ਸਰਕਾਰੀ ਅਦਾਰਿਆਂ ਅਤੇ ਘਰੇਲੂ ਕੁਨੈਕਸ਼ਨਾਂ ''ਤੇ ਬਿਜਲੀ ਬਿੱਲਾਂ ਨੂੰ ਲੈ ਕੇ ਲਟਕੀ ਤਲਵਾਰ
Saturday, Sep 09, 2017 - 10:57 AM (IST)
ਅੰਮ੍ਰਿਤਸਰ (ਰਮਨ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਸ਼ਹਿਰ 'ਚ ਡਿਫਾਲਟਿੰਗ ਪੈਸਿਆਂ ਨੂੰ ਲੈ ਕੇ ਕਮਰ ਕੱਸ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਪਾਵਰਵਾਮ ਦੇ ਟੈਕਨੀਕਲ ਤੇ ਕਮਰਸ਼ੀਅਲ ਦੇ ਅਧਿਕਾਰੀ-ਕਰਮਚਾਰੀ ਡਿਫਾਲਟਰਾਂ ਵੱਲੋਂ ਪੈਸੇ ਇਕੱਠੇ ਕਰ ਰਹੇ ਹਨ। ਕਈ ਡਿਫਾਲਟਰ ਸਰਕਾਰੀ ਅਦਾਰਿਆਂ 'ਤੇ ਬਿਜਲੀ ਅਧਿਕਾਰੀਆਂ ਦੀ ਤਲਵਾਰ ਲਟਕ ਰਹੀ ਹੈ। ਜੋ ਲੋਕ ਪੈਸੇ ਦੇਣ ਵਿਚ ਆਨਾਕਾਨੀ ਕਰ ਰਹੇ ਹਨ, ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਰਹੇ ਹਨ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਨੇ ਬਿਜਲੀ ਬਿੱਲ ਲੈਣ ਸਬੰਧੀ ਸਰਕਾਰੀ ਅਦਾਰਿਆਂ ਦੇ ਨਾਲ ਘਰੇਲੂ ਕੁਨੈਕਸ਼ਨਾਂ 'ਤੇ ਵੀ ਸਖਤੀ ਕੀਤੀ ਹੈ। ਹਾਲਾਂਕਿ ਕਰਮਚਾਰੀ ਉਨ੍ਹਾਂ ਥਾਵਾਂ 'ਤੇ ਹੀ ਦਸਤਕ ਦੇ ਰਹੇ ਹਨ ਜਿਥੇ 10 ਹਜ਼ਾਰ ਦੇ ਉਪਰ ਦੀ ਰਕਮ ਹੋਵੇ।
ਸਰਕਾਰੀ ਅਦਾਰਿਆਂ ਵੱਲੋਂ ਕਰੋੜਾਂ ਰੁਪਏ ਦੀ ਲੈਣਦਾਰੀ ਪਈ ਹੋਈ ਹੈ, ਪਿਛਲੇ ਮਹੀਨੇ ਨਗਰ ਨਿਗਮ ਨੇ 9 ਕਰੋੜ ਰੁਪਏ ਦੀ ਰਾਸ਼ੀ ਦਾ ਚੈੱਕ ਪਾਵਰਕਾਮ ਦੇ ਅਧਿਕਾਰੀਆਂ ਸਪੁਰਦ ਕੀਤਾ। ਨਿਗਮ ਨੇ ਪਾਵਰਕਾਮ ਦੇ 30 ਕਰੋੜ ਰੁਪਏ ਦੇ ਲਗਭਗ ਬਿਜਲੀ ਬਿੱਲ ਦੇਣੇ ਹਨ। ਹੁਣ ਚੁੰਗੀ ਵੀ ਬੰਦ ਹੋ ਗਈ ਹੈ, ਜਿਸ ਨਾਲ ਬਿਜਲੀ ਬਿੱਲ ਨਿਗਮ ਨੂੰ ਹੁਣ ਪੂਰਾ ਲੱਗੇਗਾ, ਪਹਿਲਾਂ ਚੁੰਗੀ ਦੇ ਪੈਸਿਆਂ ਵਿਚ ਕਟੌਤੀ ਹੋ ਜਾਂਦੀ ਸੀ, ਇਸ ਨਾਲ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਚੁੱਕਣ ਵਾਲੀ ਪੰਜਾਬ ਪੁਲਸ ਸਮੇਂ 'ਤੇ ਆਪਣੇ ਬਿੱਲ ਆਦਿ ਅਦਾ ਨਹੀਂ ਕਰ ਰਹੀ, ਜਿਸ ਕਰ ਕੇ ਬਿੱਲ 'ਤੇ ਸਰਚਾਰਜ ਲੱਗ ਜਾਂਦਾ ਹੈ ਅਤੇ ਵਿਭਾਗ 'ਤੇ ਬੋਝ ਪੈਂਦਾ ਹੈ। ਪਿਛਲੇ ਸਾਲ ਤਾਂ ਕਈ ਥਾਣਿਆਂ ਦੇ ਬਿਜਲੀ ਕੁਨੈਕਸ਼ਨ ਵੀ ਕੱਟੇ ਗਏ ਸਨ, ਜਿਸ ਤੋਂ ਬਾਅਦ ਪੁਲਸ ਵਿਭਾਗ ਨੇ ਬਿੱਲ ਅਦਾ ਕੀਤੇ ਸਨ।
