਾਂਗਰਸ’ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗਠਜੋੜ ਕਰ ਲਿਆ, ਜਿਸ ਨਾਲ ਵੀ ਕਈ ਸੀਟਾਂ ’ਤੇ ਚੋਣ ਹਿਸਾਬ ਵਿਗੜ ਗਿਆ ਹੈ। 5 ਹਜ਼ਾਰ ਵੋਟਾਂ ਤੋਂ ਘੱਟ ਦੇ ਅੰਤਰ ਨਾਲ ਜਿੱਤ ਦਰਜ ਕਰਨ ਵਾਲਿਆਂ ਦੇ ਤਾਂ ਹੱਥ-ਪੈਰ ਫੁਲੇ ਹੋਏ ਹਨ। ਇਨ੍ਹਾਂ ਵਿਧਾਨ ਸਭਾ ਸੀਟਾਂ ’ਚ ਮੌਜੂਦਾ ਕੈਬਨਿਟ ਦੇ ਮੰਤਰੀਆਂ ਦੇ ਵੀ ਵਿਧਾਨ ਸਭਾ ਖੇਤਰ ਸ਼ਾਮਲ ਹਨ।
ਇਹ ਵੀ ਪੜ੍ਹੋ : ਡੇਹਲੋਂ ਦੇ ਗੁਰਦੁਆਰਾ ਸਾਹਿਬ 'ਚ ਜਨਾਨੀ ਵੱਲੋਂ ਬੇਅਦਬੀ ਦੀ ਅਫ਼ਵਾਹ ਨਾਲ ਮਚੀ ਹਫੜਾ-ਦਫੜੀ

ਇਨ੍ਹਾਂ ਸੀਟਾਂ ’ਤੇ 5000 ਤੋਂ ਘੱਟ ਅੰਤਰ
ਸੀਟ                        ਜਿੱਤੇ                                 ਹਾਰੇ                                   ਵੋਟਾਂ ਦਾ ਅੰਤਰ
ਫਾਜ਼ਿਲਕਾ              ਦਵਿੰਦਰ ਸਿੰਘ ਘੁਬਾਇਆ             ਸੁਰਜੀਤ ਕੁਮਾਰ ਜ਼ਿਆਣੀ           265
ਬਟਾਲਾ                  ਲਖਬੀਰ ਸਿੰਘ ਲੋਧੀਨੰਗਲ            ਅਸ਼ਵਨੀ ਸੇਖੜੀ                    485
ਭੁੱਚੋ ਮੰਡੀ               ਪ੍ਰੀਤਮ ਸਿੰਘ ਕੋਟਭਾਈ               ਜਗਸੀਰ ਸਿੰਘ                        645
ਡੇਰਾ ਬਾਬਾ ਨਾਨਕ   ਸੁਖਜਿੰਦਰ ਸਿੰਘ ਰੰਧਾਵਾ              ਸੁੱਚਾ ਸਿੰਘ ਲੰਗਾਹ                   1194
ਬੁਢਲਾਡਾ               ਬੁੱਧ ਰਾਮ                               ਰਣਜੀਤ ਕੌਰ ਭੱਟੀ                  1276
ਲੁਧਿਆਣਾ (ਈਸਟ)    ਸੰਜੀਵ ਤਲਵਾੜ                     ਦਲਜੀਤ ਸਿੰਘ ਗਰੇਵਾਲ              1581
ਦਿੜਬਾ                 ਹਰਪਾਲ ਸਿੰਘ ਚੀਮਾ                 ਅਜੈਬ ਸਿੰਘ ਰਟੌਲਾਂ                   1645
ਗੜ੍ਹਸ਼ੰਕਰ              ਜੈ ਕਿਸ਼ਨ ਰੋੜੀ                        ਸੁਰਿੰਦਰ ਸਿੰਘ ਹੀਰ                   1650
ਮੋਗਾ                     ਹਰਜੋਤ ਕਮਲ                         ਰਮੇਸ਼ ਗਰੋਵਰ                       1764
ਬੰਗਾ                     ਸੁਖਵਿੰਦਰ ਕੁਮਾਰ                      ਸੁੱਖੀ ਹਰਜੋਤ                       1893
ਡੇਰਾਬੱਸੀ               ਨਰਿੰਦਰ ਕੁਮਾਰ ਸ਼ਰਮਾ                ਦੀਪਇੰਦਰ ਸਿੰਘ                   1921
ਫ਼ਤਹਿਗੜ੍ਹ ਚੂੜੀਆਂ     ਤ੍ਰਿਪਤ ਰਾਜਿੰਦਰ ਸਿੰਘ ਬਾਜਵਾ      ਨਿਰਮਲ ਸਿੰਘ ਕਾਹਲੋ            1999
ਫਗਵਾੜਾ                  ਸੋਮ ਪ੍ਰਕਾਸ਼                             ਜੋਗਿੰਦਰ ਸਿੰਘ ਮਾਨ              2009
ਖਰੜ                     ਕੰਵਰ ਸੰਧੂ                                ਜਗਮੋਹਨ ਸਿੰਘ ਕੰਗ             2012
ਬਰਨਾਲਾ                 ਗੁਰਮੀਤ ਸਿੰਘ ਮੀਤ ਹੇਅਰ            ਕੇਵਲ ਸਿੰਘ ਢਿੱਲੋਂ                 2432
ਧੂਰੀ                       ਦਲਵੀਰ ਸਿੰਘ ਗੋਲਡੀ                 ਜਸਵੀਰ ਸਿੰਘ ਸੇਖੋਂ                 2811
ਅਬੋਹਰ                   ਅਰੁਣ ਨਾਰੰਗ                            ਸੁਨੀਲ ਜਾਖੜ                    3279
ਨਵਾਂਸ਼ਹਿਰ               ਅੰਗਦ ਸਿੰਘ                             ਜਰਨੈਲ ਸਿੰਘ ਵਾਹਿਦ              3323
ਫਿਲੌਰ                  ਬਲਦੇਵ ਸਿੰਘ ਖਹਿਰਾ                     ਵਿਕਰਮਜੀਤ ਸਿੰਘ ਚੌਧਰੀ           3477
ਸ਼ਾਮ ਚੁਰਾਸੀ            ਪਵਨ ਕੁਮਾਰ ਆਦਿਆ                 ਡਾ. ਰਵਜੋਤ ਸਿੰਘ                    3815
ਅਮਲੋਹ                  ਰਣਦੀਪ ਸਿੰਘ ਨਾਭਾ                   ਗੁਰਪ੍ਰੀਤ ਸਿੰਘ ਰਾਜੂ ਖੰਨਾ             3946
ਦਾਖਾ                     ਐੱਚ.ਐੱਸ. ਫੂਲਕਾ                       ਮਨਪ੍ਰੀਤ ਸਿੰਘ ਇਆਲੀ               4169
ਸਾਹਨੇਵਾਲ              ਸ਼ਰਨਜੀਤ ਸਿੰਘ ਢਿੱਲੋਂ                     ਸਤਵਿੰਦਰ ਬਿੱਟੀ                     4551
ਸਨੌਰ                     ਐੱਚ.ਐਸ. ਚੰਦੂਮਾਜਰਾ                    ਐੱਚ.ਐੱਸ. ਮਾਨ                     4870
ਸ਼ਾਹਕੋਟ                  ਅਜੀਤ ਸਿੰਘ ਕੋਹਾੜ                     ਹਰਦੇਵ ਸਿੰਘ ਲਾਡੀ                   4905
ਮਲੋਟ                  ਅਜੈਬ ਸਿੰਘ ਭੱਟੀ                           ਦਰਸ਼ਨ ਸਿੰਘ                         4989
30 ਹਜ਼ਾਰ ਵੋਟਾਂ ਤੋਂ ਜ਼ਿਆਦਾ ਅੰਤਰ ਵਾਲੇ ਵੀ ਹਨ ਉਮੀਦਵਾਰ
ਸੀਟ ਜਿੱਤੇ ਹਾਰ ਵੋਟਾਂ ਦਾ ਅੰਤਰ

