5ਵੀਂ ਅਤੇ 8ਵੀਂ ਦੀਆਂ ਪ੍ਰੀਖਿਆਵਾਂ ਹੁਣ ਲਵੇਗਾ ਪੰਜਾਬ ਸਕੂਲ ਸਿੱਖਿਆ ਬੋਰਡ

05/26/2019 7:57:17 PM

ਅੰਮ੍ਰਿਤਸਰ, (ਦਲਜੀਤ ਸ਼ਰਮਾ)-ਪੰਜਾਬ ਦੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿਚ 5ਵੀਂ ਅਤੇ 8ਵੀਂ ਜਮਾਤ ਦੀ ਪ੍ਰੀਖਿਆ ਹੁਣ ਸਿੱਖਿਆ ਸੈਸ਼ਨ 2019-20 ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਲਵੇਗਾ। ਸਿੱਖਿਆ ਅਧਿਕਾਰ ਐਕਟ ਵਿਚ ਹੋਏ ਸੁਧਾਰ ਤੋਂ ਬਾਅਦ ਭਾਰਤ ਸਰਕਾਰ ਵਲੋਂ ਸਾਰੇ ਸੂਬਿਆਂ ਨੂੰ ਆਪਣੇ-ਆਪਣੇ ਸਿੱਖਿਆ ਬੋਰਡਾਂ ਦੇ ਅਧੀਨ ਉਕਤ ਪ੍ਰੀਖਿਆਵਾਂ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। ਪੰਜਾਬ ਬੋਰਡ ਵਲੋਂ ਇਸ ਸਬੰਧੀ ਆਪਣੀ ਵੈਬਸਾਈਟ ’ਤੇ ਪ੍ਰਸ਼ਨ ਪੱਤਰਾਂ ਦਾ ਫਾਰਮੇਟ ਵੀ ਜਾਰੀ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਸਾਲ 2009 ਵਿਚ ਭਾਰਤ ਸਰਕਾਰ ਵਲੋਂ ਵਿਦਿਆਰਥੀਆਂ ਤਕ ਮੁਫਤ ਸਿੱਖਿਆ ਪਹੁੰਚਾਉਣ ਲਈ ਸਿੱਖਿਆ ਅਧਿਕਾਰ ਐਕਟ ਨੂੰ ਬਣਾਇਆ ਸੀ। ਐਕਟ ਅਨੁਸਾਰ 5ਵੀਂ ਅਤੇ 8ਵੀਂ ਜਮਾਤ ਵਿਚ ਪਡ਼੍ਹਨ ਵਾਲੇ ਕਿਸੇ ਵੀ ਬੱਚੇ ਨੂੰ ਫੇਲ ਨਹੀਂ ਕੀਤਾ ਜਾ ਸਕਦਾ ਸੀ। ਐਕਟ ਦੇ ਪੰਜਾਬ ਵਿਚ ਲਾਗੂ ਹੋਣ ਉਪਰੰਤ ਇਹ ਪ੍ਰੀਖਿਆ ਸਟੇਟ ਕੌਂਸਲ ਐਜੂਕੇਸ਼ਨ ਰਿਸਰਚ ਟ੍ਰੇਨਿੰਗ (ਐੱਸ. ਈ. ਆਰ. ਟੀ.) ਵਲੋਂ ਲਈ ਜਾਂਦੀ ਸੀ। ਐੱਸ. ਈ. ਆਰ. ਟੀ. ਵਲੋਂ ਉਕਤ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਭੇਜ ਦਿੱਤੇ ਜਾਂਦੇ ਸਨ ਅਤੇ ਉਸਦੇ ਉਪਰੰਤ ਅਧਿਕਾਰੀ ਬਲਾਕ ਪੱਧਰ ’ਤੇ ਪੱਤਰਾਂ ਨੂੰ ਵੰਡ ਕੇ ਵਿਦਿਆਰਥੀਆਂ ਦੀ ਪ੍ਰੀਖਿਆ ਲੈਂਦੇ ਸਨ। ਐਕਟ ਵਿਚ ਸੁਧਾਰ ਹੋਣ ਉਪਰੰਤ ਹੁਣ ਇਹ ਪ੍ਰੀਖਿਆ ਪੰਜਾਬ ਬੋਰਡ ਲਵੇਗਾ। ਬੋਰਡ ਦੇ ਮੈਂਬਰ ਪੰਡਤ ਕੁਲਵੰਤ ਰਾਏ ਸ਼ਰਮਾ ਨੇ ਦੱਸਿਆ ਕਿ ਸਿੱਖਿਆ ਸੈਸ਼ਨ 2019-20 ਵਿਚ ਲਈ ਜਾਣ ਵਾਲੀ 5ਵੀਂ ਅਤੇ 8ਵੀਂ ਦੀ ਪ੍ਰੀਖਿਆ ਸਬੰਧੀ ਬੋਰਡ ਨੇ ਹੁਣ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਕੂਲਾਂ ਨੂੰ ਪ੍ਰਸ਼ਨ ਪੱਤਰਾਂ ਦਾ ਫਾਰਮੇਟ ਜਾਰੀ ਕਰ ਦਿੱਤਾ ਗਿਆ ਹੈ। ਬੋਰਡ ਵਲੋਂ ਲਈ ਜਾਣ ਵਾਲੀ ਪ੍ਰੀਖਿਆ ਵਿਚ ਵਿਦਿਆਰਥੀ ਨੂੰ 2 ਕੰਪਾਰਟਮੈਂਟ ਦੇ ਮੌਕੇ ਦਿੱਤੇ ਜਾਣਗੇ। ਸ਼ਰਮਾ ਨੇ ਦੱਸਿਆ ਕਿ ਪੰਜਾਬ ਵਿਚ ਸਿੱਖਿਆ ਪ੍ਰਣਾਲੀ ਵਿਚ ਤੇਜ਼ੀ ਨਾਲ ਸੁਧਾਰ ਆ ਰਿਹਾ ਹੈ। ਬੋਰਡ ਵਲੋਂ ਲਈ ਜਾਣ ਵਾਲੀ ਪ੍ਰੀਖਿਆ ਵਿਚ ਵਿਦਿਆਰਥੀ ਚੰਗੇ ਅੰਕ ਲੈ ਕੇ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਹੋਰ ਅੱਗੇ ਲਿਆਉਣਗੇ। ਪਹਿਲਾਂ ਦੀ ਤਰ੍ਹਾਂ ਇਹ ਪ੍ਰੀਖਿਆਵਾਂ ਜ਼ਿਲਾ ਸਿੱਖਿਆ ਅਧਿਕਾਰੀ ਦੇ ਪੱਧਰ ’ਤੇ ਹੋਰ ਬੋਰਡ ਦੀਆਂ ਪ੍ਰੀਖਿਆਵਾਂ ਦੇ ਬਰਾਬਰ ਹੋਣਗੀਆਂ।

