ਦੇਸ਼ ਭਰ ’ਚੋਂ ਸਿੱਖਿਆ ਦੇ ਖੇਤਰ ’ਚ ਪੰਜਾਬ ਦਾ ਮੋਹਰੀ ਸੂਬਾ ਬਣਨਾ ਸ਼ਲਾਘਾਯੋਗ : ਡੀ.ਸੀ.
Thursday, Jun 10, 2021 - 07:49 PM (IST)
ਸੰਗਰੂਰ(ਵਿਵੇਕ ਸਿੰਧਵਾਨੀ, ਯਾਦਵਿੰਦਰ)- ਭਾਰਤ ’ਚੋਂ ਸਕੂਲੀ ਸਿੱਖਿਆ ’ਚ ਪੰਜਾਬ ਮੋਹਰੀ ਸੂਬਾ ਰਹਿਣ ’ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਧਿਆਪਕਾਂ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਵਿਸ਼ੇਸ਼ ਵਰਚੂਅਲ ਪ੍ਰੋਗਰਾਮ ਕਰਵਾਇਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਰਾਜ ਦੇ ਸਮੂਹ ਅਧਿਆਪਕਾਂ ਸਮੇਤ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਮਿਹਨਤ ਸਦਕਾ ਪੰਜਾਬ ਨੂੰ ਇਹ ਮਾਣ ਹਾਸਲ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਵਰਚੂਅਲ ਪ੍ਰੋਗਰਾਮ ’ਚ ਜ਼ਿਲ੍ਹਾ ਸੰਗਰੂਰ ਤੋਂ ਵਿਸ਼ੇਸ਼ ਤੌਰ ’ਤੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਪੰਜਾਬ ਨੂੰ ਸਿੱਖਿਆ ਦੇ ਖੇਤਰ ’ਚ ਪੂਰੇ ਦੇਸ਼ ’ਚ ਪਹਿਲਾ ਸਥਾਨ ਮਿਲਣ ’ਤੇ ਖੁਸ਼ੀ ਜਾਹਿਰ ਕਰਦਿਆਂ ਰਾਜ ਸਰਕਾਰ ਦੀ ਸਿੱਖਿਆ ਨੀਤੀ ਦੀ ਜਿੱਥੇ ਸ਼ਲਾਘਾ ਕੀਤੀ, ਉਥੇ ਅਧਿਆਪਕਾਂ ਨੂੰ ਮੁਬਾਰਖਬਾਦ ਵੀ ਦਿੱਤੀ। ਉਨ੍ਹਾਂ ਸਮੂਹ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਸੂਬੇ ਅਤੇ ਜ਼ਿਲ੍ਹੇ ਦਾ ਨਾਂ ਹਮੇਸ਼ਾ ਬੁਲੰਦੀਆਂ ’ਤੇ ਰੱਖਣ ਲਈ ਹੋਰ ਵਧੇਰੇ ਲਗਨ ਅਤੇ ਮਿਹਨਤ ਨਾਲ ਡਿਊਟੀ ਕੀਤੀ ਜਾਵੇ।
ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਉਭਾਵਾਲ ਦੇ ਅਧਿਆਪਕਾਂ ਜਸਪ੍ਰੀਤ ਸਿੰਘ ਨੂੰ ਮੁੱਖ ਮੰਤਰੀ ਨਾਲ ਗੱਲਬਾਤ ਕਰਨ ਦਾ ਮਾਣ ਹਾਸਲ ਹੋਇਆ। ਉਨ੍ਹਾਂ ਵੱਲੋਂ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਰਜਿੰਦਰ ਸਿੰਘ ਰਾਜਾ ਬੀਰਕਲਾਂ, ਸੀਨੀਅਰ ਕਾਂਗਰਸੀ ਆਗੂ ਮਹੇਸ਼ ਕੁਮਾਰ ਮੇਸ਼ੀ, ਵਧੀਕ ਡਿਪਟੀ ਕਮਿਸ਼ਨਰ (ਜ) ਅਨਮੋਲ ਸਿੰਘ ਧਾਲੀਵਾਲ, ਐੱਸ.ਡੀ.ਐੱਮ. ਸੰਗਰੂਰ ਯਸ਼ਪਾਲ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੌਸਾ, ਸੁਰਿੰਦਰ ਸਿੰਘ ਭਰੂਰ ਸਮੇਤ ਹੋਰ ਅਧਿਕਾਰੀ ਅਤੇ ਆਗੂ ਹਾਜ਼ਰ ਸਨ।