ਪੰਜਾਬ ਰਾਜ ਵਣ ਵਿਕਾਸ ਨਿਗਮ ਦੀ ਆਮਦਨੀ ਬੀਤੇ ਸਾਲ ਦੇ ਮੁਕਾਬਲੇ ਇਸ ਸਾਲ 4 ਕਰੋੜ ਵਧੀ: ਲਾਲ ਚੰਦ ਕਟਾਰੂਚੱਕ

Tuesday, Jan 17, 2023 - 07:40 PM (IST)

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ 'ਚ ਹਰਿਆਵਲ ਹੇਠਲਾ ਰਕਬਾ ਵਧਾਉਣ ਅਤੇ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਹਰ ਕਦਮ ਚੁੱਕਣ ਹਿੱਤ ਵਚਨਬੱਧ ਹੈ। ਇਸ 'ਚ ਪੰਜਾਬ ਰਾਜ ਵਣ ਵਿਕਾਸ ਨਿਗਮ ਦਾ ਬੇਹੱਦ ਅਹਿਮ ਰੋਲ ਹੈ। ਇਹ ਵਿਚਾਰ ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਮੋਹਾਲੀ ਦੇ ਸੈਕਟਰ 68 ਵਿਚਲੇ ਵਣ ਕੰਪਲੈਕਸ ਪੰਜਾਬ ਰਾਜ ਵਣ ਵਿਕਾਸ ਨਿਗਮ ਦੇ ਰੀਜਨਲ ਮੈਨੇਜਰਾਂ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਗਟ ਕੀਤੇ।
ਇਸ ਮੌਕੇ ਸ਼੍ਰੀ ਕਟਾਰੂਚੱਕ ਨੇ ਇਸ ਗੱਲ ਉੱਤੇ ਖੁਸ਼ੀ ਜਾਹਿਰ ਕੀਤੀ ਕਿ ਇਸ ਵਰ੍ਹੇ ਨਿਗਮ ਨੂੰ 44 ਕਰੋੜ ਰੁਪਏ  ਦੀ ਆਮਦਨੀ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆ 'ਚ ਹੀ ਹੋ ਗਈ ਹੈ ਜਦੋਂ ਕਿ ਬੀਤੇ ਵਰ੍ਹੇ ਨਿਗਮ ਨੂੰ 40 ਕਰੋੜ ਰੁਪਏ ਦੀ ਆਮਦਨ ਹੋਈ ਸੀ। ਇਸ ਮੌਕੇ ਨਿਗਮ ਦੇ ਅਧਿਕਾਰੀਆ ਵੱਲੋਂ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਕਿ ਨਿਗਮ ਵੱਲੋਂ ਕਈ ਨਵੇਂ ਪ੍ਰੋਜੈਕਟ ਉਲੀਕੇ ਜਾ ਰਹੇ ਹਨ ਜਿਨ੍ਹਾਂ 'ਚ ਬਠਿੰਡਾ ਡਵੀਜਨ ਵਿਖੇ ਵਰਮੀਕੰਪੋਸਟ ਪ੍ਰਣਾਲੀ ਸਥਾਪਿਤ ਕਰਨਾ ਸ਼ਾਮਲ ਹੈ। ਇਸ ਪ੍ਰੋਜੈਕਟ ਨਾਲ ਜਿੱਥੇ ਨਿਗਮ ਦੀ ਆਮਦਨ 'ਚ ਵਾਧਾ ਹੋਵੇਗਾ, ਉਥੇ ਹੀ ਇਹ ਪ੍ਰਣਾਲੀ ਵਾਤਾਵਰਣ ਪੱਖੀ ਵੀ ਹੈ। 
ਇਸ ਤੋਂ ਇਲਾਵਾ ਜੰਗਲਾਤ ਦੇ ਰਕਬੇ ਦੀ ਰਾਖੀ ਲਈ ਆਰ.ਸੀ.ਸੀ. ਪਿੱਲਰ ਤੋਂ ਇਲਾਵਾ ਰੁੱਖਾਂ ਦੀ ਸਾਂਭ ਸੰਭਾਲ ਲਈ ਟ੍ਰੀ-ਗਾਰਡ ਤਿਆਰ ਕਰਨ ਅਤੇ ਇਸ ਤੋਂ ਇਲਾਵਾ ਵੂਡਨ (ਲੱਕੜ) ਦੀਆਂ ਉੱਚ ਪੱਧਰ ਦੀਆਂ ਕਰੇਟਾਂ ਤਿਆਰ ਕਰਨ ਆਦਿ ਪ੍ਰੋਜੈਕਟ ਵੀ ਸ਼ੁਰੂ ਕੀਤੇ ਗਏ ਹਨ। ਵਿਭਾਗੀ ਕੰਮ ਕਾਜ 'ਚ ਪੂਰਨ ਪਾਰਦਰਸ਼ਿਤਾ ਉੱਤੇ ਜੋਰ ਦਿੰਦੇ ਹੋਏ ਸ਼੍ਰੀ ਕਟਾਰੂਚੱਕ ਨੇ ਵਿਭਾਗੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜੋ ਕੋਈ ਵੀ ਬੇਨਿਯਮੀ ਕਰਦਾ ਪਾਇਆ ਜਾਂਦਾ ਹੈ, ਉਸ ਖ਼ਿਲਾਫ਼ ਰਿਕਵਰੀ ਤੋਂ ਇਲਾਵਾ ਬਣਦੀ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਵੇ ਕਿਉਂਕਿ ਜੋਂ ਸੂਬਾ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ। 
ਉਨ੍ਹਾਂ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਵਿਭਾਗ ਦੇ ਕੰਮਕਾਜ ਸਬੰਧੀ ਟੈਂਡਰ ਪ੍ਰਕਿਰਿਆ ਦੌਰਾਨ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਰਾਜ ਵਣ ਵਿਕਾਸ ਨਿਗਮ ਦੇ ਚੇਅਰਮੈਨ ਰਾਕੇਸ਼ ਪੁਰੀ, ਪ੍ਰਮੁੱਖ ਮੁੱਖ ਵਣ ਪਾਲ ਆਰ.ਕੇ. ਮਿਸ਼ਰਾ ਅਤੇ ਮੁੱਖ ਜਨਰਲ ਮੈਨੇਜਰ ਗੀਤਾਂਜਲੀ ਵੀ ਮੌਜੂਦ ਸਨ।
    
 


Aarti dhillon

Content Editor

Related News