ਵਰਣਨਯੋਗ ਹੈ ਕਿ ਸਿੱਖਿਆ ਅਧਿਕਾਰ ਐਕਟ ਤਹਿਤ ਪਹਿਲਾਂ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲ 5ਵੀਂ ਅਤੇ 8ਵੀਂ ਜਮਾਤਾਂ ਵਿਚ ਪਡ਼੍ਹਨ ਵਾਲੇ ਵਿਦਿਆਰਥੀਆਂ ਨੂੰ ਫੇਲ ਨਹੀਂ ਕਰ ਪਾਉਂਦੇ ਸਨ। ਜ਼ਿਆਦਾਤਰ ਵਿਦਿਆਰਥੀਆਂ ਵਿਚ ਫੇਲ ਨਾ ਹੋਣ ਦਾ ਡਰ ਨਾ ਹੋਣ ਕਾਰਣ ਉਹ ਠੀਕ ਢੰਗ ਨਾਲ ਪਡ਼੍ਹਾਈ ਨਹੀਂ ਕਰ ਰਹੇ ਸਨ। ਕਈ ਵਿਦਿਆਰਥੀ ਤਾਂ ਅਜਿਹੇ ਵੀ ਸਨ ਕਿ ਜਿਨ੍ਹਾਂ ਨੂੰ ਪਤਾ ਸੀ ਕਿ ਐਕਟ ਅਨੁਸਾਰ ਉਸ ਨੂੰ ਫੇਲ ਨਹੀਂ ਕਰ ਸਕਦੇ ਅਤੇ ਉਨ੍ਹਾਂ ਦਾ ਸਾਲ ਬਰਬਾਦ ਨਹੀਂ ਹੋਵੇਗਾ ਤਾਂ ਉਹ ਪਡ਼੍ਹਾਈ ਵਿਚ ਰੁਚੀ ਵੀ ਨਹੀਂ ਲੈਂਦੇ ਸਨ ਪਰ ਹੁਣ ਵਿਦਿਆਰਥੀਆਂ ਨੂੰ ਫੇਲ ਹੋਣ ਦੇ ਡਰੋਂ ਉਹ ਖੁਦ ਪਡ਼੍ਹਾਈ ਵਿਚ ਦਿਲਚਸਪੀ ਲੈਣਗੇ।


Arun chopra

Content Editor

Related News