ਪਟਿਆਲਾ             ਕੈਪਟਨ ਅਮਰਿੰਦਰ ਸਿੰਘ                 ਬਲਬੀਰ ਸਿੰਘ                         52407
ਅੰਮ੍ਰਿਤਸਰ (ਈਸਟ)   ਨਵਜੋਤ ਸਿੰਘ ਸਿੱਧੂ                      ਰਾਜੇਸ਼ ਕੁਮਾਰ ਹਨੀ                      42809
ਘਨੌਰ                     ਮਦਨ ਲਾਲ ਜਲਾਲਪੁਰ               ਹਰਪ੍ਰੀਤ ਕੌਰ ਮੁਖਮੈਲਪੁਰ                36557
ਲੁਧਿਆਣਾ (ਵੈਸਟ)      ਭਾਰਤ ਭੂਸ਼ਣ ਆਸ਼ੂ                       ਅਹਿਬਾਬ ਗਰੇਵਾਲ                     36521
ਰਾਜਪੁਰਾ                 ਹਰਦਿਆਲ ਸਿੰਘ ਕੰਬੋਜ                  ਆਸ਼ੂਤੋਸ਼ ਜੋਸ਼ੀ                        32565
ਜਲੰਧਰ (ਨਾਰਥ)        ਅਵਤਾਰ ਸਿੰਘ ਜੂਨੀਅਰ                 ਕੇ. ਡੀ. ਭੰਡਾਰੀ                       32291
ਦੀਨਾਨਗਰ                ਅਰੁਣਾ ਚੌਧਰੀ                            ਬਿਸ਼ਨ ਦਾਸ                          31917
ਲੁਧਿਆਣਾ (ਸਾਊਥ)      ਬਲਵਿੰਦਰ ਸਿੰਘ ਬੈਂਸ                 ਭੁਪਿੰਦਰ ਸਿੰਘ ਸਿੱਧੂ                    30917
ਸੰਗਰੂਰ                      ਵਿਜੇ ਇੰਦਰ ਸਿੰਗਲਾ               ਦਿਨੇਸ਼ ਬਾਂਸਲ                           30812
ਸੁਨਾਮ                        ਅਮਨ ਅਰੋੜਾ                    ਗੋਬਿੰਦ ਸਿੰਘ ਲੌਂਗੋਵਾਲ                 30307

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News