ਪੰਜਾਬ ਦੇ ਅਧਿਆਪਕਾਂ ਨੂੰ ਵਿਦੇਸ਼ਾਂ 'ਚ ਟ੍ਰੇਨਿੰਗ ਦਾ ਕ੍ਰੇਜ਼, Popular ਹੋ ਰਹੀ ਸਰਕਾਰ ਦੀ ਸਕੀਮ

Monday, Jun 26, 2023 - 11:35 AM (IST)

ਪੰਜਾਬ ਦੇ ਅਧਿਆਪਕਾਂ ਨੂੰ ਵਿਦੇਸ਼ਾਂ 'ਚ ਟ੍ਰੇਨਿੰਗ ਦਾ ਕ੍ਰੇਜ਼, Popular ਹੋ ਰਹੀ ਸਰਕਾਰ ਦੀ ਸਕੀਮ

ਚੰਡੀਗੜ੍ਹ (ਰਮਨਜੀਤ ਸਿੰਘ) : ਅਧਿਆਪਕਾਂ ਨੂੰ ਵਿਦੇਸ਼ਾਂ ਤੋਂ ਟ੍ਰੇਨਿੰਗ ਦਿਵਾਉਣ ਦੀ ਪੰਜਾਬ ਸਰਕਾਰ ਦੀ ਸਕੀਮ ਕਾਫ਼ੀ ਪਾਪੁਲਰ ਹੋ ਰਹੀ ਹੈ। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ’ਚ ਤਾਇਨਾਤ ਅਧਿਆਪਕਾਂ, ਖ਼ਾਸ ਕਰ ਕੇ ਪ੍ਰਿੰਸੀਪਲਾਂ ’ਚ ਵਿਦੇਸ਼ ’ਚ ਟ੍ਰੇਨਿੰਗ ਲੈਣ ਦਾ ਕਾਫ਼ੀ ਕ੍ਰੇਜ਼ ਹੈ। ਸ਼ਾਇਦ ਇਹੀ ਕਾਰਨ ਹੈ ਕਿ ਇਸ ਵਾਰ ਭੇਜੇ ਜਾਣ ਵਾਲੇ ਬੈਚ ਲਈ ਵਿਭਾਗ ਨੂੰ ਪ੍ਰਿੰਸੀਪਲਾਂ ਦੀ ਚੋਣ ਕਰਨਾ ਮੁਸ਼ਕਿਲ ਹੋ ਰਿਹਾ ਹੈ ਕਿਉਂਕਿ ਟ੍ਰੇਨਿੰਗ ’ਤੇ ਜਾਣ ਦੇ ਇਛੁੱਕ ਬਹੁਤ ਜ਼ਿਆਦਾ ਹਨ। ਪਤਾ ਲੱਗਿਆ ਹੈ ਕਿ ਇਸ ਵਾਰ ਟ੍ਰੇਨਿੰਗ ’ਤੇ ਜਾਣ ਲਈ 127 ਪ੍ਰਿੰਸੀਪਲਾਂ ਨੇ ਵਿਭਾਗ ’ਚ ਅਪਲਾਈ ਕੀਤਾ ਹੈ। 
ਪਹਿਲਾਂ ਭੇਜੇ ਜਾ ਚੁੱਕੇ ਹਨ 2 ਬੈਚ
ਪੰਜਾਬ ਦੀ ਸੱਤਾ ’ਚ ਆਉਣ ਤੋਂ ਪਹਿਲਾਂ ਤੋਂ ਹੀ ਆਮ ਆਦਮੀ ਪਾਰਟੀ ਅਧਿਆਪਕਾਂ ਨੂੰ ਵਿਦੇਸ਼ਾਂ ਤੋਂ ਟ੍ਰੇਨਿੰਗ ਦਿਵਾਉਣ ਦਾ ਵਾਅਦਾ ਕਰਦੀ ਰਹੀ ਸੀ। ਸਰਕਾਰ ਬਣਾਉਣ ਤੋਂ ਬਾਅਦ ਇਸ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਇਸ ਸਾਲ ਫਰਵਰੀ ’ਚ 36 ਅਧਿਆਪਕਾਂ ਦੇ ਪਹਿਲੇ ਬੈਚ ਨੂੰ ਸਿੰਗਾਪੁਰ ਰਵਾਨਾ ਕੀਤਾ ਗਿਆ ਸੀ। ਇਸ ਤੋਂ ਬਾਅਦ ਮਾਰਚ ਮਹੀਨੇ ਦੌਰਾਨ ਵੀ 30 ਅਧਿਆਪਕਾਂ ਦਾ ਇਕ ਗਰੁੱਪ ਟ੍ਰੇਨਿੰਗ ਲਈ ਸਿੰਗਾਪੁਰ ਭੇਜਿਆ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ ਦੀਆਂ ਜੇਲ੍ਹਾਂ 'ਚ ਕੈਦੀਆਂ ਦੀ ਵੱਧ ਰਹੀ ਭੀੜ ਨੂੰ ਘਟਾਵੇਗੀ ਸਰਕਾਰ! ਪੜ੍ਹੋ ਪੂਰੀ ਖ਼ਬਰ

