PU Elections : ਅੱਜ ਮਿਲੇਗਾ ਯੂਨੀਵਰਸਿਟੀ ਨੂੰ ਨਵਾਂ ਪ੍ਰਧਾਨ, ਸ਼ਾਮ ਤੱਕ ਆਉਣਗੇ ਨਤੀਜੇ

Wednesday, Sep 06, 2023 - 08:46 AM (IST)

ਚੰਡੀਗੜ੍ਹ (ਰਸ਼ਮੀ) : ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਲਈ ਅੱਜ ਇਕ ਅਹਿਮ ਦਿਨ ਹੈ ਕਿਉਂਕਿ ਅੱਜ ਕੈਂਪਸ ਸਟੂਡੈਂਟਸ ਕਾਊਂਸਿਲ ਦੇ ਪ੍ਰਧਾਨ, ਉਪ ਪ੍ਰਧਾਨ, ਸਕੱਤਰ ਅਤੇ ਜੁਆਇੰਟ ਸਕੱਤਰ ਚੁਣਨ ਲਈ ਵੋਟਾਂ ਪਾਈਆਂ ਜਾਣਗੀਆਂ। ਕੈਂਪਸ 'ਚ ਪ੍ਰਧਾਨ ਅਹੁਦੇ ਲਈ ਕੁੱਲ 9 ਉਮੀਦਵਾਰ ਮੈਦਾਨ 'ਚ ਹਨ। ਉੱਥੇ ਹੀ ਉਪ ਪ੍ਰਧਾਨ, ਸਕੱਤਰ ਅਤੇ ਜੁਆਇੰਟ ਸਕੱਤਰ ਅਹੁਦੇ ’ਤੇ 4-4 ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ 'ਚ ਆਮ ਆਦਮੀ ਪਾਰਟੀ ਸੀ. ਵਾਈ. ਐੱਸ. ਐੱਸ., ਭਾਜਪਾ ਦੀ ਏ. ਬੀ. ਵੀ. ਪੀ., ਕਾਂਗਰਸ ਦੀ ਐੱਨ. ਐੱਸ. ਯੂ. ਆਈ., ਅਕਾਲੀ ਦਲ ਦੀ ਸੋਈ, ਐੱਸ. ਐੱਚ., ਪੁਸੂ, ਪੀ. ਐੱਸ. ਯੂ. ਲਲਕਾਰ, ਸੱਥ ਤੇ ਸੋਪੂ ਦੇ ਉਮੀਦਵਾਰ ਆਹਮੋ-ਸਾਹਮਣੇ ਹਨ।

ਇਹ ਵੀ ਪੜ੍ਹੋ : ਹਰਜੋਤ ਬੈਂਸ ਨੇ Teachers ਨੂੰ ਅਨੋਖੇ ਅੰਦਾਜ਼ 'ਚ ਦਿੱਤੀ ਵਧਾਈ, ਪੜ੍ਹੋ ਚਿੱਠੀ 'ਚ ਕੀ ਲਿਖਿਆ

ਇਸ ਵਾਰ ਕੁੱਲ ਤਿੰਨ ਕੁੜੀਆਂ ਉਮੀਦਵਾਰ ਹਨ, ਜੋ ਪ੍ਰਧਾਨ, ਉਪ ਪ੍ਰਧਾਨ ਅਤੇ ਸਕੱਤਰ ਅਹੁਦੇ ’ਤੇ ਚੋਣ ਲੜ ਰਹੀਆਂ ਹਨ। ਮੰਗਲਵਾਰ ਪੂਰਾ ਦਿਨ ਵਿਦਿਆਰਥੀ ਦੂਜਿਆਂ ਨੂੰ ਨਾਲ ਜੋੜਨ ਲਈ ਮੈਨੀਫੈਸਟੋ ਸਬੰਧੀ ਦੱਸਦੇ ਰਹੇ। ਇਸ ਵਾਰ ਪ੍ਰਧਾਨ ਅਹੁਦੇ ’ਤੇ ਸੀ. ਵਾਈ. ਐੱਸ. ਐੱਸ., ਏ. ਬੀ. ਵੀ. ਪੀ. ਅਤੇ ਐੱਨ. ਐੱਸ. ਯੂ. ਆਈ. ਦੀ ਸਿੱਧੀ ਟੱਕਰ ਮੰਨੀ ਜਾ ਸਕਦੀ ਹੈ। ਹਾਲਾਂਕਿ ਸਾਰੇ ਉਮੀਦਵਾਰਾਂ ਨੇ ਜਿੱਤਣ ਲਈ ਖੂਬ ਮਿਹਨਤ ਕੀਤੀ ਹੈ ਪਰ ਉਮੀਦਵਾਰ ਨੂੰ ਆਪਣੇ ਵਿਭਾਗ 'ਚ ਜ਼ਿਆਦਾ ਵੋਟ ਮਿਲਣ ਦੀ ਉਮੀਦ ਹੁੰਦੀ ਹੈ।

