ਪੰਜਾਬ ਨੂੰ ਬਾਰੂਦ ਦੇ ਢੇਰ ''ਤੇ ਖੜ੍ਹਾ ਕਰ ਰਹੀ ਕੈਪਟਨ ਸਰਕਾਰ : ਸ਼ਵੇਤ ਮਲਿਕ

04/21/2018 7:40:03 AM

ਚੰਡੀਗੜ੍ਹ,  (ਸ਼ਰਮਾ) - ਪੰਜਾਬ ਭਾਜਪਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਦੋਸ਼ ਲਾਇਆ ਹੈ ਕਿ ਐੱਸ. ਸੀ. ਭਾਈਚਾਰੇ ਦੇ ਮਾਮਲੇ ਵਿਚ ਕੈਪਟਨ ਅਮਰਿੰਦਰ ਸਰਕਾਰ ਸਮਾਜ ਨੂੰ ਵੰਡ ਕੇ ਪੰਜਾਬ ਨੂੰ ਬਾਰੂਦ ਦੇ ਢੇਰ 'ਤੇ ਖੜ੍ਹਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦਾ ਸੰਤਾਪ ਝੱਲ ਚੁੱਕੇ ਪੰਜਾਬ ਲਈ ਕਾਂਗਰਸ ਦੀ ਇਹ ਚਾਲ ਸਮਾਜਿਕ ਤਾਣੇ-ਬਾਣੇ ਨੂੰ ਵਿਗਾੜਨ ਦਾ ਕੰਮ ਕਰੇਗੀ। ਇਸ ਦੇ ਉਲਟ ਭਾਜਪਾ ਸਰਕਾਰ ਐੱਸ. ਸੀ. ਭਾਈਚਾਰੇ ਦੀ ਤਰੱਕੀ ਲਈ ਅਨੇਕਾਂ ਯੋਜਨਾਵਾਂ ਲਾਗੂ ਕਰ ਚੁੱਕੀ ਹੈ ਤੇ ਇਸ ਵਰਗ ਨੂੰ ਬਣਦਾ ਸਨਮਾਨ ਦਿੱਤਾ ਜਾ ਰਿਹਾ ਹੈ। ਮਲਿਕ ਵੀਰਵਾਰ ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਆਯੋਜਿਤ 'ਮੀਟ ਦਿ ਪ੍ਰੈੱਸ' ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਕਾਂਗਰਸ ਜਿਥੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਐੱਸ. ਸੀ. ਭਾਈਚਾਰੇ 'ਚ ਅਫ਼ਵਾਹਾਂ ਫੈਲਾ ਕੇ ਸਮਾਜ ਨੂੰ ਵੰਡਣ ਤੇ ਐੱਸ. ਸੀ. ਭਾਈਚਾਰੇ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੀ ਹੈ, ਉਥੇ ਹੀ ਭਾਜਪਾ ਨੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ਼ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ। ਇਸ ਤੋਂ ਇਲਾਵਾ ਕੇਂਦਰ ਦੀ ਮੋਦੀ ਸਰਕਾਰ ਨੇ ਐੱਸ. ਸੀ. ਭਾਈਚਾਰੇ ਦੀ ਭਲਾਈ ਲਈ ਐੱਸ. ਸੀ./ਐੱਸ. ਟੀ. ਐਕਟ ਨੂੰ ਹੋਰ ਸਖ਼ਤ ਬਣਾਇਆ, ਇਸ ਵਰਗ ਦੀ ਭਲਾਈ ਲਈ ਵਿਸ਼ੇਸ਼ ਯੋਜਨਾਵਾਂ ਨੂੰ ਅਮਲੀਜਾਮਾ ਪਹਿਨਾਇਆ ਤੇ ਇਸ ਵਰਗ ਦੇ ਬਾਬਾ ਸਾਹਿਬ ਅੰਬੇਡਕਰ ਵਰਗੇ ਹੀਰੋ ਨੂੰ ਸਰਕਾਰੀ ਸਨਮਾਨ ਪ੍ਰਦਾਨ ਕੀਤਾ। ਭਾਜਪਾ 'ਚ ਐੱਸ. ਸੀ. ਭਾਈਚਾਰੇ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਗਿਣਤੀ ਹੋਰ ਸਿਆਸੀ ਪਾਰਟੀਆਂ ਦੇ ਮੁਕਾਬਲੇ ਜ਼ਿਆਦਾ ਹੈ।
