ਅਕਾਲੀਆਂ ਵਲੋਂ ਗਾਲ੍ਹਾਂ ਕੱਢਣ ਦੇ ਦੋਸ਼ਾਂ ਦਾ ਸਿੱਧੂ ਨੇ ਕੁਝ ਇਸ ਅੰਦਾਜ਼ ''ਚ ਦਿੱਤਾ ਜਵਾਬ
Friday, Jun 16, 2017 - 10:08 AM (IST)

ਚੰਡੀਗੜ੍ਹ — ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਅਕਾਲੀ ਵਿਧਾਇਕਾਂ ਵਲੋਂ ਕਿਸਾਨਾਂ ਦੇ ਕਰਜ਼ ਦੇ ਮੁੱਦੇ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਵਿਰੋਧ ਆਖਿਰਕਾਰ ਇਸ ਗੱਲ 'ਤੇ ਆ ਕੇ ਅਟਕ ਗਿਆ ਕਿ ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਵਿਧਾਇਕਾਂ ਨੂੰ ਗਾਲ੍ਹਾਂ ਕੱਢੀਆਂ ਹਨ। ਹਾਲਾਂਕਿ ਵੀਰਵਾਰ ਨੂੰ ਸਦਨ ਦੀ ਕਾਰਵਾਈ ਦੇ ਆਖਿਰੀ ਸਮੇਂ ਤਕ ਸਿੱਧੂ ਇਹ ਕਹਿੰਦੇ ਰਹੇ ਕਿ ਉਨ੍ਹਾਂ ਨੇ ਕਿਸੇ ਨੂੰ ਗਾਲ੍ਹਾਂ ਨਹੀਂ ਕੱਢੀਆਂ ਹਨ ਪਰ ਅਕਾਲੀ ਦਲ ਦਾ ਸਿੱਧੂ ਵਲੋਂ ਕੀਤੇ ਦੁਰਵਿਵਹਾਰ ਦੇ ਖਿਲਾਫ ਵਿਰੋਧ ਜਾਰੀ ਰਿਹਾ।
ਸਦਨ 'ਚ ਅਕਾਲੀ ਮੈਂਬਰ ਜਦ ਨਵਜੋਤ ਸਿੱਧੂ 'ਤੇ ਗਾਲ੍ਹਾਂ ਦੇਣ ਦਾ ਦੋਸ਼ ਲਗਾ ਰਹੇ ਸਨ ਤਾਂ ਹੋਰ ਕਾਂਗਰਸੀ ਵਿਧਾਇਕ ਵੀ ਅਕਾਲੀਆਂ 'ਤੇ ਸ਼ਬਦੀ ਹਮਲੇ ਕਰਦੇ ਰਹੇ। ਨਵਜੋਤ ਸਿੱਧੂ ਜੋ ਕਿ ਲਗਾਤਾਰ ਅਕਾਲੀਆਂ 'ਤੇ ਤਿੱਖੇ ਵਾਰ ਕਰ ਰਹੇ ਸਨ, ਗਾਲ੍ਹਾਂ ਕੱਢਣ ਦੇ ਦੋਸ਼ ਤੋਂ ਸਾਫ ਇਨਕਾਰ ਕਰਦੇ ਰਹੇ। ਇਸ ਮੁੱਦੇ 'ਤੇ ਆਪਣੇ ਜਵਾਬ 'ਚ ਵੀ ਉਹ ਅਕਾਲੀ ਵਿਧਾਇਕਾਂ ਨੂੰ ਛੇੜਣ ਤੋਂ ਨਹੀਂ ਰੁੱਕੇ। ਉਨ੍ਹਾਂ ਕਿਹਾ ਕਿ ਪੜ੍ਹਿਆ ਲਿਖਿਆ ਬੰਦਾ, ਅਨਪੜ੍ਹਾਂ ਨੂੰ ਗਾਲ੍ਹ ਨਹੀਂ ਕੱਢ ਸਕਦਾ।
ਉਥੇ ਹੀ ਇਸ ਦੋਸ਼ ਨੂੰ ਵੀ ਸਪੀਕਰ ਨੇ ਇਹ ਕਹਿ ਕੇ ਖਾਰਿਜ ਕਰ ਦਿੱਤਾ ਕਿ ਸਦਨ ਦੇ ਰਿਕਾਰਡ 'ਚ ਗੈਰ-ਸੰਸਦੀ ਭਾਸ਼ਾ ਦਾ ਕੋਈ ਰਿਕਾਰਡ ਨਹੀਂ ਹੈ। ਇਸ 'ਤੇ ਸ਼ਿਅਦ ਵਿਧਾਇਕਾਂ ਨੇ ਵੈਲ 'ਚ ਆ ਕੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ ਪਰ ਸਪੀਕਰ ਨੇ ਸਵਾਲ-ਜਵਾਬ ਦੀ ਕਾਰਵਾਈ ਜਾਰੀ ਰੱਖੀ। ਜਿਸ ਕਾਰਨ ਆਪਣਾ ਵਿਰੋਧ ਜਤਾਉਂਦੇ ਹੋਏ ਸ਼ਿਅਦ ਆਗੂ ਸਦਨ ਤੋਂ ਵਾਕਆਊਟ ਕਰ ਗਏ।