''ਪੰਜਾਬ ਸਟੇਟ ਫੂਡ ਕਮਿਸ਼ਨ'' ਦੇ ਸਾਰੇ ਵਿੰਗ ਇਕ ਛੱਤ ਥੱਲੇ ਆਉਣਗੇ
Friday, Nov 02, 2018 - 01:21 PM (IST)

ਚੰਡੀਗੜ੍ਹ : ਪੰਜਾਬ ਸਟੇਟ ਫੂਡ ਕਮਿਸ਼ਨ ਦੀ ਕਾਰਜਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਨਵ-ਨਿਯੁਕਤ ਚੇਅਰਮੈਨ ਡੀ.ਪੀ. ਰੈੱਡੀ ਨੇ ਕਮਿਸ਼ਨ ਦੇ ਸਾਰੇ ਵਿੰਗਾਂ ਨੂੰ ਇਕ ਛੱਤ ਥੱਲੇ ਲਿਆਉਣ ਦਾ ਫੈਸਲਾ ਕੀਤਾ ਹੈ। ਮੌਜੂਦਾ ਸਮੇਂ ਕਮਿਸ਼ਨ ਦੋ ਥਾਵਾਂ ਤੋਂ ਕੰਮ ਕਰ ਰਿਹਾ ਹੈ। ਚੇਅਰਮੈਨ ਤੇ ਉਨ੍ਹਾਂ ਦਾ ਸਹਿਯੋਗੀ ਸਟਾਫ਼ ਪਨਸਪ ਦੀ ਇਮਾਰਤ ਤੋਂ ਕੰਮ ਕਰ ਰਿਹਾ ਹੈ, ਜਦੋਂ ਕਿ ਮੈਂਬਰ ਤੇ ਉਨ੍ਹਾਂ ਦਾ ਸਟਾਫ਼ ਜੰਗਲਾਤ ਕੰਪਲੈਕਸ, ਸੈਕਟਰ-68, ਮੋਹਾਲੀ ਤੋਂ ਕੰਮ ਚਲਾ ਰਹੇ ਹਨ।
ਹੁਣ ਕਮਿਸ਼ਨ ਲਈ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟਰੇਸ਼ਨ ਕੰਪਲੈਕਸ, ਸੈਕਟਰ 26 ਚੰਡੀਗੜ੍ਹ•'ਚ ਥਾਂ ਅਲਾਟ ਕੀਤੀ ਗਈ ਹੈ। ਰੈੱਡੀ ਨੇ ਕਿਹਾ ਕਿ ਸਿਸਟਮ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਕਮਿਸ਼ਨ ਨੇ ਲੋਕਾਂ ਦੀ ਸਹੂਲਤ ਵਾਸਤੇ ਸ਼ਿਕਾਇਤਾਂ ਦਰਜ ਕਰਵਾਉਣ ਲਈ ਵੈÎੱਬਸਾਈਟ ਤੇ ਹੈਲਪਲਾਈਨ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ, ਪੰਜਾਬ ਤੇ ਸਿੱਖਿਆ ਵਿਭਾਗਾਂ ਦੇ ਸਕੱਤਰਾਂ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ ਤਾਂ ਕਿ ਐਨਐਫਐਸਏ, 2013 ਨੂੰ ਸਹੀ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਇਆ ਜਾ ਸਕੇ।