ਅਕਾਲੀ ਦਲ ਦੇ ਦੋਸ਼ 'ਤੇ ਟਿੱਪਣੀ ਤੋਂ ਕੀਤਾ ਇਨਕਾਰ :
ਫਗਵਾੜਾ 'ਚ ਹਾਲ ਹੀ ਵਿਚ ਹੋਈ ਹਿੰਸਕ ਘਟਨਾ ਵਿਚ ਸ਼ਿਵ ਸੈਨਾ ਵਰਕਰਾਂ ਦੇ ਸ਼ਾਮਲ ਹੋਣ ਸਬੰਧੀ ਅਕਾਲੀ ਦਲ ਵਲੋਂ ਲਾਏ ਗਏ ਦੋਸ਼ 'ਤੇ ਪ੍ਰਤੀਕਿਰਿਆ ਮੰਗਣ 'ਤੇ ਮਲਿਕ ਨੇ ਕਿਹਾ ਕਿ ਲੋਕਤੰਤਰ 'ਚ ਸਾਰਿਆਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ, ਇਸ ਲਈ ਉਹ ਇਸ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ।
ਅਕਾਲੀ ਦਲ ਨਾਲ ਹੈ ਅਟੁੱਟ ਰਿਸ਼ਤਾ :
ਆਉਣ ਵਾਲੇ ਸਮੇਂ ਵਿਚ ਅਕਾਲੀ ਦਲ ਨਾਲ ਭਾਜਪਾ ਦੇ ਗੱਠਜੋੜ ਦੇ ਟੁੱਟਣ ਤੇ ਲੋਕ ਸਭਾ ਜਾਂ ਵਿਧਾਨ ਸਭਾ ਚੋਣ ਪਾਰਟੀ ਵਲੋਂ ਇਕੱਲੇ ਲੜਨ ਦੀਆਂ ਸੰਭਾਵਨਾਵਾਂ 'ਤੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਮਲਿਕ ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਅਟੁੱਟ ਹੈ ਤੇ ਭਵਿੱਖ ਵਿਚ ਵੀ ਦੋਵੇਂ ਪਾਰਟੀਆਂ ਗੱਠਜੋੜ ਦੇ ਤਹਿਤ ਹੀ ਚੋਣ ਲੜਨਗੀਆਂ। ਸੂਬਾ ਪਾਰਟੀ ਇਕਾਈ 'ਚ ਪਾਰਟੀ ਅਹੁਦੇਦਾਰਾਂ ਤੇ ਵੱਖ-ਵੱਖ ਮਾਮਲਿਆਂ ਦੇ ਗਠਨ ਸਬੰਧੀ ਪੁੱਛੇ ਜਾਣ 'ਤੇ ਮਲਿਕ ਨੇ ਕਿਹਾ ਕਿ ਉਨ੍ਹਾਂ ਨੂੰ ਮੌਜੂਦਾ ਟੀਮ, ਜਿਸ ਨੂੰ ਸਾਬਕਾ ਪ੍ਰਧਾਨ ਵਿਜੇ ਸਾਂਪਲਾ ਦੀ ਟੀਮ ਕਿਹਾ ਜਾਂਦਾ ਹੈ, ਨੂੰ ਸਾਰੇ ਨੇਤਾਵਾਂ ਤੇ ਵਰਕਰਾਂ ਤੋਂ ਪੂਰਾ ਸਹਿਯੋਗ ਮਿਲ ਰਿਹਾ ਹੈ ਪਰ ਉਹ ਜਲਦੀ ਹੀ ਆਪਣੀ ਟੀਮ ਦਾ ਐਲਾਨ ਕਰਨਗੇ ਕਿਉਂਕਿ ਖੜ੍ਹੇ ਪਾਣੀ 'ਚੋਂ ਬਦਬੂ ਆਉਣ ਲੱਗ ਜਾਂਦੀ ਹੈ, ਇਸ ਲਈ ਨਵੇਂ ਲੋਕਾਂ ਨੂੰ ਵੀ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ।


Related News