ਸਿੱਖਿਅਾ ਬੋਰਡ ਨੇ ‘84 ਦੇ ਗੇੜ’ ’ਚ ਫਸਾਇਆ ਮਾਨਤਾ ਪ੍ਰਾਪਤ ਸਕੂਲਾਂ ਨੂੰ
Saturday, Jul 21, 2018 - 06:09 AM (IST)

ਅੰਮ੍ਰਿਤਸਰ, (ਦਲਜੀਤ)- ਪੰਜਾਬ ਸਕੂਲ ਸਿੱਖਿਆ ਬੋਰਡ ਨੇ 84 ਨੁਕਤਿਅਾਂ ਵਾਲੇ ਪ੍ਰੋਫਾਰਮੇ ’ਚ ਪੰਜਾਬ ਦੇ ਮਾਨਤਾ ਪ੍ਰਾਪਤ ਸਕੂਲਾਂ ਨੂੰ ਉਲਝਾ ਦਿੱਤਾ ਹੈ। ਬੋਰਡ ਨੇ ਸਾਰੇ ਸਕੂਲਾਂ ਨੂੰ ਪ੍ਰੋਫਾਰਮੇ ਤਹਿਤ ਸੰਖੇਪ ਜਾਣਕਾਰੀ ਦੇਣ ਦੇ ਆਦੇਸ਼ ਦਿੱਤੇ ਹਨ। ਬੋਰਡ ਦੇ ਇਸ ਫੈਸਲੇ ਨੂੰ ਸੂਬੇ ਦੇ ਮਾਨਤਾ ਪ੍ਰਾਪਤ ਸਕੂਲਾਂ ਨੇ ਭਰਨ ਤੋਂ ਮਨ੍ਹਾ ਕਰ ਦਿੱਤਾ ਹੈ ਅਤੇ ਬੋਰਡ ਖਿਲਾਫ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਮਾਨਤਾ ਪ੍ਰਾਪਤ ਅਤੇ ਐਫੀਲਿਏਟਿਡ ਸਕੂਲਜ਼ ਐਸੋਸੀਏਸ਼ਨ ਰਾਸਾ ਦੇ ਸੂਬਾ ਜਨਰਲ ਸਕੱਤਰ ਪੰਡਿਤ ਕੁਲਵੰਤ ਰਾਏ ਸ਼ਰਮਾ ਨੇ ਗੱਲਬਾਤ ਕਰਦਿਅਾਂ ਦੱਸਿਆ ਕਿ ਰਾਸਾ ਦੇ ਸਾਰੇ ਸਕੂਲਾਂ ਨੇ ਮਾਨਤਾ ਲੈਣ ਤੋਂ ਪਹਿਲਾਂ ਬੋਰਡ ਨੂੰ ਉਹ ਸਾਰੀ ਜਾਣਕਾਰੀ ਉਪਲਬਧ ਕਰਵਾਈ ਹੈ, ਜੋ ਬੋਰਡ 84 ਪ੍ਰੋਫਾਰਮਾ ਵਾਲੇ ਪੱਤਰ ਵਿਚ ਮੰਗ ਰਿਹਾ ਹੈ। ਬੋਰਡ ਵੱਲੋਂ ਹਰ ਵਾਰ ਨਵੀਆਂ-ਨਵੀਆਂ ਪਾਲਿਸੀਆਂ ਬਣਾ ਕੇ ਸਕੂਲਾਂ ’ਤੇ ਤਜਰਬਾ ਕੀਤਾ ਜਾਂਦਾ ਹੈ।
ਸ਼ਰਮਾ ਨੇ ਕਿਹਾ ਕਿ ਰਾਸਾ ਦੇ 5000 ਸਕੂਲ ਬੋਰਡ ਤੋਂ ਕੋਈ ਵੀ ਵਿੱਤੀ ਲਾਭ ਨਹੀਂ ਲੈਂਦੇ ਸਗੋਂ ਹਰ ਸਾਲ ਕਰੋਡ਼ਾਂ ਰੁਪਏ ਆਪਣੀ ਜੇਬ ’ਚੋਂ ਦੇ ਕੇ ਬੋਰਡ ਦਾ ਖਾਲੀ ਖਜ਼ਾਨਾ ਭਰਦੇ ਹਨ। ਬੋਰਡ ਵੱਲੋਂ ਨਾਦਰਸ਼ਾਹੀ ਫਰਮਾਨ ਜਾਰੀ ਕਰਨ ਕਾਰਨ ਰਾਸਾ ਦੇ ਸਕੂਲਾਂ ਵਿਚ ਕਾਫ਼ੀ ਰੋਸ ਹੈ ਅਤੇ ਫੈਸਲਾ ਕੀਤਾ ਗਿਆ ਹੈ ਕਿ ਰਾਸਾ ਦਾ ਕੋਈ ਵੀ ਸਕੂਲ ਬੋਰਡ ਵੱਲੋਂ ਜਾਰੀ ਪ੍ਰੋਫਾਰਮੇ ਨੂੰ ਨਹੀਂ ਭਰੇਗਾ। ਇਸ ਸਬੰਧੀ 21 ਜੁਲਾਈ ਨੂੰ ਐਸੋਸੀਏਸ਼ਨ ਦੀ ਕੈਬਨਿਟ ਮੀਟਿੰਗ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਵਿਚ 4 ਵਜੇ ਸੱਦ ਲਈ ਗਈ ਹੈ, ਜਿਸ ਵਿਚ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰ ਪਹੁੰਚਗੇ ਅਤੇ ਬੋਰਡ ਖਿਲਾਫ ਹੋਣ ਵਾਲੇ ਸੰਘਰਸ਼ ਸਬੰਧੀ ਆਪਣੇ ਵਿਚਾਰ ਦੇਣਗੇ।