ਜਾਂਚ ਪੈਨਲ ਨੇ ਇਤਿਹਾਸ ਦੀ ਪੁਰਾਣੀ ਪੁਸਤਕ ਪੜ੍ਹਾਉਣ ਨੂੰ ਦਿੱਤੀ ਹਰੀ ਝੰਡੀ

Sunday, Jun 10, 2018 - 06:51 AM (IST)

ਚੰਡੀਗੜ੍ਹ (ਭੁੱਲਰ) - ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਛਾਪੀ ਗਈ 12ਵੀਂ ਦੀ ਵਿਵਾਦਤ ਪੁਸਤਕ ਦੀ ਜਾਂਚ ਲਈ ਗਠਿਤ ਕੀਤੇ ਗਏ ਇਤਿਹਾਸਕਾਰਾਂ ਦੇ ਪੈਨਲ ਨੇ ਫਿਲਹਾਲ ਵਿਦਿਆਰਥੀਆਂ ਨੂੰ ਪੁਰਾਣੀ ਪੁਸਤਕ ਪੜ੍ਹਾਉਣ ਨੂੰ ਹੀ ਹਰੀ ਝੰਡੀ ਦਿੱਤੀ ਹੈ। ਜਾਂਚ ਪੈਨਲ ਦੀ ਦੂਜੀ ਬੈਠਕ ਵਿਚ ਮੁੱਢਲੀ ਜਾਂਚ ਦੇ ਆਧਾਰ 'ਤੇ ਇਹ ਫੈਸਲਾ ਲੈਂਦਿਆਂ ਸਰਕਾਰ ਨੂੰ ਸਿਫਾਰਿਸ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਵਿਚ ਅਕਾਲੀ ਦਲ ਤੇ ਹੋਰ ਵਿਰੋਧੀ ਪਾਰਟੀਆਂ ਵੱਲੋਂ 12ਵੀਂ ਦੀ ਇਤਿਹਾਸ ਦੀ ਪੁਸਤਕ ਨੂੰ ਲੈ ਕੇ ਸਰਕਾਰ ਦੀ ਕੀਤੀ ਘੇਰਾਬੰਦੀ ਤੋਂ ਬਾਅਦ ਵਿਵਾਦ ਦੇ ਤੂਲ ਫੜਨ 'ਤੇ ਮੁੱਖ ਮੰਤਰੀ ਵੱਲੋਂ ਇਤਿਹਾਸਕਾਰਾਂ ਦਾ ਜਾਂਚ ਪੈਨਲ ਗਠਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਜਾਂਚ ਪੂਰੀ ਹੋਣ ਦੇ ਕੰਮ ਤੱਕ ਵਿਵਾਦਤ ਪੁਸਤਕ 'ਤੇ ਰੋਕ ਵੀ ਲਾਈ ਗਈ ਸੀ ਪਰ ਪੁਰਾਣੀ ਪੁਸਤਕ ਨੂੰ ਜਾਰੀ ਰੱਖਣ ਦਾ ਫੈਸਲਾ ਪੈਨਲ 'ਤੇ ਹੀ ਛੱਡਿਆ ਗਿਆ ਸੀ।
ਕਾਫ਼ੀ ਗਲਤੀਆਂ ਸਾਹਮਣੇ ਆਈਆਂ
ਜ਼ਿਕਰਯੋਗ ਹੈ ਕਿ ਜਾਂਚ ਪੈਨਲ ਵੱਲੋਂ ਆਪਣਾ ਕੰਮ ਹੀ ਮੁੱਖ ਮੰਤਰੀ ਦੇ ਐਲਾਨ ਤੋਂ 22 ਦਿਨ ਬਾਅਦ ਸ਼ੁਰੂ ਕੀਤਾ ਗਿਆ ਸੀ। ਪਿਛਲੇ ਹਫ਼ਤੇ ਹੋਈ ਪਹਿਲੀ ਬੈਠਕ ਤੋਂ ਬਾਅਦ ਬੀਤੇ ਦਿਨੀਂ ਦੂਜੀ ਬੈਠਕ ਕੀਤੀ ਗਈ ਸੀ। ਇਸ ਜਾਂਚ ਪੈਨਲ ਦੇ ਮੁਖੀ ਉੱਘੇ ਇਤਿਹਾਸਕਾਰ ਡਾ. ਕਿਰਪਾਲ ਸਿੰਘ ਹਨ, ਜਦਕਿ ਉਨ੍ਹਾਂ ਨਾਲ ਡਾ. ਜੇ. ਐੱਸ. ਗਰੇਵਾਲ, ਪ੍ਰਿਥੀਪਾਲ ਸਿੰਘ ਕਪੂਰ, ਪ੍ਰੋ. ਇੰਦੂ ਬੰਗਾ ਤੋਂ ਇਲਾਵਾ ਐੱਸ. ਜੀ. ਪੀ. ਸੀ. ਦੇ 2 ਪ੍ਰਤੀਨਿਧੀ ਵੀ ਜਾਂਚ ਪੈਨਲ 'ਚ ਸ਼ਾਮਲ ਹਨ। ਪਿਛਲੇ ਹਫ਼ਤੇ ਹੋਈ ਪਹਿਲੀ ਮੀਟਿੰਗ ਵਿਚ ਵਿਚਾਰ-ਵਟਾਂਦਰੇ ਤੋਂ ਬਾਅਦ ਮੈਂਬਰਾਂ ਨੂੰ ਵਿਵਾਦਤ ਪੁਸਤਕ ਪੜ੍ਹਨ ਲਈ ਕਿਹਾ ਗਿਆ ਸੀ ਤੇ ਇਕ ਹਫ਼ਤੇ ਤੋਂ ਬਾਅਦ ਮੁੜ ਹੋਈ ਦੂਜੀ ਮੀਟਿੰਗ ਵਿਚ ਪੁਸਤਕ ਦੀ ਸਟੱਡੀ ਤੋਂ ਬਾਅਦ ਇਹੋ ਰਾਏ ਬਣੀ ਹੈ ਕਿ ਇਸ ਵਿਚ ਕਾਫ਼ੀ ਗਲਤੀਆਂ ਹਨ, ਜਿਸ ਕਰ ਕੇ ਇਸ ਨੂੰ ਮੁੜ ਤੋਂ ਛਾਪਿਆ ਜਾਣਾ ਚਾਹੀਦਾ ਹੈ ਪਰ ਪੁਸਤਕ ਮੁੜ ਛਾਪਣ ਵਿਚ ਸਮਾਂ ਲੱਗੇਗਾ, ਜਿਸ ਕਰ ਕੇ ਵਿਦਿਆਰਥੀਆਂ ਦੇ ਹੋ ਰਹੇ ਨੁਕਸਾਨ ਨੂੰ ਦੇਖਦਿਆਂ ਫਿਲਹਾਲ ਪੁਰਾਣੀ ਪੁਸਤਕ ਨੂੰ ਪੜ੍ਹਾਏ ਜਾਣ 'ਤੇ ਸਹਿਮਤੀ ਬਣੀ।
ਹੋਰਨਾਂ ਕਲਾਸਾਂ ਦੀਆਂ ਪੁਸਤਕਾਂ ਦਾ ਵੀ ਹੋਵੇਗਾ ਅਧਿਐਨ
ਮਿਲੀ ਜਾਣਕਾਰੀ ਅਨੁਸਾਰ ਜਾਂਚ ਪੈਨਲ ਵੱਲੋਂ ਹੁਣ ਆਪਣੀ ਅਗਲੀ ਮੀਟਿੰਗ 21 ਜੂਨ ਨੂੰ ਰੱਖੀ ਗਈ ਹੈ, ਜਿਸ ਵਿਚ ਸਬੰਧਤ ਮੈਂਬਰਾਂ ਨੂੰ ਕਿਤਾਬ ਵਿਚਲੀਆਂ ਗਲਤੀਆਂ ਦੀ ਪੂਰੀ ਸੂਚੀ ਤਿਆਰ ਕਰ ਕੇ ਲਿਆਉਣ ਲਈ ਕਿਹਾ ਗਿਆ ਹੈ ਤਾਂ ਜੋ ਵਿਵਾਦਤ ਪੁਸਤਕ 'ਚ ਸੋਧ ਕਰ ਕੇ ਇਸ ਨੂੰ ਨਵੇਂ ਸਿਰਿਓਂ ਛਾਪਣ ਸਬੰਧੀ ਸਰਕਾਰ ਨੂੰ ਸਮੇਂ ਸਿਰ ਸਿਫਾਰਿਸ਼ ਕੀਤੀ ਜਾ ਸਕੇ, ਤਾਂ ਜੋ ਅਗਲੇ ਸੈਸ਼ਨ ਵਿਚ ਇਹ ਪੁਸਤਕ ਆ ਸਕੇ। ਇਹ ਵੀ ਪਤਾ ਲੱਗਾ ਹੈ ਕਿ ਮੀਟਿੰਗ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਛਾਪੀਆਂ ਗਈਆਂ ਇਤਿਹਾਸ ਨਾਲ ਸਬੰਧਤ ਹੋਰ ਪੁਸਤਕਾਂ ਦਾ ਵੀ ਜਾਂਚ ਪੈਨਲ ਦੇ ਮੈਂਬਰਾਂ ਵੱਲੋਂ ਅਧਿਐਨ ਕੀਤਾ ਜਾਵੇਗਾ।


Related News