ਸਿੰਗਾਪੁਰ ’ਚ ਸਥਿਤ ਵਿਸ਼ਵ ਪੱਧਰੀ ਟ੍ਰੇਨਿੰਗ ਇੰਸਟੀਚਿਊਟ
ਪੰਜਾਬ ਸਰਕਾਰ ਨੇ ਸਿੰਗਾਪੁਰ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਐਜੁਕੇਸ਼ਨ ਦੇ ਨਾਲ ਆਪਣੇ ਅਧਿਆਪਕਾਂ ਦੀ ਟ੍ਰੇਨਿੰਗ ਲਈ ਟਾਈਅਪ ਕੀਤਾ ਹੈ। ਪ੍ਰੋਫੈਸ਼ਨਲ ਟੀਚਿੰਗ ਐਂਡ ਪ੍ਰਿੰਸੀਪਲਸ ਦੀ ਟ੍ਰੇਨਿੰਗ ’ਚ ਉਕਤ ਇੰਸਟੀਚਿਊਟ ਪ੍ਰਸਿੱਧ ਹੈ। ਪੰਜਾਬ ਵੱਲੋਂ ਭੇਜੇ ਗਏ ਟੀਚਰਾਂ ਲਈ ਇੰਸਟੀਚਿਊਟ ਵੱਲੋਂ ਇਕ ਹਫ਼ਤੇ ਦਾ ਟ੍ਰੇਨਿੰਗ ਸੈਸ਼ਨ ਰੱਖਿਆ ਜਾਂਦਾ ਹੈ।