ਇਹ ਵੀ ਪੜ੍ਹੋ : 'ਕੌਮੀ ਇਨਸਾਫ਼ ਮੋਰਚੇ' ਨੂੰ ਲੈ ਕੇ ਹਾਈਕੋਰਟ 'ਚ ਸੁਣਵਾਈ, ਜਾਣੋ ਅਦਾਲਤ ਨੇ ਕੀ ਕਿਹਾ
ਵਿਦਿਆਰਥੀਆਂ ਦਾ ਐਂਟਰੀ ਸਮਾਂ, ਵੋਟ ਤੇ ਚੋਣਾਂ ਦਾ ਨਤੀਜਾ
ਪੋਲਿੰਗ ਬੂਥ ’ਤੇ ਵਿਦਿਆਰਥੀਆਂ ਦਾ ਐਂਟਰੀ ਸਮਾਂ ਸਵੇਰੇ 9 ਵਜੇ ਤੋਂ ਸਾਢੇ 9 ਵਜੇ ਤੱਕ ਰੱਖਿਆ ਗਿਆ ਹੈ। ਸਵੇਰੇ ਸਾਢੇ 9 ਵਜੇ ਕਲਾਸ 'ਚ ਮੌਜੂਦ ਅਧਿਆਪਕ ਵਿਦਿਆਰਥੀਆਂ ਨੂੰ ਵੋਟ ਪਾਉਣ ਸਬੰਧੀ ਹਦਾਇਤਾਂ ਦੇਣਗੇ। ਜਿਹੜੇ ਵਿਦਿਆਰਥੀਆਂ ਨੂੰ 5 ਸਤੰਬਰ ਨੂੰ ਵੀ ਦਾਖ਼ਲਾ ਮਿਲਿਆ ਹੈ, ਉਹ ਵੀ ਆਪਣੀ ਵੋਟ ਪਾ ਸਕਦੇ ਹਨ। ਵਿਦਿਆਰਥੀ ਨੂੰ ਆਪਣੀ ਫ਼ੀਸ ਸਲਿੱਪ ਦਿਖਾਉਣੀ ਪਵੇਗੀ। ਨਾਲ ਹੀ ਵਿਦਿਆਰਥੀਆਂ ਨੂੰ ਆਪਣੇ ਆਈਕਾਰਡ ਨਾਲ ਕੈਂਪਸ 'ਚ ਆਉਣਾ ਪਵੇਗਾ। ਵੋਟਿੰਗ ਤੋਂ ਬਾਅਦ ਬੈਲੇਟ ਬਾਕਸ ਨੂੰ ਜਿਮਨੇਜ਼ੀਅਨ ਹਾਲ 'ਚ ਦੁਪਹਿਰ 12 ਵਜੇ ਤੱਕ ਪਹੁੰਚਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਸ਼ਾਮ ਤੱਕ ਨਤੀਜਾ ਐਲਾਨ ਦਿੱਤਾ ਜਾਵੇਗਾ।
ਕਾਲਜਾਂ ’ਚ ਵੀ ਤਿਆਰੀਆਂ ਪੂਰੀਆਂ
ਪੰਜਾਬ ਯੂਨੀਵਰਸਿਟੀ ਅਤੇ ਇਸ ਨਾਲ ਸਬੰਧਿਤ ਸ਼ਹਿਰ ਦੇ ਕਾਲਜਾਂ 'ਚ ਵਿਦਿਆਰਥੀ ਕੌਂਸਲ ਚੋਣਾਂ ਲਈ ਪ੍ਰਸ਼ਾਸਨ, ਕਾਲਜ ਪ੍ਰਬੰਧਕਾਂ ਅਤੇ ਚੰਡੀਗੜ੍ਹ ਪੁਲਸ ਨੇ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਚੋਣਾਂ ਤੋਂ ਇਕ ਦਿਨ ਪਹਿਲਾਂ ਵਿਦਿਆਰਥੀ ਆਗੂ ਹੋਸਟਲਾਂ ਅਤੇ ਛੋਟੀਆਂ ਟੋਲੀਆਂ 'ਚ ਪ੍ਰਚਾਰ ਕਰਦੇ ਨਜ਼ਰ ਆਏ। ਕਾਲਜਾਂ 'ਚ 10 ਪ੍ਰਧਾਨ ਅਹੁਦਿਆਂ ’ਤੇ ਕੁੱਲ 32 ਉਮੀਦਵਾਰ ਹਨ, ਜਿਨ੍ਹਾਂ 'ਚ 14 ਕੁੜੀਆਂ ਹਨ। ਕਾਲਜ ਪ੍ਰਸ਼ਾਸਨ ਚੋਣਾਂ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਚੁੱਕਿਆ ਹੈ। ਬੈਲੇਟ ਬਾਕਸ ਤਿਆਰ ਕਰ ਲਏ ਗਏ ਹਨ ਅਤੇ ਬੂਥ ਵੀ ਸੈੱਟ ਕਰ ਲਏ ਗਏ ਹਨ। 10 ਕਾਲਜਾਂ ਵਿਚ ਕੁੱਲ 43673 ਵੋਟਰ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Babita

Content Editor

Related News