ਅੰਸ਼ੂ ਮਲਿਕ ਨੇ ਬੁਡਾਪੇਸਟ ’ਚ ਚਾਂਦੀ ਤਮਗਾ ਜਿੱਤਿਆ
Sunday, Jun 09, 2024 - 12:50 PM (IST)
ਬੁਡਾਪੇਸਟ- ਭਾਰਤੀ ਮਹਿਲਾ ਪਹਿਲਵਾਨ ਅੰਸ਼ੂ ਮਲਿਕ ਫਾਈਨਲ ਵਿਚ ਆਪਣੀ 21 ਸਾਲਾ ਚੀਨੀ ਵਿਰੋਧਣ ਕੇਕਸਿਨ ਹੋਂਗ ਦੀ ਚੁਣੌਤੀ ਤੋਂ ਪਾਰ ਪਾਉਣ ਵਿਚ ਅਸਫਲ ਰਹੀ ਤੇ ਉਸ ਨੂੰ ਇੱਥੇ ਬੁਡਾਪੇਸਟ ਰੈਂਕਿੰਗ ਸੀਰੀਜ਼ ਕੁਸ਼ਤੀ ਟੂਰਨਾਮੈਂਟ ਦੇ 57 ਕਿ. ਗ੍ਰਾ. ਭਾਰ ਵਰਗ ਵਿਚ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਵਿਸ਼ਵ ਦੀ ਨੰਬਰ ਇਕ ਖਿਡਾਰਨ ਵਿਰੁੱਧ ਅੰਸ਼ੂ ਮਲਿਕ ਨੂੰ ਤਕਨੀਕੀ ਸ੍ਰੇਸ਼ਠਤਾ ਦੇ ਆਧਾਰ ’ਤੇ 1-12 ਨਾਲ ਹਾਰ ਝੱਲਣੀ ਪਈ। ਭਾਰਤ ਦੀ ਅੰਤਿਮ ਪੰਘਾਲ ਨੇ ਇਸ ਤੋਂ ਪਹਿਲਾਂ 53 ਕਿ. ਗ੍ਰਾ. ਭਾਰ ਵਰਗ ਵਿਚ ਚਾਂਦੀ ਤਮਗਾ ਹਾਸਲ ਕੀਤਾ ਸੀ ਜਦਕਿ ਸਟਾਰ ਪਹਿਲਵਾਨ ਵਿਨੇਸ਼ ਫੋਗਟ 50 ਕਿ. ਗ੍ਰਾ. ਦੇ ਕੁਆਰਟਰ ਫਾਈਨਲ ਵਿਚ ਚੀਨ ਦੀ ਜਿਆਂਗ ਝੂ ਹੱਥੋਂ 0-5 ਨਾਲ ਹਾਰ ਗਈ ਸੀ। ਅੰਸ਼ੂ ਨੇ ਮੋਲਦੋਵਾ ਦੀ ਅਨਾਸਤਾਸਿਆ ਨਿਚਿਤਾ ਵਿਰੁੱਧ 6-5 ਨਾਲ ਜਿੱਤ ਹਾਸਲ ਕਰਕੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕੀਤੀ ਸੀ।
ਇਸ ਤੋਂ ਬਾਅਦ ਉਸ ਨੇ ਵਿਸ਼ਵ ਚੈਂਪੀਅਨ ਝਾਂਗ ਕਿਊਈ ਦੀ ਚੁਣੌਤੀ ਨੂੰ 2-1 ਨਾਲ ਪਾਰ ਕਰਕੇ ਇਕ ਹੋਰ ਚੀਨੀ ਖਿਡਾਰਨ ਦੇ ਨਾਲ ਖਿਤਾਬੀ ਟੱਕਰ ਤੈਅ ਕੀਤੀ। ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਭਾਰਤ ਦੇ ਇਕਲੌਤੇ ਪੁਰਸ਼ ਪਹਿਲਵਾਨ ਅਮਨ ਸਹਿਰਾਵਤ ਨੇ ਪ੍ਰਤੀਯੋਗਿਤਾ ਦੇ ਪਹਿਲੇ ਦਿਨ ਚਾਂਦੀ ਤਮਗਾ ਜਿੱਤਿਆ ਸੀ। ਉਹ ਫਾਈਨਲ ਵਿਚ ਜਾਪਾਨ ਦੇ ਰੀ ਹਿਗੁਚੀ ਹੱਥੋਂ ਤਕਨੀਕੀ ਸ੍ਰੇਸ਼ਠਤਾ ਦੇ ਆਧਾਰ ’ਤੇ 1-11 ਨਾਲ ਹਾਰ ਗਿਆ ਸੀ।