127 ਅਧਿਆਪਕਾਂ ਨੇ ਦਿੱਤੀਆਂ ਅਰਜ਼ੀਆਂ

ਸਿੱਖਿਆ ਵਿਭਾਗ ਵੱਲੋਂ ਵਿਦੇਸ਼ ਟ੍ਰੇਨਿੰਗ ਲਈ ਅਗਲੇ ਬੈਚ ਸਬੰਧੀ ਸੂਚਨਾ ਜਾਰੀ ਕਰਨ ਤੋਂ ਬਾਅਦ ਵਿਭਾਗ ਨੂੰ ਵੱਖ-ਵੱਖ ਜ਼ਿਲ੍ਹਿਆਂ ਅਤੇ ਸਿੱਖਿਆ ਵਿਭਾਗ ਦੇ ਸੈੱਲਾਂ ’ਚ ਤਾਇਨਾਤ 127 ਪ੍ਰਿੰਸੀਪਲਾਂ ਵੱਲੋਂ ਅਰਜ਼ੀਆਂ ਭੇਜੀਆਂ ਗਈਆਂ ਹਨ। ਧਿਆਨ ਰਹੇ ਕਿ ਸਿੱਖਿਆ ਵਿਭਾਗ ਵੱਲੋਂ ਸਿਰਫ਼ ਉਨ੍ਹਾਂ ਪ੍ਰਿੰਸੀਪਲਾਂ ਨੂੰ ਵਿਦੇਸ਼ ਟ੍ਰੇਨਿੰਗ ਲਈ ਯੋਗ ਮੰਨਿਆ ਜਾਂਦਾ ਹੈ, ਜਿਨ੍ਹਾਂ ਨੂੰ ਪ੍ਰਿੰਸੀਪਲ ਅਹੁਦੇ ’ਤੇ ਤਾਇਨਾਤ ਹੋਏ ਘੱਟੋ-ਘੱਟ 2 ਸਾਲ ਹੋ ਚੁੱਕੇ ਹੋਣ ਅਤੇ ਉਨ੍ਹਾਂ ਦੀ ਘੱਟ ਤੋਂ ਘੱਟ 5 ਸਾਲ ਦੀ ਸੇਵਾ ਅਜੇ ਬਾਕੀ ਹੋਵੇ। ਅਜਿਹਾ ਇਸ ਲਈ ਰੱਖਿਆ ਗਿਆ ਹੈ ਤਾਂ ਕਿ ਵਿਦੇਸ਼ ਤੋਂ ਮਿਲਣ ਵਾਲੀ ਪ੍ਰੋਫੈਸ਼ਨਲ ਟ੍ਰੇਨਿੰਗ ਤੋਂ ਬਾਅਦ ਸਬੰਧਿਤ ਅਧਿਆਪਕ ਦੀਆਂ ਬਿਹਤਰ ਸੇਵਾਵਾਂ ਲੰਬੇ ਸਮੇਂ ਤੱਕ ਸਕੂਲਾਂ ਨੂੰ ਮਿਲ ਸਕਣ। ਵਿਭਾਗ ਵੱਲੋਂ ਅਰਜ਼ੀਆਂ ਦੀ ਸਕਰੂਟਨੀ ਕਰ ਕੇ ਸਿਲੈਕਸ਼ਨ ਕਰਨ ਦੀ ਪ੍ਰੀਕਿਰਿਆ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤਹਿਤ ਸਾਰੇ ਪਹਿਲੂਆਂ ’ਤੇ ਚਰਚਾ ਤੋਂ ਬਾਅਦ ਫਾਈਨਲ ਸਿਲੈਕਸ਼ਨ ਲਈ ਪ੍ਰਿੰਸੀਪਲਾਂ ਨੂੰ ਵਿਭਾਗ ਦੀ ਚੋਣ ਕਮੇਟੀ ਵੱਲੋਂ ਇੰਟਰਵਿਊ ਲਈ ਵੀ ਬੁਲਾਇਆ ਜਾਵੇਗਾ।

ਪਹਿਲੇ ਬੈਚ ’ਚ ਗਏ ਸਨ 36 ਪ੍ਰਿੰਸੀਪਲ 
ਪੰਜਾਬ ਸਰਕਾਰ ਵੱਲੋਂ ਸਕੂਲ ਸਿੱਖਿਆ ਦੇ ਢਾਂਚੇ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੀਤੇ ਜਾ ਰਹੇ ਪ੍ਰਚਾਰ-ਪ੍ਰਸਾਰ ਦੌਰਾਨ ਹੀ ਅਧਿਆਪਕਾਂ ਦੀ ਵਿਦੇਸ਼ ਟ੍ਰੇਨਿੰਗ ਵਿਵਾਦਾਂ ’ਚ ਵੀ ਘਿਰੀ ਰਹੀ। ਇਹ ਸਭ ਉਸ ਸਮੇਂ ਸ਼ੁਰੂ ਹੋਇਆ ਸੀ, ਜਦੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਫਰਵਰੀ 2023 ਦੌਰਾਨ ਵਿਦੇਸ਼ ਟ੍ਰੇਨਿੰਗ ਲਈ ਭੇਜੇ ਗਏ 36 ਪ੍ਰਿੰਸੀਪਲਾਂ ਦੇ ਪਹਿਲੇ ਬੈਚ ਦੀ ਚੋਣ ਪ੍ਰੀਕਿਰਿਆ ’ਤੇ ਸ਼ੱਕ ਜਤਾਉਂਦਿਆਂ ਮੁੱਖ ਮੰਤਰੀ ਨੂੰ ਚੋਣ ਸਬੰਧੀ ਪ੍ਰੀਕਿਰਿਆ ਦੀ ਪੂਰੀ ਜਾਣਕਾਰੀ ਦੇਣ ਲਈ ਪੱਤਰ ਲਿਖਿਆ ਗਿਆ ਸੀ। ਕਿਹਾ ਗਿਆ ਸੀ ਕਿ ਅਧਿਆਪਕਾਂ ਦੀ ਚੋਣ ਪ੍ਰੀਕਿਰਿਆ ’ਚ ਭੇਦਭਾਵ ਕੀਤੇ ਜਾਣ ਸਬੰਧੀ ਕੁੱਝ ਸ਼ਿਕਾਇਤਾਂ ਹੋਈਆਂ ਹਨ, ਜਿਸ ਕਾਰਨ ਇਹ ਯਕੀਨੀ ਕੀਤਾ ਜਾਣਾ ਜ਼ਰੂਰੀ ਹੈ ਕਿ ਵਿਦੇਸ਼ ਟ੍ਰੇਨਿੰਗ ਲਈ ਚੋਣ ਸਬੰਧੀ ਪਾਰਦਰਸ਼ੀ ਤਰੀਕਾ ਅਪਣਾਇਆ ਗਿਆ ਹੈ। ਇੰਨਾ ਹੀ ਨਹੀਂ, ਰਾਜਪਾਲ ਵੱਲੋਂ ਅਧਿਆਪਕਾਂ ਦੀ ਵਿਦੇਸ਼ ਟ੍ਰੇਨਿੰਗ ਸਬੰਧੀ ਹੋਏ ਖ਼ਰਚ ਦਾ ਬਿਓਰਾ ਵੀ ਮੰਗਿਆ ਗਿਆ ਸੀ। ਹਾਲਾਂਕਿ ਮੁੱਖ ਮੰਤਰੀ ਵੱਲੋਂ ਰਾਜਪਾਲ ਦੇ ਪੱਤਰ ਦੇ ਜਵਾਬ ’ਚ ਇਕ ਪੱਤਰ ਭੇਜ ਕੇ ਇਹ ਕਿਹਾ ਗਿਆ ਸੀ ਕਿ ਉਹ ਪੰਜਾਬ ਦੇ 3 ਕਰੋੜ ਲੋਕਾਂ ਲਈ ਜਵਾਬਦੇਹ ਹਨ।

