11 ਜੂਨ ਨੂੰ ਲੈ ਕੇ ਅਧਿਆਪਕਾਂ ਨੇ ਕੀਤਾ ਵੱਡਾ ਐਲਾਨ, ਪੰਜਾਬ ਭਰ ''ਚ ਵਿੱਢੀ ਤਿਆਰੀ

Monday, Jun 08, 2026 - 12:20 PM (IST)

11 ਜੂਨ ਨੂੰ ਲੈ ਕੇ ਅਧਿਆਪਕਾਂ ਨੇ ਕੀਤਾ ਵੱਡਾ ਐਲਾਨ, ਪੰਜਾਬ ਭਰ ''ਚ ਵਿੱਢੀ ਤਿਆਰੀ

​ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : 4161 ਮਾਸਟਰ ਕਾਡਰ ਰੀਕਾਸਟ ਸੂਚੀਆਂ ਵਾਲੇ ਪੀੜਤ ਅਧਿਆਪਕਾਂ ਦੀ ਇਕ ਅਹਿਮ ਮੀਟਿੰਗ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ, ਜਿਸ ਵਿਚ ਸਿੱਖਿਆ ਵਿਭਾਗ ਵੱਲੋਂ 253 ਅਧਿਆਪਕਾਂ ਨੂੰ ਨੌਕਰੀ ਤੋਂ ਫਾਰਗ ਕਰਨ ਦੇ ਲਏ ਗਏ ਫ਼ੈਸਲੇ ਖ਼ਿਲਾਫ਼ ਤਿੱਖੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਗਿਆ ਹੈ। ਅਧਿਆਪਕ ਆਗੂਆਂ ਨੇ ਐਲਾਨ ਕੀਤਾ ਹੈ ਕਿ 11 ਜੂਨ ਨੂੰ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਕੋਠੀ ਵੱਲ ਰੋਸ ਮਾਰਚ ਕੀਤਾ ਜਾਵੇਗਾ।

​3 ਸਾਲਾਂ ਦੀ ਇਮਾਨਦਾਰਾਨਾ ਸੇਵਾ ਤੋਂ ਬਾਅਦ ਟਰਮੀਨੇਸ਼ਨ ਦੇ ਨੋਟਿਸ: ਅਧਿਆਪਕ ਆਗੂ

​ਮੀਟਿੰਗ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂ ਲਵਪ੍ਰੀਤ ਸਿੰਘ ਖਾਲਸਾ ਅਤੇ ਕੁਲਵੰਤ ਸਿੰਘ ਨੇ ਦੱਸਿਆ ਕਿ ਪਿਛਲੀ 6 ਮਈ ਨੂੰ ਵਿਭਾਗ ਵੱਲੋਂ 253 ਅਧਿਆਪਕਾਂ ਨੂੰ ਟਰਮੀਨੇਸ਼ਨ (ਨੌਕਰੀ ਤੋਂ ਕੱਢਣ) ਸਬੰਧੀ ਸ਼ੋਅਕਾਜ਼ ਨੋਟਿਸ ਜਾਰੀ ਕਰਕੇ 21 ਦਿਨਾਂ ਵਿਚ ਸਪੱਸ਼ਟੀਕਰਨ ਮੰਗਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਉਹ ਅਧਿਆਪਕ ਹਨ ਜੋ ਪਿਛਲੇ 3 ਸਾਲਾਂ ਤੋਂ ਹਰ ਤਰ੍ਹਾਂ ਦੀਆਂ ਵਿਭਾਗੀ ਸ਼ਰਤਾਂ ਪੂਰੀਆਂ ਕਰਕੇ ਪੂਰੀ ਇਮਾਨਦਾਰੀ ਨਾਲ ਰੈਗੂਲਰ ਸੇਵਾਵਾਂ ਨਿਭਾਅ ਰਹੇ ਹਨ। ਅਧਿਆਪਕ ਆਗੂਆਂ ਨੇ ਕਿਹਾ ਕਿ ​"ਅਸੀਂ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਕੇ ਹੀ 3 ਸਾਲ ਪਹਿਲਾਂ ਭਰਤੀ ਹੋਏ ਸੀ। ਇਸ ਮਾਮਲੇ ਵਿਚ ਅਧਿਆਪਕਾਂ ਦਾ ਕੋਈ ਕਸੂਰ ਨਹੀਂ ਹੈ, ਬਲਕਿ ਸਿੱਖਿਆ ਵਿਭਾਗ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਇਹ ਕੁਹਾੜਾ ਅਧਿਆਪਕਾਂ 'ਤੇ ਚਲਾ ਰਿਹਾ ਹੈ।

​ਪੂਰੇ ਪੰਜਾਬ ਵਿਚ ਲਾਮਬੰਦੀ ਸ਼ੁਰੂ

​ਆਗੂਆਂ ਨੇ ਕਿਹਾ ਕਿ ਇਹ ਲੜਾਈ ਸਿਰਫ਼ 253 ਅਧਿਆਪਕਾਂ ਦੀ ਨੌਕਰੀ ਦੀ ਨਹੀਂ, ਸਗੋਂ ਉਨ੍ਹਾਂ ਦੇ ਪਰਿਵਾਰਾਂ ਅਤੇ ਰਿਸ਼ਤੇ-ਨਾਤਿਆਂ ਦੇ ਭਵਿੱਖ ਤੇ ਸੁਰੱਖਿਆ ਦਾ ਸਵਾਲ ਹੈ। ਆਪਣੇ ਹੱਕਾਂ ਦੀ ਰਾਖੀ ਲਈ ਇਸ ਵੇਲੇ ਪੂਰੇ ਪੰਜਾਬ ਭਰ ਵਿਚ ਅਧਿਆਪਕਾਂ ਵੱਲੋਂ ਮੀਟਿੰਗਾਂ ਕਰਕੇ 11 ਜੂਨ ਦੇ ਪ੍ਰਦਰਸ਼ਨ ਲਈ ਲਾਮਬੰਦੀ ਕੀਤੀ ਜਾ ਰਹੀ ਹੈ। ਮੀਟਿੰਗ ਵਿਚ ਮੈਡਮ ਆਰਤੀ, ਨਿਸ਼ਾ, ਮਨਪ੍ਰੀਤ, ਰੇਨੂੰ ਰਾਣੀ, ਅਨੂ ਪ੍ਰਿਆ, ਅਨਮੋਲ, ਰੀਤਿਕਾ, ਮਾਸਟਰ ਸ਼ਿੰਗਾਰਾ ਸਿੰਘ, ਸੁਖਜਿੰਦਰ ਸਿੰਘ ਅਤੇ ਰੋਹਿਤ ਸਮੇਤ ਵੱਡੀ ਗਿਣਤੀ ਵਿਚ ਪੀੜਤ ਅਧਿਆਪਕ ਸ਼ਾਮਲ ਸਨ।
 


author

Gurminder Singh

Content Editor

Related News