ਪੰਜਾਬ ਦੇ ਅਧਿਆਪਕਾਂ ਦੀ ਛੁੱਟੀ ''ਤੇ ਲੱਗੀ ਪਾਬੰਦੀ, ਜਾਰੀ ਹੋਏ ਸਖ਼ਤ ਨਿਰਦੇਸ਼
Friday, Nov 29, 2024 - 12:52 PM (IST)
ਲੁਧਿਆਣਾ (ਵਿੱਕੀ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾਣ ਵਾਲੀ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (PSTET) 1 ਦਸੰਬਰ ਨੂੰ ਸਵੇਰੇ ਅਤੇ ਸ਼ਾਮ 2 ਸੈਸ਼ਨਾਂ ’ਚ ਲਈ ਜਾਵੇਗੀ। ਪ੍ਰੀਖਿਆ ਦੇ ਸੁਚਾਰੂ ਅਤੇ ਪਾਰਦਰਸ਼ੀ ਪ੍ਰਬੰਧ ਨੂੰ ਯਕੀਨੀ ਬਣਾਉਣ ਲਈ ਜ਼ਿਲਾ ਸਿੱਖਿਆ ਅਫ਼ਸਰ (ਸ) ਡਿੰਪਲ ਮਦਾਨ ਨੇ 28 ਨਵੰਬਰ ਤੋਂ 1 ਦਸੰਬਰ ਤੱਕ ਸਮੂਹ ਅਧਿਆਪਕਾਂ ਅਤੇ ਸਟਾਫ਼ ਦੀਆਂ ਛੁੱਟੀਆਂ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਪਾਬੰਦੀ ਮੈਡੀਕਲ ਐਮਰਜੈਂਸੀ ਨੂੰ ਛੱਡ ਕੇ ਹਰ ਕਿਸਮ ਦੀਆਂ ਛੁੱਟੀਆਂ ’ਤੇ ਲਾਗੂ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮੁਲਾਜ਼ਮਾਂ ਲਈ ਵੱਡਾ ਕਦਮ ਚੁੱਕਣ ਜਾ ਰਹੀ ਪੰਜਾਬ ਸਰਕਾਰ!
ਡੀ. ਈ. ਓ. (ਸ) ਨੇ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਕੂਲਾਂ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਪ੍ਰੀਖਿਆਵਾਂ ਸਬੰਧੀ ਡਿਊਟੀਆਂ ਬਾਰੇ ਤੁਰੰਤ ਸੂਚਿਤ ਕਰਨ। ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰੀਖਿਆ ਦੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ ਕਿਸੇ ਵੀ ਕਰਮਚਾਰੀ ਦੀ ਗੈਰ-ਹਾਜ਼ਰੀ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।
ਪ੍ਰੀਖਿਆ ’ਚ ਤਾਇਨਾਤ ਸਾਰੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਡਿਊਟੀ ਸਬੰਧੀ ਹਦਾਇਤਾਂ ਉਨ੍ਹਾਂ ਦੇ ਮੋਬਾਈਲ ਅਤੇ ਸਕੂਲ ਦੀ ਈ-ਮੇਲ ਆਈ. ਡੀ. ’ਤੇ ਭੇਜ ਦਿੱਤੀਆਂ ਗਈਆਂ ਹਨ। ਡੀ. ਈ. ਓ. (ਸ) ਨੇ ਅਧਿਆਪਕਾਂ ਨੂੰ ਪ੍ਰੀਖਿਆ ਦੀ ਮਹੱਤਤਾ ਨੂੰ ਸਮਝਦਿਆਂ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਸੁਚੇਤਤਾ ਨਾਲ ਨਿਭਾਉਣ ਦੀ ਅਪੀਲ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਭਾਰਤੀ ਕ੍ਰਿਕਟਰ ਨੇ ਲਿਆ ਸੰਨਿਆਸ, ਕੋਹਲੀ-ਜਡੇਜਾ ਨਾਲ World Cup ਜਿੱਤ ਚੁੱਕਿਆ ਹੈ ਪੰਜਾਬ ਦਾ ਇਹ ਪੁੱਤ
ਡੀ. ਈ. ਓ. (ਸ) ਨੇ ਚਿਤਾਵਨੀ ਦਿੱਤੀ ਕਿ ਪ੍ਰੀਖਿਆ ਦੇ ਆਯੋਜਨ ਦੌਰਾਨ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਾਰੇ ਅਧਿਆਪਕ ਸਮੇਂ ਤੋਂ ਪਹਿਲਾਂ ਆਪਣੀ ਰਿਪੋਰਟਿੰਗ ਯਕੀਨੀ ਬਣਾਉਣ ਅਤੇ ਇਮਤਿਹਾਨ ਦੀ ਸਮਾਪਤੀ ਤੱਕ ਡਿਊਟੀ ਸਥਾਨ ’ਤੇ ਬਣੇ ਰਹਿਣ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8