ਆਕਸਫੋਰਡ ਤੋਂ ਟ੍ਰੇਨਿੰਗ ’ਤੇ ਵੀ ਚਰਚਾ
ਪ੍ਰਿੰਸੀਪਲ ਅਤੇ ਹੈੱਡ ਮਾਸਟਰਸ ਪੱਧਰ ਦੇ ਅਧਿਆਪਕਾਂ ਨੂੰ ਟ੍ਰੇਨਿੰਗ ਸ਼ੁਰੂ ਕਰਵਾਉਣ ਦੇ ਨਾਲ ਹੀ ਪੰਜਾਬ ਸਰਕਾਰ ਅੰਗਰੇਜ਼ੀ, ਹਿਸਾਬ ਅਤੇ ਹੋਰ ਵਿਸ਼ਿਆਂ ਦੇ ਅਧਿਆਪਕਾਂ ਦੀ ਟ੍ਰੇਨਿੰਗ ਵਿਦੇਸ਼ਾਂ ਤੋਂ ਕਰਵਾਉਣ ’ਤੇ ਵੀ ਚਰਚਾ ਕਰ ਰਹੀ ਹੈ। ਧਿਆਨ ਰਹੇ ਕਿ ਅੰਗਰੇਜ਼ੀ ਅਧਿਆਪਕਾਂ ਨੂੰ ਆਕਸਫੋਰਡ ਯੂਨੀਵਰਸਿਟੀ ਤੋਂ ਟ੍ਰੇਨਿੰਗ ਦਿਵਾਉਣ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ ਬ੍ਰਿਟਿਸ਼ ਕੌਂਸਲ ਦੀ ਮਦਦ ਨਾਲ ਰਾਜ ਦੇ ਅੰਗਰੇਜ਼ੀ ਅਧਿਆਪਕਾਂ ਨੂੰ ਅੰਗਰੇਜ਼ੀ ਟੀਚਿੰਗ ’ਚ ਮਾਹਿਰ ਕਰਨ ਲਈ ਪਹਿਲਾਂ ਤੋਂ ਹੀ ਯਤਨ ਹੁੰਦੇ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਲਈ ਚੰਗੀ ਖ਼ਬਰ, ਇਸ ਸਕੀਮ ਦਾ ਜਲਦ ਲੈਣ ਲਾਹਾ, ਕਿਤੇ ਆਖ਼ਰੀ ਤਾਰੀਖ਼ ਨਾ ਨਿਕਲ ਜਾਵੇ

