ਪੰਜਾਬ 'ਚ ਅੱਜ ਤੋਂ ਖੁੱਲ੍ਹਣਗੇ 5ਵੀਂ ਤੋਂ 12ਵੀਂ ਤੱਕ ਦੇ ਸਾਰੇ 'ਸਕੂਲ', 3 ਵਜੇ ਤੱਕ ਹੋਵੇਗੀ ਪੜ੍ਹਾਈ

Thursday, Jan 07, 2021 - 09:59 AM (IST)

ਪੰਜਾਬ 'ਚ ਅੱਜ ਤੋਂ ਖੁੱਲ੍ਹਣਗੇ 5ਵੀਂ ਤੋਂ 12ਵੀਂ ਤੱਕ ਦੇ ਸਾਰੇ 'ਸਕੂਲ', 3 ਵਜੇ ਤੱਕ ਹੋਵੇਗੀ ਪੜ੍ਹਾਈ

ਲੁਧਿਆਣਾ/ਸੰਗਰੂਰ (ਵਿੱਕੀ, ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ, ਸਿੰਗਲਾ) : ਪੰਜਾਬ 'ਚ ਹੌਲੀ-ਹੌਲੀ ਕੋਰੋਨਾ ਤੋਂ ਆਮ ਹੋ ਰਹੇ ਹਾਲਾਤ ਅਤੇ ਵੈਕਸੀਨੇਸ਼ਨ ਦੇਣ ਦੀਆਂ ਤਿਆਰੀਆਂ ਦਰਮਿਆਨ ਸੂਬਾ ਸਰਕਾਰ ਨੇ 7 ਜਨਵਰੀ ਤੋਂ 5ਵੀਂ ਤੋਂ 12ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਨੂੰ ਫਿਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਕਰੀਬ ਸਾਢੇ 9 ਮਹੀਨਿਆਂ ਦੇ ਲੰਬੇ ਸਮੇਂ ਤੋਂ ਘਰਾਂ 'ਚ ਬੈਠ ਕੇ ਆਨਲਾਈਨ ਪੜ੍ਹਾਈ ਕਰ ਰਹੇ ਵਿਦਿਆਰਥੀ ਹੁਣ ਫਿਰ ਜਮਾਤਾਂ 'ਚ ਆ ਕੇ ਪੜ੍ਹ ਸਕਣਗੇ।

ਇਹ ਵੀ ਪੜ੍ਹੋ : ਪੰਜਾਬ 'ਚ 'ਬਰਡ ਫਲੂ' ਨੂੰ ਲੈ ਕੇ ਸਰਕਾਰ ਨੇ ਕਹੀ ਇਹ ਗੱਲ, ਅੰਡਾ-ਮੀਟ ਖਾਣ ਵਾਲਿਆਂ ਨੂੰ ਦਿੱਤੀ ਸਲਾਹ

ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਰਹੇਗਾ। ਇਸੇ ਦੇ ਨਾਲ ਹੀ ਸਰਕਾਰ ਨੇ ਸਾਰੇ ਸਕੂਲਾਂ ਨੂੰ ਕੋਵਿਡ-19 ਦੌਰਾਨ ਜਾਰੀ ਹਦਾਇਤਾਂ ਨੂੰ ਵੀ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਕਤ ਜਾਣਕਾਰੀ ਦਿੰਦੇ ਹੋਏ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਦੱਸਿਆ ਕਿ ਸਿੱਖਿਆ ਮਹਿਕਮੇ ਨੇ ਸਕੂਲ ਮੁਖੀਆਂ ਤੋਂ ਫੀਡਬੈਕ ਲਈ ਸੀ, ਜਿਸ 'ਚ ਸਕੂਲਾਂ ਨੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ-ਨਾਲ ਵਿਦਿਆਰਥੀਆਂ ਦੀਆਂ ਸਲਾਨਾ ਪ੍ਰੀਖਿਆਵਾਂ ਲਈ ਆਖ਼ਰੀ ਰਵੀਜ਼ਨ ਤੋਂ ਪਹਿਲਾਂ ਫਿਰ ਸਕੂਲ ਖੋਲ੍ਹਣ ਦੀ ਬੇਨਤੀ ਕੀਤੀ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਦਰਿਆਵਾਂ 'ਚੋਂ ਰੇਤ-ਬੱਜਰੀ ਕੱਢ ਸਕਣਗੇ 'ਮਾਈਨਿੰਗ ਠੇਕੇਦਾਰ', ਸਰਕਾਰ ਨੇ ਦਿੱਤੀ ਖ਼ਾਸ ਛੋਟ

ਮਾਪਿਆਂ ਦੀਆਂ ਪੜ੍ਹਾਈ ਸਬੰਧੀ ਚਿੰਤਾਵਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਵੀਰਵਾਰ ਤੋਂ ਸਾਰੇ ਸਰਕਾਰੀ, ਅਰਧ ਸਰਕਾਰੀ ਅਤੇ ਨਿੱਜੀ ਸਕੂਲ ਫਿਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਸਿੰਗਲਾ ਨੇ ਦੱਸਿਆ ਕਿ ਸਿਰਫ 5ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹੀ ਸਕੂਲਾਂ 'ਚ ਆ ਕੇ ਜਮਾਤਾਂ ਲਾਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਸੂਬੇ ਭਰ ਦੇ ਸਕੂਲ ਮਾਰਚ ਮਹੀਨੇ ਤੋਂ ਬੰਦ ਪਏ ਹਨ। ਅਕਤੂਬਰ ਮਹੀਨੇ ਤੋਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੇ ਮਾਤਾ-ਪਿਤਾ ਦੀ ਲਿਖ਼ਤੀ ਸਹਿਮਤੀ ਨਾਲ ਫਿਜ਼ੀਕਲ ਕਲਾਸ ਲਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ ਪਰ ਜ਼ਿਆਦਾਤਰ ਸਕੂਲਾਂ 'ਚ ਬੱਚੇ ਬਹੁਤ ਘੱਟ ਆ ਰਹੇ ਸਨ।

ਇਹ ਵੀ ਪੜ੍ਹੋ : ਜੇਲ੍ਹ 'ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਸ਼ੁਰੂ ਕੀਤੀ ਭੁੱਖ-ਹੜ੍ਹਤਾਲ, ਪ੍ਰਸ਼ਾਸਨ 'ਤੇ ਲਾਏ ਇਹ ਵੱਡੇ ਦੋਸ਼

ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਹਿਮਤੀ ਦਿੰਦੇ ਹੋਏ ਸਿੱਖਿਆ ਮਹਿਕਮੇ ਨੂੰ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ, ਸਾਰੇ ਸਕੂਲ ਪ੍ਰਬੰਧਕਾਂ ਨੂੰ ਸਿਹਤ ਮਹਿਕਮੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਰੋਕਿਆ ਜਾ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ


author

Babita

Content Editor

Related News