ਬਿਜਲੀ ਦਾ ਬਿੱਲ ਅਦਾ ਨਾ ਹੋਣ ਪਿੱਛੇ ਸਰਕਾਰੀ ਨੀਤੀਆਂ ਵੀ ਜ਼ਿੰਮੇਵਾਰ ਹਨ ਕਿਉਂਕਿ ਵਿਭਾਗ ਨੂੰ ਸਮੇਂ 'ਤੇ ਫੰਡ ਆਦਿ ਮੁਹੱਈਆ ਨਹੀਂ ਹੁੰਦੇ, ਜਿਸ ਕਰ ਕੇ ਲੇਟ ਫੀਸ ਲੱਗਦੀ ਹੈ ਅਤੇ ਵਿਭਾਗੀ ਖਾਤੇ ਡਿਫਾਲਟਰਾਂ ਦੀ ਲਿਸਟ ਵਿਚ ਚਲੇ ਜਾਂਦੇ ਹਨ। ਨਿਯਮ ਦੱਸਦੇ ਹਨ ਕਿ ਬਿੱਲ ਆਉਣ ਤੋਂ ਬਾਅਦ ਉਸ ਦਾ ਐਸਟੀਮੇਟ ਬਣਾਇਆ ਜਾਂਦਾ ਹੈ ਅਤੇ ਫੰਡ ਲਈ ਅੱਗੇ ਭੇਜਿਆ ਜਾਂਦਾ ਹੈ ਅਤੇ ਜ਼ਿਆਦਾਤਰ ਹੁੰਦਾ ਅਜਿਹਾ ਹੀ ਹੈ ਕਿ ਫੰਡ ਦੇਰੀ ਨਾਲ ਆਉਂਦਾ ਹੈ। ਵਿਭਾਗ ਅਨੁਸਾਰ ਪੁਲਸ ਥਾਣਾ ਅਤੇ ਹੈੱਡਕੁਆਰਟਰ ਵਿਚ ਪਬਲਿਕ ਡੀਲਿੰਗ ਨੂੰ ਦੇਖਦਿਆਂ ਕੁਨੈਕਸ਼ਨ ਨਹੀਂ ਕੱਟਿਆ ਜਾਂਦਾ। ਇਸ ਨੂੰ ਦੇਖ ਕੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਪਬਲਿਕ ਨੂੰ ਗੁੰਡਾ ਅਨਸਰਾਂ ਤੋਂ ਬਚਾਉਣ ਵਾਲੀ ਪੰਜਾਬ ਪੁਲਸ ਪਬਲਿਕ ਕਾਰਨ ਕੁਨੈਕਸ਼ਨ ਕੱਟਣ ਤੋਂ ਬਚ ਜਾਂਦੀ ਹੈ।
ਜੇ. ਈ. ਨੇ ਪ੍ਰਫਾਰਮੈਂਸ ਦੇਣ ਦੇ ਚੱਕਰ 'ਚ ਕੱਟ ਦਿੱਤਾ ਬਿਜਲੀ ਕੁਨੈਕਸ਼ਨ
ਸਬ-ਅਰਬਨ ਦੇ ਇਲਾਕੇ ਵਿਚ ਆਪਣੇ ਉੱਚ ਅਧਿਕਾਰੀਆਂ ਨੂੰ ਆਪਣੀ ਪ੍ਰਫਾਰਮੈਂਸ ਦੇਣ ਦੇ ਚੱਕਰ 'ਚ ਇਕ ਜੇ. ਈ. ਨੇ ਖਪਤਕਾਰ ਦਾ ਬਿਜਲੀ ਕੁਨੈਕਸ਼ਨ ਕੱਟ ਕੇ ਬਾਹਰ ਮੀਟਰ ਬਾਕਸ ਵਿਚ ਤਾਲਾ ਲਾ ਦਿੱਤਾ। ਉਕਤ ਖਪਤਕਾਰ ਨੇ ਦੱਸਿਆ ਕਿ ਉਸ ਦਾ ਬਿਜਲੀ ਬਿੱਲ 20 ਹਜ਼ਾਰ ਰੁਪਏ ਤੋਂ ਉਪਰ ਸੀ ਅਤੇ ਬਿਜਲੀ ਬਿੱਲ ਭਰਨ ਦੀ ਅਜੇ ਆਖਰੀ ਤਰੀਕ ਖਤਮ ਹੋਈ ਨੂੰ 3 ਦਿਨ ਹੀ ਹੋਏ ਸਨ ਪਰ ਜੇ. ਈ. ਨੇ ਆਪਣੀ ਪ੍ਰਫਾਰਮੈਂਸ ਦੇਣ ਦੇ ਚੱਕਰ 'ਚ ਕੁਨੈਕਸ਼ਨ ਕੱਟ ਦਿੱਤਾ, ਜਦਕਿ ਬਿੱਲ ਨਾ ਭਰਨ ਦੇ 21 ਦਿਨ ਬਾਅਦ ਬਿਜਲੀ ਕੁਨੈਕਸ਼ਨ ਕੱਟਿਆ ਜਾਂਦਾ ਹੈ ਪਰ ਉਕਤ ਜੇ. ਈ. ਨੇ ਬਿੱਲ ਦੇ ਪੈਸੇ ਦੇਣ ਨੂੰ ਵੀ ਨਹੀਂ ਕਿਹਾ। ਉਸ ਤੋਂ ਬਾਅਦ ਉੱਚ ਅਧਿਕਾਰੀਆਂ ਨੂੰ ਫੋਨ ਕਰਨ ਤੋਂ ਬਾਅਦ ਦੇਰ ਰਾਤ ਬਿਜਲੀ ਕੁਨੈਕਸ਼ਨ ਜੋੜਿਆ ਗਿਆ।