ਸਿੰਗਾਪੁਰ ਟ੍ਰੇਨਿੰਗ ਦੀ ਹੀ ਤਰ੍ਹਾਂ ਆਈ. ਆਈ. ਐੱਮ. ਤੋਂ ਵੀ ਟ੍ਰੇਨਡ ਹੋਣਗੇ ਅਧਿਆਪਕ 

ਪ੍ਰਿੰਸੀਪਲਾਂ ਨੂੰ ਪ੍ਰੋਫੈਸ਼ਨਲ ਟ੍ਰੇਨਿੰਗ ਲਈ ਸਿੰਗਾਪੁਰ ਭੇਜਣ ਦੇ ਨਾਲ ਹੀ ਰਾਜ ਸਰਕਾਰ ਦੇ ਸਿੱਖਿਆ ਵਿਭਾਗ ਨੇ ਹੈੱਡ ਮਾਸਟਰਸ ਦੀ ਵੀ ਟ੍ਰੇਨਿੰਗ ਵੱਲ ਕਦਮ ਵਧਾ ਲਿਆ ਹੈ। ਇਨ੍ਹਾਂ ਦੀ ਟ੍ਰੇਨਿੰਗ ਲਈ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ. ਆਈ. ਐੱਮ.) ਅਹਿਮਦਾਬਾਦ ਦੇ ਨਾਲ ਹੱਥ ਮਿਲਾਇਆ ਗਿਆ ਹੈ। ਸੂਚਨਾ ਮੁਤਾਬਕ ਆਈ. ਆਈ. ਐੱਮ. ’ਚ ਟ੍ਰੇਨਿੰਗ ਲਈ ਰਾਜਭਰ ਦੇ 44 ਹੈੱਡ ਮਾਸਟਰਸ-ਮਿਸਟਰੈੱਸ ਵੱਲੋਂ ਅਪਲਾਈ ਕੀਤਾ ਗਿਆ ਹੈ, ਜਿਨ੍ਹਾਂ ’ਚੋਂ ਚੁਣੇ ਗਏ ਅਧਿਆਪਕਾਂ ਨੂੰ ਆਈ. ਆਈ. ਐੱਮ. ਟ੍ਰੇਨਿੰਗ ਲਈ ਅਗਲੇ ਮਹੀਨੇ ਭੇਜਿਆ ਜਾਵੇਗਾ।

ਕਿੱਥੋਂ ਕਿੰਨੀਆਂ ਅਰਜ਼ੀਆਂ
ਅੰਮ੍ਰਿਤਸਰ 14, ਬਰਨਾਲਾ 1, ਬਠਿੰਡਾ 2, ਫਰੀਦਕੋਟ 2, ਫ਼ਤਹਿਗੜ੍ਹ ਸਾਹਿਬ 5, ਫਾਜ਼ਿਲਕਾ 10, ਫਿਰੋਜ਼ਪੁਰ 8, ਗੁਰਦਾਸਪੁਰ 6, ਹੁਸ਼ਿਆਰਪੁਰ 8, ਜਲੰਧਰ 7, ਕਪੂਰਥਲਾ 3, ਲੁਧਿਆਣਾ 9, ਮਾਨਸਾ 3, ਮੋਗਾ 4, ਪਠਾਨਕੋਟ 4, ਪਟਿਆਲਾ 9, ਰੂਪਨਗਰ 4, ਸੰਗਰੂਰ 12, ਐੱਸ. ਏ. ਐੱਸ. ਨਗਰ 3, ਸ੍ਰੀ ਮੁਕਤਸਰ ਸਾਹਿਬ 5, ਤਰਨਤਾਰਨ 2, ਡੀ. ਈ. ਓ. (ਐੱਸ. ਈ.) 2, ਡੀ. ਈ. ਓ. (ਈ. ਈ.) 1ਡੀ. ਪੀ. ਆਈ. (ਐੱਸ. ਈ.) 1, ਡੀ. ਪੀ. ਆਈ. (ਈ. ਈ.) 1
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News